ਪੰਜਾਬ ਦੇ ਕਾਤਲਾਂ ਦੇ ਚਿਹਰੇ ਨੰਗੇ ਹੋਏ
ਅਸੀਂ ਨਿਰੰਤਰ ਹੋਕਾ ਦਿੰਦੇ ਆ ਰਹੇ ਹਾਂ ਕਿ ‘ਭਿ੍ਰਸ਼ਟ ਸਿਆਸੀ ਸੱਤਾਧਾਰੀ ਧਿਰ, ਭਿ੍ਰਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ’ ਦੀ ਤਿੱਕੜੀ ‘ਸੋਹਣੇ ਪੰਜਾਬ’ ਦੀ ਤਬਾਹੀ ਦੀ ਜੜ ਹੈ। ਸੱਤਾ ਤੇ ਧਨ ਦੌਲਤ ਦੀ ਅੰਨੀ ਹਵਸ ਨੇ ਸੱਤਾਧਾਰੀ ਧਿਰ ਨੂੰ ਪੂਰੀ ਤਰਾਂ ਅੰਨੀ ਬੋਲੀ ਕਰ ਛੱਡਿਆ ਹੈ। ਜਿਸ ਕਾਰਣ ਉਹ ਪੰਜਾਬ ’ਚੋਂ ਸਿੱਖੀ ਤੇ ਜੁਆਨੀ ਦੇ ਖ਼ਾਤਮੇ ਲਈ ਭਿ੍ਰਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਨਾਲ ਭਾਈਵਾਲੀ ਕਰੀ ਬੈਠੀ ਹੈ। ਪਰ ਕੁਦਰਤ ਦਾ ਨਿਯਮ ਹੈ, ‘‘ਪਾਪਾਂ ਦਾ ਘੜਾ ਆਖ਼ਰ ਭਰਕੇ ਫੁੱਟਣਾ’’ ਹੀ ਹੁੰਦਾ ਹੈ। ਪੰਜਾਬ ਦੀ ਹਾਕਮ ਧਿਰ, ਜਿਹੜੀ ਇਸ ਸਮੇਂ ਬਾਦਲ ਪਰਿਵਾਰ ਤੇ ਉਨਾਂ ਦੇ ਦਰਜਨ ਕੁ ਚਹੇਤਿਆਂ ਤੱਕ ਸੀਮਤ ਹੋਕੇ ਰਹਿ ਗਈ ਹੈ, ਇਸ ਧਿਰ ਨੇ ਸੱਤਾ ਤੇ ਧਨ ਦੌਲਤ ਦੀ ਲਾਲਸਾ ’ਚ ਪੰਜਾਬ ਦੀ ਜੁਆਨੀ ਦੇ ਖ਼ਾਤਮੇ ਲਈ ਪੰਜਾਬ ’ਚ ਨਸ਼ਿਆਂ ਦੀ ਸੁਨਾਮੀ ਨੂੰ ਸੱਦਾ ਦਿੱਤਾ ਅਤੇ ਉਸ ਤੋਂ ਬਾਅਦ ‘‘ਗੁਰੂ ਗ੍ਰੰਥ ਤੇ ਪੰਥ’’ ਦੇ ਖ਼ਾਤਮੇ ਦੀ ਘਿਨਾਉਣੀ ਸਾਜ਼ਿਸ ਵੀ ਘੜ ਲਈ, ਉਹ ਪਾਪ ਦਾ ਅੱਤ ਸੀ ਅਤੇ ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਆਖ਼ਰ ‘‘ਪਾਪ ਦਾ ਘੜਾ ਭਰ ਕੇ ਫੁੱਟਣਾ’’ ਹੁੰਦਾ ਹੈ। ਉਹ ਮੌਕਾ ਮੇਲ ਕੁਦਰਤ ਨੇ ਹੁਣ ਪੈਂਦਾ ਕਰ ਦਿੱਤਾ ਜਾਪਦਾ ਹੈ।
ਫਤਿਹਗੜ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਪਾਵਨ ਪਵਿੱਤਰ ਧਰਤੀਆਂ ਤੇ ਪੰਜਾਬੀਆਂ ਵੱਲੋਂ ਬਾਦਲਾਂ ਨੂੰ ਨਕਾਰ ਦੇਣ ਦਾ ਬਾਗੀ ਫੈਸਲਾ ਲਗਭਗ ਸਪੱਸ਼ਟ ਰੂਪ ’ਚ ਸੁਣਾਇਆ ਹੀ ਜਾ ਚੁੱਕਾ ਹੈ। ਪਰ ਬਾਦਲਕੇ, ਪੰਜਾਬੀਆਂ ਨੂੰ ਵਿਕਾਊ ਤੇ ਬੇਗੈਰਤ ਮੰਨਦੇ ਹਨ, ਇਸ ਲਈ ਉਹ ਅੱਜ ਵੀ ਨਸ਼ੇ ਤੇ ਨੋਟ ਦੀ ਸ਼ਕਤੀ ਸਹਾਰੇ ਪੰਜਾਬੀਆਂ ਨੂੰ ਖਰੀਦ ਲੈਣ ਦੀ ਝਾਕ ਲਾਈ ਬੈਠੇ ਹਨ। ਖੈਰ! ਕੁਦਰਤ ਬੇਹੱਦ ਬਲਵਾਨ ਹੈ, ਉਸਦੀ ਇਸ ਝਾਕ ਦੇ ਖਾਤਮੇ ਦਾ ਮੁੱਢ ੀ ਪੰਜਾਬ ਪੁਲਿਸ ਦੇ ਐਸ. ਪੀ. ਸਲਵਿੰਦਰ ਸਿੰਘ ਰਾਂਹੀ ਬੰਨ ਦਿੱਤਾ ਲੱਗਦਾ ਹੈ। ਪਠਾਨਕੋਟ ਹਮਲੇ ’ਚ ਸਲਵਿੰਦਰ ਸਿੰਘ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ ਆ ਗਈ, ਨਾਲ ਦੀ ਨਾਲ ਉਸੇ ਸ਼ੱਕ ਦੀ ਸੂਈ ਬਾਦਲਾਂ ਦੇ ਉਸ ਇਲਾਕੇ ਦੇ ਖਾਸੋ-ਖ਼ਾਸ ਰਮਾਇਣ ਭਗਤ ਆਗੂ ਤੇ ਵੀ ਜਾ ਟਿੱਕੀ ਹੈ। ਹੁਣ ਜਦੋਂ ਸਲਵਿੰਦਰ ਸਿੰਘ ਨੇ ਤਾਂ ਇਹ ਪ੍ਰਵਾਨ ਕਰ ਲਿਆ ਹੈ ਕਿ ਉਸਦੇ ਨਸ਼ਾ ਮਾਫ਼ੀਆ ਨਾਲ ਡੂੰਘੇ ਸਬੰਧ ਸਨ। ਉਸਨੂੰ ਨਸ਼ਾ ਮਾਫ਼ੀਆਂ ਨਸ਼ੇ ਨੂੰ ਟਿਕਾਣੇ ਤੇ ਪਹੁੰਚਾਉਣ ਲਈ ਧਨ-ਦੌਲਤ, ਹੀਰੇ-ਜਵਾਰਤ ਨਾਲ ਮਾਲੋ-ਮਾਲ ਕਰਦਾ ਰਿਹਾ ਹੈ ਤਾਂ ਭਿ੍ਰਸ਼ਟ ਅਫ਼ਸਰਸ਼ਾਹੀ ਦੀ ਨਸ਼ਾ ਮਾਫ਼ੀਆ ਨਾਲ ਜੋਟੀ ਪੂਰੀ ਤਰਾਂ ਸਾਫ਼ ਹੋ ਗਈ ਹੈ।
ਹੁਣ ਇਸ ਭਿ੍ਰਸ਼ਟ ਪੁਲਿਸ ਅਫ਼ਸਰ ਨੂੰ ਕਿਹੜੇ ਭਿ੍ਰਸ਼ਟ ਸੱਤਾਧਾਰੀ ਆਗੂ ਦੀ ਨੇੜਤਾ ਤੇ ਥਾਪੜਾ ਪ੍ਰਾਪਤ ਸੀ, ਇਹ ਵੀ ਕਿਸੇ ਤੋਂ ਲੁੱਕਿਆ ਹੋਇਆ ਨਹੀਂ। ਜਦੋਂ ਪਹਿਲਾ ਸੁਖਬੀਰ ਬਾਦਲ ਦੇ ਸਭ ਤੋਂ ਨੇੜਲੇ ਰਿਸ਼ਤੇਦਾਰ ਅਤੇ ਹੁਣ ਨੇੜਲੇ, ਵਫ਼ਾਦਾਰ ਆਗੂ ਦੀ ਨਸ਼ਾ ਮਾਫ਼ੀਆ ਤੇ ਉਸਦੇ ਮੱਦਦਗਾਰ ਭਿ੍ਰਸ਼ਟ ਪੁਲਿਸ ਅਫ਼ਸਰ ਨਾਲ ਭਾਈਵਾਲੀ ਜੱਗ-ਜ਼ਾਹਿਰ ਹੋ ਚੁੱਕੀ ਤਾਂ ਸੁਖਬੀਰ ਬਾਦਲ ਨੂੰ ਕਿਵੇਂ ਬਰੀ ਕੀਤਾ ਜਾ ਸਕਦਾ ਹੈ।
ਕੀ ਸੂਬੇ ਦੇ ਉਪ ਮੁੱਖ ਮੰਤਰੀ, ਜਿਸਦੇ ਪਾਸ ਸੂਬੇ ਦਾ ਗ੍ਰਹਿ ਵਿਭਾਗ ਵੀ ਹੈ, ਉਹ ਅੱਖ, ਕੰਨ ਬੰਦ ਕਰੀ ਰੱਖਦਾ ਹੈ? ਸੂਬੇ ਦੇ ਪੁਲਿਸ ਮੁਖੀ ਵੱਲੋਂ ਸਲਵਿੰਦਰ ਸਿੰਘ ਨੂੰ ਦਿੱਤੀ ਗਈ ਕਲੀਨ ਚਿੱਟ ਵੀ ਇਸ ਸ਼ੱਕ ਦੇ ਘੇਰੇ ਨੂੰ ਡੂੰਘਾ ਕਰਦੀ ਹੈ। ਹੁਣ ਜਦੋਂ ਇਹ ਸਾਫ਼ ਹੈ ਕਿ ਪਠਾਨਕੋਟ ਕਾਂਡ ਦੇ ਨਾਲ-ਨਾਲ ਦੀਨਾਨਗਰ ਕਾਂਡ ਦਾ ਸੱਚ ਅਤੇ ਨਸ਼ਾ ਮਾਫ਼ੀਆ ਨਾਲ ਭਿ੍ਰਸ਼ਟ ਸਿਆਸੀ ਆਗੂ ਤੇ ਭਿ੍ਰਸ਼ਟ ਅਫ਼ਸਰਸ਼ਾਹੀ ਦਾ ਨਕਾਬ ਪੂਰੀ ਤਰਾਂ ਲਹਿ ਜਾਣਾ ਹੈ ਅਤੇ ਸੱਚ ਨੰਗਾ ਹੋ ਜਾਣਾ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੀ ਸੱਤਾ ਧਿਰ ਜਿਸਨੂੰ ਪੰਜਾਬ ਦੇ ਲੋਕ ਪਹਿਲਾ ਹੀ ਨਕਾਰੀ ਬੈਠੇ ਹਨ, ਕਿਸੇ ਨੂੰ ਮੂੰਹ ਵਿਖਾਉਣ ਯੋਗੀ ਵੀ ਨਹੀਂ ਰਹਿ ਜਾਣੀ? ਪੰਜਾਬ ’ਚ ਨਸ਼ਿਆਂ ਰਾਂਹੀ ਜੁਆਨੀ ਦੀ ਹੋਈ ਤਬਾਹੀ ਅਤੇ ਪਿਛਲੇ 9 ਵਰਿਆਂ ’ਚ ਨਸ਼ਿਆਂ ਕਾਰਣ ਹੋਈਆਂ 16964 ਮੌਤਾਂ ਦਾ ਜੁੰਮੇਵਾਰ, ਇਨਾਂ ਮੌਤ ਦੇ ਸੌਦਾਗਰਾਂ ਨੂੰ ਗਰਦਾਨਿਆ ਜਾਵੇਗਾ।
ਅਸੀਂ ਪੰਜਾਬ ਦੇ ਲੋਕਾਂ ਤੇ ਖ਼ਾਸ ਕਰਕੇ ਸਿੱਖ ਕੌਮ ਨੂੰ ਇਕ ਵਾਰ ਇਹ ਹੋਕਾ ਦੇ ਕੇ ਜ਼ਰੂਰ ਜਗਾਉਣਾ ਚਾਹੁੰਦੇ ਹਾਂ ਕਿ ਤੁਸੀਂ ਹੁਣ ਗਫ਼ਲਤ ਦੀ ਨੀਂਦ ਤਿਆਗ ਦੇਵੋ। ਆਪਣੀ ਇਸ ਆਦਤ ਨੂੰ ਹੁਣ ਤਿਆਗ ਦੇਵੋ ਕਿ ਜਦੋਂ ਤਬਾਹੀ ਦੀ ਅੱਗ ਨਾਲ ਸਰੀਰ ਲੂੰਹ ਹੁੰਦਾ, ਸਿਰਫ ਉਸ ਵੇਲੇ ਹੀ ‘‘ਚੀਖ਼-ਚਿਹਾੜਾ’’ ਪਾਉਣਾ ਹੁੰਦਾ, ਫ਼ਿਰ ਸਭ ਕੁਝ ਭੁਲ-ਭੁਲਾ ਜਾਣਾ ਹੁੰਦਾ ਹੈ। ਅੱਗ ਲਾਉਣ ਵਾਲਿਆਂ ਤੱਕ ਦਾ ਚੇਤਾ ਵਿਸਾਰ ਦੇਣਾ ਹੁੰਦਾ ਹੈ। ਪੰਜਾਬ ਧਾਰਮਿਕ, ਆਰਥਿਕ, ਸਮਾਜਿਕ ਸਿਹਤ, ਸਿਖਿਆ, ਸੱਭਿਆਚਾਰਕ ਤੇ ਨੈਤਿਕ ਪੱਖੋਂ ਤਬਾਹ ਵੀ ਹੋ ਚੁੱਕਾ ਹੈ ਤੇ ਕੰਗਾਲ ਵੀ ਹੋ ਚੁੱਕਾ ਹੈ ਤੇ ਕੰਗਾਲ ਵੀ ਹੋ ਚੁੱਕਾ ਹੈ। ਜੇ ਅਸੀਂ ਆਪਣੇ ‘ਪੰਜਾਬ’ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਜਾਗ ਕੇ, ਸੁਚੇਤ ਹੋ ਕੇ, ਪੰਜਾਬ ਨੂੰ ਪੰਜਾਬ ਦੇ ਦੁਸ਼ਮਣਾਂ ਦੇ ਪੰਜੇ ਤੋਂ ਅਜ਼ਾਦ ਕਰਵਾਉਣ ਦਾ ਸੰਘਰਸ਼ ਖ਼ੁਦ ਲੜਨਾ ਪਵੇਗਾ। ਸਮੇਂ ਦੇ ਹਾਕਮ, ਚਾਹੇ ਉਹ ਕੇਂਦਰ ਦੇ ਹਨ, ਚਾਹੇ ਉਹ ਸੂਬੇ ਦੇ ਹਨ, ਦੋਵੇਂ ਹੀ ਪੰਜਾਬ ਦੇ ਦੁਸ਼ਮਣ ਹਨ, ਇਸ ਲਈ ਉਹ ਇਕ ਦੂਜੇ ਦੇ ਬਚਾਅ ਲਈ ਸੱਚ ਨੂੰ ਫਾਂਸੀ ਵੀ ਦੇ ਸਕਦੇ ਹਨ। ਪ੍ਰੰਤੂ ਜੇ ਪੰਜਾਬ ਦੀ ਜਨਤਾ ਜਾਗ ਪਵੇਗੀ, ਸੱਚ ਤੇ ਪਹਿਰਾ ਸ਼ੁਰੂ ਕਰ ਦੇਵੇਗੀ, ਫ਼ਿਰ ਪੰਜਾਬ ਦੀ ਤਬਾਹੀ ਦੇ ਦੁਸ਼ਟ ਸਾਜ਼ਿਸ ਕਰਤਿਆਂ ਨੂੰ ਦੁਨੀਆ ਦੀ ਕੋਈ ਤਾਕਤ ਬਚਾਅ ਨਹੀਂ ਸਕੇਗੀ। ਇਹ ਸਾਡਾ ਭਰੋਸਾ ਵੀ ਹੈ ਅਤੇ ਦਾਅਵਾ ਵੀ ਹੈ।
ਜਸਪਾਲ ਸਿੰਘ ਹੇਰਾਂ
ਜਸਪਾਲ ਸਿੰਘ ਹੇਰਾਂ
ਪੰਜਾਬ ਦੇ ਕਾਤਲਾਂ ਦੇ ਚਿਹਰੇ ਨੰਗੇ ਹੋਏ
Page Visitors: 2850