-: “ਹਰਿ ਬਿਨੁ ਬੈਲ ਬਿਰਾਨੇ ਹੁਈ ਹੈ” ਭਾਗ 2 :-
ਅੱਜ ਕਲ੍ਹ ਦੇ ਕੁਝ ਵਿਦਵਾਨ ਜਿਹੜੇ ਗੁਰਮਤਿ, ਗੁਰਬਾਣੀ ਦੇ ਕੁਝ ਸੰਕਲਪਾਂ ਨੂੰ ਮੰਨਣ ਤੋਂ ਇਨਕਾਰੀ ਹਨ।ਜਿਹੜੇ ਉਪਰੋਂ ਉਪਰੋਂ ਤਾਂ ਰੱਬ ਦੀ ਹੋਂਦ ਮੰਨਣ ਦੀ ਗੱਲ ਕਰਦੇ ਹਨ, ਪਰ ਅਸਲ ਵਿੱਚ ਰੱਬ ਦੀ ਹੋਂਦ ਮੰਨਣ ਤੋਂ ਆਕੀ ਹਨ।ਜਿਹਨਾਂ ਨੂੰ ਲੱਗਦਾ ਹੈ ਕਿ ਸਭ ਕੁਝ ਤਾਂ ਕੁਦਰਤੀ ਨਿਯਮਾਂ ਅਧੀਨ ਹੋਈ ਜਾਂਦਾ ਹੈ।ਇਸ ਵਿੱਚ ਰੱਬ ਦਾ ਕੀ ਕੰਮ? ਆਪਣੀ ਬਣੀ ਸੋਚ ਮੁਤਾਬਕ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰਨ ਵਿੱਚ ਲੱਗੇ ਹੋਏ ਹਨ ਅਤੇ ਗੁਰਬਾਣੀ, ਗੁਰਮਤਿ ਦੇ ਸੰਕਲਪਾਂ ਪ੍ਰਤੀ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ।ਇਹਨਾਂ ਸਭ ਦੀਆਂ ਵਿਆਖਿਆਵਾਂ ਵੱਖ ਵੱਖ ਹੋਣ ਦੇ ਬਾਵਜੂਦ ਇਹ ਸਾਰੇ ਇਕ ਦੂਜੇ ਨਾਲ ਇਸ ਕਰਕੇ ਸਹਿਮਤ ਹਨ, ਕਿ ਇਹ ਸਾਰੇ, ਗੁਰਬਾਣੀ ਦੇ ਆਵਾਗਵਣ ਦੇ ਸੰਕਲਪ ਨੂੰ ਰੱਦ ਕਰਨ ਵਿੱਚ ਆਪੋ ਆਪਣਾ ਯੋਗਦਾਨ ਪਾ ਰਹੇ ਹਨ।
ਪੇਸ਼ ਹੈ ਜਵੱਦੀ, ਲੁਧਿਆਣਾ ਦੇ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਨਾਲ ਜੁੜੇ ਇੱਕ ਪ੍ਰਚਾਰਕ ਸੁਖਵਿੰਦਰ ਸਿੰਘ ਦਦੇਹਰ ਦੀ “ਹਰਿ ਬਿਨੁ ਬੈਲ ਬਿਰਾਨੇ ਹੁਈ ਹੈ” ਸ਼ਬਦ ਦੀ ਕੀਤੀ ਵਿਆਖਿਆ ਅਤੇ ਉਸ ਤੋਂ ਪੈਦਾ ਹੋਏ ਕੁਝ ਸਵਾਲ:-
ਸ਼ਬਦ ਦੀ ਵਿਆਖਿਆ- ‘ਸੁਖਵਿੰਦਰ ਸਿੰਘ ਦਦੇਹਰ’:- “ਜਿਵੇਂ ਮੰਗ ਕੇ ਵੇਗਾਰ ਤੇ ਲਿਆਂਦਾ ਬਲਦ ਰੱਜ ਕੇ ਵਰਤਿਆ ਜਾਂਦਾ ਹੈ, ਲਾਭ ਲਿਆ ਜਾਂਦਾ ਹੈ।ਪਰ ਉਸ ਨੂੰ ਪੱਠੇ ਖਾਣ ਨੂੰ ਨਹੀਂ ਮਿਲਦੇ ਕਿਉਂਕਿ ਉਸਦਾ ਪ੍ਰਯੋਗ ਵੱਧ ਤੋਂ ਵੱਧ ਕਰਨ ਦੀ ਸੋਚ ਨੇ ਉਸ ਨੂੰ ਢਿੱਡ ਭਰਨ ਦਾ ਵਕਤ ਹੀ ਨਹੀਂ ਦੇਣਾ।ਰੱਬ ਤੋਂ ਬਿਨਾਂ ਭਾਵ ਰੱਬੀ ਗੁਣਾਂ ਦੀ ਸਾਂਝ ਨਾ ਕਰਨ ਕਰਕੇ ਬਿਗਾਨੇ ਬੈਲ ਵਰਗਾ ਹੋ ਜਾਵੇਂਗਾ।ਪਰਾਏ ਵੱਸ ਪਏ ਬਲਦ ਦਾ ਪਾਟਾ ਨੱਕ, ਕੰਧਾ (ਧੋਣ) ਟੁਟਾ ਹੋਇਆ ਜਿਆਦਾ ਭਾਰ ਚੁੱਕਣ ਕਰਕੇ ਧੋਣ ਦਾ ਮਾਸ ਪਾਟ ਜਾਂਦਾ ਹੈ ਤੇ ਸੁੱਜ ਜਾਂਦੀ ਹੈ।ਸੁੱਕੇ ਕੱਖਾਂ (ਭੌ) ਨਾਲ ਪੇਟ ਦੀ ਭੁਖ ਮਿਟਾਉਣੀ ਪਏਗੀ।ਰੱਬ ਜੀ ਦੇ ਗੁਣਾਂ ਨਾਲੋਂ ਸਾਂਝ ਟੁਟ ਜਾਵੇ ਤਾਂ ਮਨੁੱਖ ਜਿਉਂਦੇ ਜੀ ਵਿਕਾਰਾਂ ਦੇ ਵੱਸ ਪੈ ਜਾਂਦਾ ਹੈ ਜੋ ਇਸ ਨੂੰ ਪਰਾਏ ਬਲਦ ਦੀ ਤਰ੍ਹਾਂ ਵਾਹੁੰਦੇ ਹਨ।ਦੁਖੀ ਜਿਆਦਾ ਕਰਦੇ ਹਨ ਤੇ ਮਿਲਦਾ ਉਸ ਵਿੱਚੋਂ ਕੁੱਝ ਨਹੀਂ।ਭਾਵ ਲਾਭ ਹੋਣ ਦੀ ਥਾਂ ਖੁਆਰੀ ਪੱਲੇ ਪੈਂਦੀ ਹੈ ਬਲਦ ਦੇ ਭੋ ਖਾਣ ਵਾਂਙੂੰ”।
ਜਿਵੇਂ ਬਲਦ ਦੇ ਚਾਰ ਪੈਰ ਵੀ ਹਨ ਦੋ ਸਿੰਗ ਵੀ ਹਨ ਜੁਬਾਨ ਦਾ ਗੂੰਗਾ ਹੈ ਭਾਵ ਆਪਣਾ ਦੁਖ ਬਿਆਨ ਨਹੀਂ ਕਰ ਸਕਦਾ।ਇਸੇ ਤਰ੍ਹਾਂ ਜਦੋਂ ਪਰਾਏ ਵਸ ਬਲਦ ਵਾਂਗ ਹੋ ਜਾਵੇਂਗਾ ਫ਼ਿਰ ਰੱਬੀ ਗੁਣ ਕਿਵੇਂ ਗਾਵੇਂਗਾ ਕਿਉਂਕਿ ਵਿਕਾਰ, ਬੁਰਾਈਆਂ ਤੈਨੂੰ ਆਪਣੇ ਜੂਲੇ ਥੱਲਿਉਂ ਨਿਕਲਣ ਹੀ ਨਹੀਂ ਦੇਣਗੀਆਂ।ਉਠਦਿਆਂ ਬੈਠਦਿਆਂ ਮਾਰ ਪਏਗੀ।ਇਸ ਮਾਰ ਤੋਂ ਬਚਣ ਲਈ ਸਿਰ ਲੁਕਾਉਣ ਨੂੰ ਥਾਂ ਨਹੀਂ ਮਿਲੇਗੀ।ਇਹ ਹਾਲਤ ਇਸੇ ਸਰੀਰ ਵਿੱਚ ਰਹਿੰਦਿਆਂ ਹੀ ਹੋ ਜਾਏਗੀ ਜੇ ਰੱਬੀ ਗੁਣਾਂ ਦੀ ਸਾਂਝ ਨਾ ਕੀਤੀ ਜਾਏ।
ਸਾਰਾ ਦਿਨ ਜੰਗਲ (ਉਜਾੜ) ਵਿੱਚ ਭਟਕਦਾ ਫ਼ਿਰੇਂਗਾ ਪਰ ਪੇਟ ਕਦੀ ਰੱਜੇਗਾ ਨਹੀਂ, ਜਦੋਂ ਭਗਤ ਸਾਹਿਬਾਨ ਦਾ ਕਹਿਆ ਹੋਇਆ ਨਹੀਂ ਮੰਨਦਾ ਤਾਂ ਇਹ ਫ਼ਿਰ ਤੈਨੂੰ ਆਪਣਾ ਕੀਤਾ ਭੁਗਤਣਾ ਹੀ ਪਏਗਾ।ਭਾਵ ਰੱਬੀ ਗੁਣ, ਗੁਰਬਾਣੀ ਵਾਲਾ ਉਪਦੇਸ਼ ਤੂੰ ਹੁਣ ਨਹੀਂ ਸੁਣਦਾ ਤਾਂ ਇਨਸਾਨੀਅਤ ਮਰ ਜਾਏਗੀ ਪਸ਼ੂ ਸੁਭਾਅ ਆ ਜਾਏਗਾ।ਫ਼ਿਰ ਭਟਕਦਾ ਫ਼ਿਰੀਂ ਜਿੱਥੇ ਤ੍ਰਿਸ਼ਨਾ ਕਦੇ ਖ਼ਤਮ ਨਹੀਂ ਹੋਵੇਗੀ।
ਹੁਣ ਭੈੜੇ ਹਾਲਾਤ ਭਾਵ ਦੁੱਖ ਸੁਖ ਵਾਲੀ ਡਾਵਾਂ ਡੋਲ ਹਾਲਤ ਵਿੱਚ ਦਿਨ ਗੁਜ਼ਾਰੀ ਜਾ ਰਿਹਾ ਹੈਂ ਰਤਨ ਜਨਮ ਭਾਵ ਇਨਸਾਨੀਅਤ ਤੋਂ ਖੁੰਝਕੇ ਅਨੇਕਾਂ ਅਉਗੁਣ ਜੀਵਨ ਵਿੱਚ ਆ ਜਾਣਗੇ।ਜੋ ਪਸ਼ੂਆਂ ਨਾਲ ਮੇਲ ਖਾਂਦੇ ਹਨ।ਇਹ ਗਵਾਚਾ ਸਮਾਂ ਫ਼ਿਰ ਕਦੋਂ ਹਥ ਆਵੇਗਾ ਜਦੋਂ ਇਨਸਾਨੀ ਸੁਭਾਅ ਦੀ ਸੂਝ ਆ ਸਕੇਗੀ।
ਜੂਨਾਂ ਵਿੱਚ ਭਟਕਣਾ ਜੋ ਮਨੁੱਖਾ ਦੇਹੀ ਵਿੱਚ ਰਹਿੰਦਿਆਂ ਹੀ ਭੋਗੀਆਂ ਕਿਉਂਕਿ ਜਿਹੋ ਜਿਹਾ ਸੁਭਾਅ ਹੈ ਸਤਿਗੁਰੂ ਜੀ ਨੇ ਉਹੋ ਜਿਹੀ ਜੂਨ ਨਾਲ ਹੀ ਉਪਮਾ ਦਿੱਤੀ ਹੈ।ਮਨੁਖ ਵਾਲੇ ਗੁਣ ਹੋਣ ਤਾਂ ਮਨੁੱਖ ਹੈ, ਨਹੀਂ ਤਾਂ ਮਨੁੱਖ ਨਹੀਂ, ਪਸ਼ੂ ਹੀ ਮੰਨਿਆ ਜਾ ਸਕਦਾ ਹੈ।ਕਿਉਂਕਿ ਚੱਮ ਹੱਡ ਜਾਂ ਕਿਸੇ ਲਿਬਾਸ ਦਾ ਨਾਂ ਮਨੁੱਖ ਨਹੀਂ ਹੈ”।
ਬੈਲ ਦੇ ਪਰਾਏ ਵੱਸ ਪੈਣ ਵਾਂਗ ਜਦੋਂ ਮਨੁੱਖ ਵਿਕਾਰਾਂ ਦੇ ਵੱਸ ਪੈ ਜਾਂਦਾ ਹੈ ਤਾਂ ਜੀਵਨ-ਭਟਕਣਾ ਵਧਦੀ ਹੈ।ਜਿਵੇਂ ਤੇਲੀ ਦਾ ਬਲਦ ਕੋਹਲੂ ਦੁਆਲੇ ਬਹੁਤ ਗੇੜੇ ਕਢਦਾ ਹੈ ਪੈਂਡਾ ਬਹੁਤ ਕਰਦਾ ਹੈ ਪਰ ਰਹਿੰਦਾ ਉਥੇ ਦਾ ਉਥੇ ਹੀ ਹੈ।ਛੋਲਿਆਂ ਦੀ ਮੁੱਠ ਦੇ ਲਾਲਚ ਵਿੱਚ ਫ਼ਸ ਕੇ ਪਰਾਏ ਵੱਸ ਪੈ ਜਾਂਦਾ ਹੈ ਤੇ ਫ਼ਿਰ ਸਾਰੀ ਉਮਰ ‘ਘਰ ਘਰ ਨੱਚਦਾ ਰਹਿੰਦਾ ਹੈ(?)’।ਐਨ ਇਸੇ ਤਰ੍ਹਾਂ ਮਨੁੱਖ ਪਰਾਏ ਵੱਸ ਪਿਆ ਹੋਇਆ ਸਾਰੀ ਜ਼ਿੰਦਗ਼ੀ ਭਟਕਦਿਆਂ ਕਢ ਦਿੰਦਾ ਹੈ।ਕਬੀਰ ਆਖਦਾ ਹੈ ਰੱਬੀ ਸਿਫ਼ਤ ਸਲਾਹ ਤੋਂ ਬਿਨਾਂ ਆਖਰ ਸਿਰ ਮਾਰ ਮਾਰ ਕੇ ਪਛਤਾਏਂਗਾ”।
ਵਿਚਾਰ:- ਪਹਿਲੀ ਗੱਲ- ਇਸ ਵਿਆਖਿਆ ਤੋਂ ਲੱਗਦਾ ਹੈ ਕਿ, ਸਿੱਖਿਆ ਉਸ ਮਨੁੱਖ ਨੂੰ ਦਿੱਤੀ ਜਾ ਰਹੀ ਹੈ, ਜਿਹੜਾ ਫਿਲਹਾਲ ਮੌਜੂਦਾ ਸਮੇਂ ਵਿਕਾਰਾਂ ਵਿੱਚ ਨਹੀਂ ਪਿਆ।ਅਗਾਊਂ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ, ਜਦੋਂ ਤੂੰ ਵਿਕਾਰਾਂ ਵਿੱਚ ਪੈ ਜਾਏਂਗਾ ਤਾਂ ਤੇਰੇ ਨਾਲ ਕੀ-ਕੀ ਬੀਤੇਗੀ।ਜਾਣੀ ਕਿ ਇਹ ਸਿੱਖਿਆ ਉਸ ਮਨੁੱਖ ਲਈ ਨਹੀਂ ਜੋ ਪਹਿਲਾਂ ਤੋਂ ਹੀ ਵਿਕਾਰਾਂ ਵਿੱਚ ਪਿਆ ਹੋਇਆ ਹੈ।ਬਲਕਿ ‘ਜਦੋਂ ਵਿਕਾਰਾਂ ਵਿੱਚ ਪਏਗਾ ਫੇਰ ਕੀ ਹੋਏਗਾ ਇਹ ਸਮਝਾਇਆ ਗਿਆ ਹੈ”।
ਇਸ ਵਿਆਖਿਆ ਤੋਂ ਉੱਠੇ ਕੁਝ ਸਵਾਲ:-
ਸੁਖਵਿੰਦਰ ਸਿੰਘ ਦਦੇਹਰ:- “ਜਿਵੇਂ ਮੰਗ ਕੇ ਵੇਗਾਰ ਤੇ ਲਿਆਂਦਾ ਬਲਦ ਰੱਜ ਕੇ ਵਰਤਿਆ ਜਾਂਦਾ ਹੈ, ਲਾਭ ਲਿਆ ਜਾਂਦਾ ਹੈ। ਪਰ ਉਸ ਨੂੰ ਪੱਠੇ ਖਾਣ ਨੂੰ ਨਹੀਂ ਮਿਲਦੇ ਕਿਉਂਕਿ ਉਸਦਾ ਪ੍ਰਯੋਗ ਵੱਧ ਤੋਂ ਵੱਧ ਕਰਨ ਦੀ ਸੋਚ ਨੇ ਉਸ ਨੂੰ ਢਿੱਡ ਭਰਨ ਦਾ ਵਕਤ ਹੀ ਨਹੀਂ ਦੇਣਾ।ਰੱਬ ਤੋਂ ਬਿਨਾਂ ਭਾਵ ਰੱਬੀ ਗੁਣਾਂ ਦੀ ਸਾਂਝ ਨਾ ਕਰਨ ਕਰਕੇ ਬਿਗਾਨੇ ਬੈਲ ਵਰਗਾ **ਹੋ ਜਾਵੇਂਗਾ**।
ਸਵਾਲ- ਕੀ ਮੰਗ ਕੇ ਲਿਆਂਦੇ ਬਲਦ ਤੋਂ ਦੋ ਚਾਰ ਦਿਨਾਂ ਵਿੱਚ ਹੀ ਏਨਾਂ ਕੰਮ ਲੈ ਲਿਆ ਜਾਂਦਾ ਹੈ ਕਿ ਉਸ ਦੀ ਧੌਣ ਦਾ ਮਾਸ ਪਾਟ ਜਾਵੇ ਅਤੇ ਧੋਣ ਸੁੱਜ ਜਾਵੇ?
ਕੀ ਕਿਸੇ ਤੋਂ ਮੰਗ ਕੇ ਲਿਆਂਦੇ ਬਲਦ ਨਾਲ ਏਨਾਂ ਧੱਕਾ ਕਰਕੇ ਉਸ ਨੂੰ ਫ਼ੇਰ ਕਦੇ ਦੁਬਾਰਾ ਤੋਂ ਬਲਦ ਜਾਂ ਕੋਈ ਹੋਰ ਚੀਜ ਉਧਾਰੀ ਮੰਗਣ ਦੀ ਲੋੜ ਨਹੀਂ ਪੈ ਸਕਦੀ ਜਿਹੜਾ ਇਕ ਵਾਰੀਂ ਹੀ ਚੀਜ ਮੰਗ ਕੇ ਏਨੀਂ ਜਿਆਦਤੀ ਕਰ ਦੇਵੇ? ਕੀ ਬਲਦ ਦਾ ਮਾਲਕ ਉਸ ਨੂੰ ਪੁੱਛੇਗਾ ਨਹੀਂ ਕਿ ਦੋ ਚਾਰ ਦਿਨਾਂ ਲਈ ਮੰਗਕੇ ਲਏ ਮੇਰੇ ਬਲਦ ਦਾ ਤੂੰ ਇਹ ਹਾਲ ਕਿਉਂ ਕੀਤਾ ਹੈ?
ਸੁਖਵਿੰਦਰ ਸਿੰਘ ਦਦੇਹਰ:- “ਪਰਾਏ ਵੱਸ ਪਏ ਬਲਦ ਦਾ ਪਾਟਾ ਨੱਕ, ਕੰਧਾ (ਧੋਣ) ਟੁਟਾ ਹੋਇਆ …”--“ਉਠਦਿਆਂ ਬੈਠਦਿਆਂ ਮਾਰ ਪਏਗੀ…”
ਸਵਾਲ- “ਕੀ ਕੋਈ ਵਿਅਕਤੀ ਮੰਗ ਕੇ ਲਿਆਂਦੇ ਬਲਦ ਦਾ ਨੱਕ ਵਿੰਨ੍ਹ ਦਿੰਦਾ ਹੈ।ਮਾਲਕ ਦੇ ਘਰ ਪਹਿਲਾਂ ਤੋਂ ਹੀ ਨੱਕ ਨਹੀਂ ਵਿੰਨਿਆ ਹੁੰਦਾ? ਪਹਿਲਾਂ ਹੀ ਨੱਕ’ਚ ਨਕੇਲ ਨਹੀਂ ਪਾਈ ਹੁੰਦੀ?
ਕੀ ਜਦੋਂ ਹਾਲੇ ਮਾਲਕ ਦੇ ਘਰ ਬਲਦ ਹੁੰਦਾ ਹੈ ਤਾਂ ਉਸਦੀ ਧੋਣ ਦਾ ਮਾਸ ਪਾਟਿਆ ਜਾਂ ਸੁੱਜਿਆ ਨਹੀਂ ਹੁੰਦਾ? ਮਾਲਕ ਉਸ ਤੋਂ ਕੰਮ ਲੈਣ ਦੀ ਬਜਾਏ ਉਸਨੂੰ ਪੁਚਾਰਦਾ ਤੇ ਲਾਡ ਕਰਦਾ ਰਹਿੰਦਾ ਹੈ?
ਸੁਖਵਿੰਦਰ ਸਿੰਘ ਦਦੇਹਰ:- “ਜਿਵੇਂ ਮੰਗ ਕੇ ਵੇਗਾਰ ਤੇ ਲਿਆਂਦੇ ਬਲਦ …ਨੂੰ ਪੱਠੇ ਖਾਣ ਨੂੰ ਨਹੀਂ ਮਿਲਦੇ ….ਉਸ ਨੂੰ ਢਿੱਡ ਭਰਨ ਦਾ ਵਕਤ ਹੀ ਨਹੀਂ ਦੇਣਾ।…ਸੁੱਕੇ ਕੱਖਾਂ (ਭੌ) ਨਾਲ ਪੇਟ ਦੀ ਭੁਖ ਮਿਟਾਉਣੀ ਪਏਗੀ।”
ਸਵਾਲ- ਬਲਦ ਜਦੋਂ ਹਾਲੇ ਮਾਲਕ ਦੇ ਹੀ ਘਰ ਹੁੰਦਾ ਹੈ ਤਾਂ ਕੀ ਉਹ ਉਸ ਨੂੰ ਢਿੱਡ ਭਰਕੇ ਬਿਸਕੁਟ ਅਤੇ ਮਾਲ੍ਹ ਪੂੜੇ ਖਵਾਂਦਾ ਹੈ?
ਸੁਖਵਿੰਦਰ ਸਿੰਘ ਦਦੇਹਰ:- “ਜਿਵੇਂ ਬਲਦ ਦੇ ਚਾਰ ਪੈਰ ਵੀ ਹਨ ਦੋ ਸਿੰਗ ਵੀ ਹਨ ਜੁਬਾਨ ਦਾ ਗੂੰਗਾ ਹੈ ਭਾਵ ਆਪਣਾ ਦੁਖ ਬਿਆਨ ਨਹੀਂ ਕਰ ਸਕਦਾ।ਇਸੇ ਤਰ੍ਹਾਂ ਜਦੋਂ ਪਰਾਏ ਵਸ ਬਲਦ ਵਾਂਗ ਹੋ ਜਾਵੇਂਗਾ …”
ਸਵਾਲ:- ਜਦੋਂ ਅਜੇ ਕਿਸੇ ਨੇਂ ਬਲਦ ਉਧਾਰਾ ਮੰਗ ਕੇ ਨਹੀਂ ਲਿਆ ਹੁੰਦਾ ਅਰਥਾਤ ਅਜੇ ਮਾਲਕ ਦੇ ਘਰ ਹੀ ਹੁੰਦਾ ਹੈ, ਤਾਂ ਕੀ ਉਸ ਵਕਤ ਉਸ ਦੇ ਚਾਰ ਪੈਰ ਦੋ ਸਿੰਗ ਨਹੀਂ ਹੁੰਦੇ? ਕੀ ਮਾਲਕ ਦੇ ਘਰ ਹੁੰਦਿਆਂ ਬਲਦ ਦੇ ਜ਼ੁਬਾਨ ਹੁੰਦੀ ਹੈ, ਜਿਸ ਨਾਲ ਉਹ ਬੋਲਕੇ ਆਪਣਾ ਦੁੱਖ ਦੱਸ ਸਕਦਾ ਹੈ? ਚਾਰ ਪੈਰ ਦੋ ਸਿੰਗਾਂ ਦੀ ਮਿਸਾਲ ਦਾ ਕੀ ਮਤਲਬ ਹੋਇਆ?
ਸੁਖਵਿੰਦਰ ਸਿੰਘ ਦਦੇਹਰ:- “ਸਾਰਾ ਦਿਨ ਜੰਗਲ (ਉਜਾੜ) ਵਿੱਚ ਭਟਕਦਾ ਫ਼ਿਰੇਂਗਾ ਪਰ ਪੇਟ ਕਦੀ ਰੱਜੇਗਾ ਨਹੀਂ।
ਸਵਾਲ:- (ਨੋਟ:- ਦੇਖੋ ਇੱਕ ਪਾਸੇ ਕਿਹਾ ਗਿਆ ਹੈ ਕਿ ਬਲਦ ਮੰਗਕੇ ਲਿਆਂਦਾ ਹੋਣ ਕਰਕੇ ਦੋ-ਚਾਰ ਦਿਨਾਂ ਵਿੱਚ ਹੀ ਵਧ ਤੋਂ ਵੱਧ ਕੰਮ ਲੈਣ ਦੇ ਮਕਸਦ ਨਾਲ ਉਸ ਨੂੰ ਢਿੱਡ ਭਰਕੇ ਖਾਣ ਦਾ ਸਮਾਂ ਹੀ ਨਹੀਂ ਦਿੱਤਾ ਜਾਂਦਾ।ਹੁਣ ਇਥੇ ਵਿਆਖਿਆਕਾਰ ਜੀ ਕਹਿ ਰਹੇ ਹਨ, ਸਾਰਾ ਦਿਨ ਉਜਾੜ ਵਿੱਚ ਭਟਕਦਾ ਫਿਰੇਂਗਾ) ਸਵਾਲ ਪੈਦਾ ਹੁੰਦਾ ਹੈ ਕਿ, ਕਦੋਂ ਭਟਕਦਾ ਫਿਰੇਂਗਾ? ਕੀ ਜਿਸ ਨੂੰ ਸਮਝਾਇਆ ਜਾ ਰਿਹਾ ਹੈ, ਉਹ ਹੁਣ ਮੰਗਕੇ ਲਿਆਂਦੇ ਬਲਦ ਵਰਗਾ ਨਹੀਂ ਹੈ ਜਿਹੜਾ (ਕਿਸੇ ਵੇਲੇ) ਭਟਕਦਾ ਫਿਰੇਗਾ? ਮੰਗਕੇ ਲਏ ਬਲਦ ਨੂੰ ਕੋਈ ਸਾਰਾ ਦਿਨ ਜੰਗਲ (ਉਜਾੜ) ਵਿੱਚ ਭਟਕਣ ਲਈ ਛੱਡ ਸਕਦਾ ਹੈ?
ਸੁਖਵਿੰਦਰ ਸਿੰਘ ਦਦੇਹਰ:- “ਜਦੋਂ ਭਗਤ ਸਾਹਿਬਾਨ ਦਾ ਕਹਿਆ ਹੋਇਆ ਨਹੀਂ ਮੰਨਦਾ ਤਾਂ ਇਹ ਫ਼ਿਰ ਤੈਨੂੰ ਆਪਣਾ ਕੀਤਾ ਭੁਗਤਣਾ ਹੀ ਪਏਗਾ।”
ਸਵਾਲ:- ਮਨੁੱਖ ਤਾਂ ਚਲੋ ਮੰਨਿਆ ਭਗਤ ਜਨਾਂ ਦਾ ਕਹਿਆ ਨਾ ਮੰਨਣ ਕਰਕੇ ਅਰਥਾਤ ਰੱਬੀ ਗੁਣ ਨਾ ਅਪਨਾਉਣ ਕਰਕੇ ਆਪਣਾ ਕੀਤਾ ਭੁਗਤੇਗਾ, ਪਰ ਉਧਾਰਾ ਮੰਗ ਕੇ ਲਿਆਂਦਾ ਬਲਦ ਜਿਹੜੇ ਦੁਖ ਹੁਣੇ ਸਹਾਰਦਾ ਹੈ, ਉਹ ਕਿਸ ਗੱਲ ਦਾ ਕੀਤਾ ਭੁਗਤਦਾ ਹੈ?
ਸੁਖਵਿੰਦਰ ਸਿੰਘ ਦਦੇਹਰ:- “ਕਬੀਰ ਆਖਦਾ ਹੈ- ਰੱਬੀ ਸਿਫ਼ਤ ਸਲਾਹ ਤੋਂ ਬਿਨਾਂ ਆਖਰ ਸਿਰ ਮਾਰ ਮਾਰ ਕੇ ਪਛਤਾਏਂਗਾ”।
ਸਵਾਲ- ਸਿਰ ਮਾਰ ਮਾਰ ਕੇ ਕਦੋਂ ਪਛਤਾਏਗਾ?
ਪਛਤਾਵਾ ਇਨਸਾਨ ਨੂੰ ਉਸ ਵਕਤ ਹੁੰਦਾ ਹੈ ਜਦੋਂ ਸਮਝ ਆ ਜਾਵੇ ਕਿ ਉਹ ਗ਼ਲਤ ਰਸਤੇ ਪਿਆ ਹੋਇਆ ਹੈ।ਜੇ ਇਸ ਨੂੰ ਸਮਾਂ ਰਹਿੰਦਿਆਂ ਸਮਝ ਆ ਗਈ ਅਤੇ ਪਛਤਾਵਾ ਕਰਕੇ ਅੱਗੋਂ ਤੋਂ ਰਾਮ ਨਾਮ ਦੇ ਸਿਮਰਨ ਵਿੱਚ ਲੱਗ ਗਿਆ ਤਾਂ ਬਹੁਤ ਚੰਗੀ ਗੱਲ ਹੈ ਉਸ ਹਾਲਤ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ “ਰਤਨ ਜਨਮ ਖੋਇਓ ਪ੍ਰਭੁ ਬਿਸਰਿਓ …”। ਪਰ ਜੇ ਸਾਰੀ ਉਮਰ ਬੀਤ ਜਾਣ ਤਕ ਵੀ ਸਮਝ ਨਾ ਆਈ, ਤਾਂ ਸਿਰ ਮਾਰ ਮਾਰ ਕੇ ਕਦੋਂ ਪਛਤਾਏਗਾ? ਫੇਰ ਤਾਂ ਸੰਸਾਰ ਤੋਂ ਕੂਚ ਹੀ ਕਰ ਜਾਏਗਾ।
ਕਬੀਰ ਜੀ ਪਛਤਾਉਣ ਦਾ ਸਮਾਂ ਕਦੋਂ ਦੱਸ ਰਹੇ ਹਨ? “ਚਾਰ ਪਾਵ ਦੋਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ” ਜਦੋਂ ਤੇਰੇ ਚਾਰ ਪੈਰ ਦੋ ਸਿੰਗ ਹੋਣਗੇ ਅਰਥਾਤ ਜਦੋਂ ਕਿਸੇ ਜਾਨਵਰ ਦੀ ਜੂਨ ਵਿੱਚ ਪਿਆ ਹੋਵੇਂਗਾ ਜਦੋਂ ‘ਗੁੰਗ ਮੁਖ’ ਅਰਥਾਤ ਜਦੋਂ ਸਾਰਾ ਦਿਨ ਖਾਈ ਜਾਣ ਵਾਲਾ ਮੂੰਹ ਤਾਂ ਹੋਵੇਗਾ ਪਰ ਪ੍ਰਭੂ ਦੇ ਗੁਣ ਨਹੀਂ ਗਾ ਸਕੇਂਗਾ।
ਸਵਾਲ:- ਗੁਰੂ ਗ੍ਰੰਥ ਸਾਹਿਬ ਵਿੱਚ ਜੀਵਾਂ ਦੀਆਂ ਜੂਨਾਂ ਦਾ ਜ਼ਿਕਰ ਮਿਸਾਲ ਵਜੋਂ ਹੀ ਕੀਤਾ ਗਿਆ ਹੈ, ਪਰ ਜਿਸ ਅਸਲੀ ਦੁਖੀ ਬਲਦ ਆਦਿ ਦੀ ਜੂਨ ਦੀ ਮਿਸਾਲ ਭਗਤ ਜੀ ਨੇ ਇੱਥੇ ਦਿੱਤੀ ਹੈ, (ਜਿਸ ਤਰ੍ਹਾਂ ਉਠਦਿਆਂ ਬੈਠਦਿਆਂ ਸਿਰ ਵਿੱਚ ਸੋਟੇ ਪੈਂਦੇ ਹਨ, ਖਾਣ ਨੂੰ ਜੌਂ ਦਾ ਭੂਸਾ ਹੀ ਦਿੱਤਾ ਜਾਂਦਾ ਹੈ, ਜਾਨਵਰ ਮੂੰਹ ਨਾਲ ਕਿਸੇ ਨੂੰ ਕੋਈ ਗੱਲ/ਦੁੱਖ ਨਹੀਂ ਸਮਝਾ ਸਕਦਾ, ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦਾ, ਨੱਕ ਵਿੱਚ ਨਕੇਲ ਪਾ ਦਿੱਤੀ ਜਾਂਦੀ ਹੈ, ਮੋਢਿਆਂ ਤੇ ਜੂਲ਼ਾ ਪਾ ਕੇ ਹਲ਼ ਅਗੇ ਜੋਤਿਆ ਜਾਂਦਾ ਹੈ …. ਆਦਿ) ਅਸਲ ਵਿੱਚ ਬਲਦਾਂ ਜਾਂ ਹੋਰ ਜਾਨਵਰਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਦੁੱਖ ਭੋਗਣੇ ਪੈਂਦੇ ਹਨ, ਇਸ ਸਭ ਦਾ ਕੀ ਕਾਰਣ ਹੋ ਸਕਦਾ ਹੈ?
ਆਖਿਰ ਤਾਂ ਹੋਰ ਸਾਰੇ ਜੀਵ ਵੀ ਉਸੇ ਦੀ ਕ੍ਰਿਤ ਹਨ ਜਿਸ ਨੇ ਮਨੁਖ ਪੈਦਾ ਕੀਤਾ ਹੈ? ਫੇਰ ਮਨੁੱਖ ਅਤੇ ਹੋਰ ਜੀਵਾਂ ਦੇ ਪੈਦਾ ਕਰਨ ਵਿੱਚ ਭੇਦ-ਭਾਵ ਕਿਉਂ?
ਸੁਖਵਿੰਦਰ ਸਿੰਘ ਦਦੇਹਰ:- “ਕਬੀਰ ਆਖਦਾ ਹੈ- ਰੱਬੀ ਸਿਫ਼ਤ ਸਲਾਹ ਤੋਂ ਬਿਨਾਂ ਆਖਰ ਸਿਰ ਮਾਰ ਮਾਰ ਕੇ ਪਛਤਾਏਂਗਾ”।
ਵਿਚਾਰ:- ਪੰਗਤੀ ਹੈ- “ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ॥” ਅਰਥਾਤ ਤੇਲੀ (ਕੋਹਲੂ) ਦੇ ਬੈਲ ਦੀ ਤਰ੍ਹਾਂ ਘੁੰਮਦਿਆਂ *ਜੀਵਨ-ਰੂਪੀ ਸਾਰੀ ਰਾਤ* ਗੁਜ਼ਾਰ ਦੇਵੇਂਗਾ।ਜੇ ਜੀਵਨ-ਰੂਪੀ ਸਾਰੀ ਰਾਤ ਅਰਥਾਤ ਸਾਰਾ ਜੀਵਨ ਇਸੇ ਤਰ੍ਹਾਂ ਹੀ ਗੁਜ਼ਾਰ ਦਿੱਤਾ।ਸੁਖਵਿੰਦਰ ਸਿੰਘ ਦਦੇਹਰ ਖੁਦ ਵੀ ਇਹ ਗੱਲ ਕਹਿ ਰਹੇ ਹਨ ਕਿ “ਫ਼ਿਰ ਸਮਾਂ ਕਦੋਂ ਹਥ ਆਵੇਗਾ ਜਦੋਂ ਇਨਸਾਨੀ ਸੁਭਾਅ ਦੀ ਸੂਝ ਆ ਸਕੇ।” ਤਾਂ ਫੇਰ ਇਸੇ ਜਨਮ ਵਿੱਚ ਪਛਤਾਵੇਗਾ ਕਦੋਂ? ਫੇਰ ਤਾਂ ਜੀਵਨ ਹੀ ਸਮਾਪਤ ਹੋ ਜਾਣਾ ਹੈ।
ਸੁਖਵਿੰਦਰ ਸਿੰਘ ਦਦੇਹਰ:- “ਇਹ ਹਾਲਤ ਇਸੇ ਸਰੀਰ ਵਿੱਚ ਰਹਿੰਦਿਆਂ ਹੀ ਹੋ ਜਾਏਗੀ ਜੇ ਰੱਬੀ ਗੁਣਾਂ ਦੀ ਸਾਂਝ ਨਾ ਕੀਤੀ ਜਾਏ”
ਸਵਾਲ- ਜਿਸ ਨੂੰ ਸਮਝਾਇਆ ਜਾ ਰਿਹਾ ਹੈ ਕੀ ਹੁਣ ਇਸੇ ਸਰੀਰ ਵਿੱਚ ਰਹਿੰਦਿਆ, ਉਸ ਦੀ ਇਹ ਹਾਲਤ ਨਹੀਂ ਹੈ, ਜਿਹੜੀ (ਪਤਾ ਨਹੀਂ ਕਦੋਂ) ਹੋ ਜਾਏਗੀ?
ਸੁਖਵਿੰਦਰ ਸਿੰਘ ਦਦੇਹਰ:- “ਜਦੋਂ ਭਗਤ ਸਾਹਿਬਾਨ ਦਾ ਕਹਿਆ ਹੋਇਆ ਨਹੀਂ ਮੰਨਦਾ ਤਾਂ ਇਹ ਫ਼ਿਰ ਤੈਨੂੰ ਆਪਣਾ ਕੀਤਾ ਭੁਗਤਣਾ ਹੀ ਪਏਗਾ।ਗੁਰਬਾਣੀ ਵਾਲਾ ਉਪਦੇਸ਼ ਤੂੰ ਹੁਣ ਨਹੀਂ ਸੁਣਦਾ ਤਾਂ ਇਨਸਾਨੀਅਤ ਮਰ ਜਾਏਗੀ ਪਸ਼ੂ ਸੁਭਾਅ ਆ ਜਾਏਗਾ।”
ਸਵਾਲ:- ਭਗਤ-ਜਨਾਂ ਦਾ ਕਹਿਆ ਹੁਣ ਨਹੀਂ ਮੰਨ ਰਿਹਾ ਤਾਂ ਫਿਰ ਆਪਣਾ ਕੀਤਾ ਕਦੋਂ ਭੁਗਤੇਗਾ? ਗੁਰਬਾਣੀ ਦਾ ਉਪਦੇਸ਼ ਹੁਣ ਨਹੀਂ ਸੁਣਦਾ ਤਾਂ ਇਨਸਾਨੀਅਤ ਕਦੋਂ ਮਰ ਜਾਏਗੀ? ਪਸ਼ੂ ਸੁਭਾਅ ਕਦੋਂ ਆ ਜਾਏਗਾ?
ਜਸਬੀਰ ਸਿੰਘ (ਕੈਲਗਰੀ) 19-01-2016
ਜਸਬੀਰ ਸਿੰਘ ਵਿਰਦੀ
-: “ਹਰਿ ਬਿਨੁ ਬੈਲ ਬਿਰਾਨੇ ਹੁਈ ਹੈ” ਭਾਗ 2 :-
Page Visitors: 2756