ਗਰਜਾਂ ਤੇ ਮਰਜਾਂ ਦੀ ਭਗਤੀ ਦੇ ਦੌਰ ’ਚ..................
ਸੰਸਾਰ ਵਿੱਚ ਭਗਤੀ ,ਸਾਧੂ ਸੰਤਾਂ ਤੇ ਚਮਤਕਾਰਾਂ ਵਾਲੇ ਦੇਸ਼ ਵਜੋਂ ਪ੍ਰਸਿੱਧ ਸਾਡਾ ਦੇਸ਼ ਅੱਜ ਲੁੱਟਾਂ ਖੋਹਾਂ , ਬਲਾਤਕਾਰਾਂ ਤੇ ਘਪਲੇਬਾਜਾਂ ਦੇ ਦੇਸ਼ ਵਜੋਂ ਵੀ ਪ੍ਰਸਿੱਧ ਹੈ । ਸਾਡੇ ਦੇਸ਼ ਦੀ ਆਪਾ ਵਿਰੋਧੀ ਇਹ ਦਿੱਖ ਲਈ ਕਿਤੇ ਨਾ ਕਿਤੇ ਸਾਡਾ ਦੋਹਰਾ ਕਿਰਦਾਰ ਜਿੰਮੇਵਾਰ ਹੈ । ਭੌਤਿਕਤਾ ਦੀ ਦੌੜ ਨੇ ਨੈਤਿਕਤਾ ਨੂੰ ਪਿਛਾਂਹ ਛੱਡ ਦਿੱਤਾ ਹੈ । ਧਰਮ ਦੀ ਥਾਂ ਤੇ ਸਵਾਰਥ ਅਤੇ ਭਰਮ ਭਾਰੂ ਹਨ ਅਤੇ ਧਰਮ ਦੀ ਮੂਲ ਭਾਵਨਾ ਨੂੰ ਭੁੱਲ ਕੇ ਸਾਡਾ ਸਮਾਜ ਜਾਂ ਤਾਂ ਗਰਜਾਂ ਦੀ ਭਗਤੀ ਕਰ ਰਿਹਾ ਹੈ ਤੇ ਜਾਂ ਫਿਰ ਮਰਜਾਂ ਦੀ । ਫਰਜਾਂ ਦੀ ਭਗਤੀ ਜਿਵੇਂ ਵਿਸਰ ਹੀ ਚੁੱਕਿਆ ਹੈ । ਗਰਜਾਂ ਦੀ ਭਗਤੀ ਤੋਂ ਭਾਵ ਕਿ ਆਪਣੇ ਸੁੱਖਾਂ ਲਈ ਇਨਸਾਨ ਪ੍ਰਮਾਤਮਾਂ ਨੂੰ ਯਾਦ ਕਰਦਾ ਹੈ , ਉਹਦੇ ਬੂਹੇ ਜਾਂਦਾ ਹੈ ਤੇ ਲੱਗਭੱਗ ਮੰਗਾਂ ਸੁਣਾ ਕੇ ਬੇਨਤੀ ਕਰ ਆਉਂਦਾ ਹੈ ਕਿ ਕਿਰਪਾ ਕਰਕੇ ਉਹਦੀਆਂ ਰਹਿੰਦੀਆਂ ਇਹ ਤੋਟਾਂ ਦੂਰ ਕਰ ਦਿੱਤੀਆਂ ਜਾਣ ਤੇ ਮਰਜਾਂ ਦੀ ਭਗਤੀ ਪਿੱਛੇ ਵੀ ਛੁਪੀ ਭਾਵਨਾ ਕੁੱਝ ਇਸੇ ਤਰ੍ਹਾਂ ਦੀ ਹੀ ਹੁੰਦੀ ਹੈ । ਜਦੋਂ ਕੋਈ ਮਨੁੱਖ ਬੀਮਾਰ ਹੋ ਜਾਵੇ ਖਾਸ ਕਰਕੇ ਉਦੋਂ ਜਦੋਂ ਬੁਢਾਪੇ ਦਾ ਅੰਤਹੀਨ ਸਫਰ ਸੁਰੂ ਹੁੰਦਾ ਹੈ, ਉਸਨੂੰ ਰੱਬ ਯਾਦ ਆਉਂਦਾ ਹੈ ,ਰੱਬ ਦੇ ਦੁਆਰੇ ਪਹੁੰਚ ਕੇ ਫਿਰ ਉਹ ਬੇਨਤੀਆਂ ਕਰਦਾ ਹੈ ਕਿ ਕਿਸੇ ਤਰ੍ਹਾਂ ਉਹ ਆਪਣਾ ਇਹ ਸਮਾਂ ਸੌਖਾ ਲੰਘਾਂ ਲਵੇ, ਬੀਮਾਰੀਆਂ ਤੋਂ ਬਚਿਆ ਰਵੇ ।
ਗਰਜਾਂ ਤੇ ਮਰਜਾਂ ਦੀ ਇਸ ਭਗਤੀ ਨੂੰ ਬ੍ਰਹਮਗਿਆਨੀ ਸੰਤਾਂ ਮਹਾਂਪਰਸ਼ਾਂ ਨੇ ਨਕਾਰਦਿਆਂ ਫਰਜਾਂ ਦੀ ਭਗਤੀ ਦੀ ਪ੍ਰੇਰਨਾ ਦਿੱਤੀ , ਫਰਜ ਬ੍ਰਹਿਮੰਡ ਦੇ ਉਸ ਇੱਕੋ ਇੱਕ ਕਰਤਾ ਨੂੰ ਯਾਦ ਰੱਖਣ ਦਾ ਜਿਸਨੇ ਮਨੁੱਖ ਨੂੰ ਸ਼ਰੀਰ ਤੋਂ ਲੈ ਕੇ ਸੋਝੀ ਤੱਕ ਸਭ ਕੁੱਝ ਦਿੱਤਾ । ਅਸੀਂ ਆਪਣੇ ਘਰਾਂ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਸਮਾਜ ਵਿੱਚ ਰਹਿਣ ਦੇ ਸੰਸਕਾਰ ਸਿਖਾਉਂਦਿਆਂ ਇਸ ਗੱਲ ਲਈ ਬੜੇ ਚਿੰਤਤ ਰਹਿੰਦੇ ਹਾਂ ਕਿ ਮਤਾਂ ਸਮਾਜ ਅਤੇ ਰਿਸ਼ਤੇਦਾਰਾਂ ਵਿੱਚ ਵਰਤਣ ਵੇਲੇ ਬੱਚੇ ਦੇ ਕਾਰਨ ਪ੍ਰਭਾਵ ਗਲਤ ਹੀ ਨਾ ਪੈ ਜਾਵੇ ਜਾਂ ਬਣੀ ਹੋਈ ਠੁੱਕ ਕਿਤੇ ਘੱਟ ਨਾ ਜਾਵੇ । ਬੱਚੇ ਨੂੰ ਕਿਹਾ ਜਾਂਦਾ ਹੈ ਕਿ ਬੇਟਾ ਛੋਟੀ ਤੋਂ ਛੋਟੀ ਕੋਈ ਚੀਜ਼ ਦੇਵੇ ਤਾਂ ਤੁਸੀਂ ਥੈਂਕਯੂ ਜਰੂਰ ਕਹਿਣਾ ਹੈ ਤੇ ਫੇਰ ਇਹ ਸਭ ਕੁੱਝ ਅਮਲ ਵਿੱਚ ਆਉਂਦਾ ਹੈ ਤਾਂ ਬੱਚਾ ਭਾਵੇਂ ਆਪਣੇ ਪਿਤਾ ਕੋਲੋਂ ਵੀ ਇੱਕ ਰੁਪਈਆ ਲਵੇ ਤਾਂ ਉਹ ਥੈਂਕਯੂ ਕਹਿਣਾ ਨਹੀਂ ਭੁੱਲਦਾ ਪਰ ਉਸ ‘ਥੈਂਕਯੂ’ ਨੂੰ ਯਾਦ ਕਰਦਿਆਂ ਸਾਨੂੰ ਜਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਕੀ ਅਸੀਂ ਉਸ ਅਕਾਲ ਪੁਰਖ , ਪ੍ਰਮਾਤਮਾਂ , ਖੁਦਾ ਦਾ ਧੰਨਵਾਦ ਕਿੰਨੀ ਕੁ ਵਾਰ ਕਰਦੇ ਹਾਂ ਜਿਸ ਨੇ ਸਾਨੂੰ ਸਭ ਕੁੱਝ ਦਿੱਤਾ ਹੈ ।
ਧਾਰਮਿਕ ਸਥਾਨਾਂ ਤੋਂ ਪ੍ਰਵਚਨ ਕਰਦਿਆਂ ਅਕਸਰ ਇਹ ਕਿਹਾ ਜਾਂਦਾ ਰਹਿੰਦਾ ਹੈ ਕਿ ਹੇ ਮਨੁੱਖ ! ਮਾੜੀਆਂ ਅਲਾਮਤਾਂ ਛੱਡ , ਨਸ਼ੇ ਛੱਡ ਇਹ ਤੇਰੀ ਬਰਬਾਦੀ ਦਾ ਕਾਰਨ ਬਣਨਗੀਆਂ ਪਰ ਇਸ ਸਿੱਖਿਆ ਨੂੰ ਜਿਆਦਾਤਰ ਲੋਕ ਰਸਮੀ ਜਿਹਾ ਸਮਝ ਕੇ ਅਮਲ ਵਿੱਚ ਨਹੀਂ ਲਿਆਉਂਦੇ ਪਰ ਇਹੀ ਗੱਲ ਜਦੋਂ ਕੋਈ ਕੋਈ ਡਾਕਟਰ ਜਾਂ ਫਿਰ ਕੋਈ ਛੋਟਾ ਮੋਟਾ ਹਕੀਮ ਵੀ ਕਹਿ ਦੇਵੇ ਤਾਂ ਮਨੁੱਖ ਨਾ ਛੱਡਣਯੋਗ ਹਾਲਾਤ ਵਿੱਚ ਵੀ ਇਹਨਾਂ ਚੀਜਾਂ ਨੂੰ ਛੱਡ ਦਿੰਦਾ ਹੈ । ਇੱਥੇ ਵੀ ਸਵਾਰਥ ਹੁੰਦਾ ਹੈ ਆਪਣੀ ਸਿਹਤ ਦਾ ,ਆਪਣੀ ਜਿੰਦਗੀ ਦਾ । ਕਿੳਂਕਿ ਗੱਲ ਭਗਤੀ , ਅਧਿਆਤਕ ਅਤੇ ਧਰਮ ਦੀ ਮੂਲ ਭਾਵਨਾ ਤੋਂ ਦੂਰ ਹੋ ਚੁੱਕੇ ਸਮਾਜ ਦੀ ਮਰਜਾਂ ਤੇ ਗਰਜਾਂ ਦੀ ਭਗਤੀ ਦੇ ਮੱਦੇਨਜ਼ਰ ਪੈਦਾ ਹੋਏ ਅਜੋਕੇ ਹਾਲਾਤਾਂ ਦੀ ਚੱਲ ਰਹੀ ਹੈ ਤਾਂ ਜਰੂਰੀ ਹੈ ਕਿ ਸਮਾਜ ਨੂੰ ਹਲੂਣਾ ਦਿੱਤਾ ਜਾਵੇ ਕਿ ਰੱਬ ਸਿਰਫ ਲੋੜਾਂ ਪੂਰੀਆਂ ਕਰਨ ਵਾਲਾ ਹੀ ਨਹੀਂ ਉਸ ਪ੍ਰਤੀ ਕੁੱਝ ਫਰਜ਼ ਵੀ ਬਣਦੇ ਹਨ, ਉਹ ਫਰਜ਼ ਨਿੱਜ ਤੋਂ ਉੱਪਰ ਉੱਠ ਕੇ ਕਾਮਨਾਮਾਂ ਨੂੰ ਦਮਨ ਕਰਕੇ ਨਿਸਵਾਰਥ ਨਿਭਾਏ ਜਾ ਸਕਦੇ ਹਨ । ਫਰਜ਼ਾਂ ਦੀ ਭਗਤੀ ਦੀ ਮਿਸਾਲ ਸਿੱਖ ਧਰਮ ਵਿੱਚ ਬਾਖੂਬੀ ਅਮਲੀ ਰੂਪ ਵਿੱਚ ਦੇਖੀ ਜਾ ਸਕਦੀ ਹੈ ਤੇ ਸ਼ਾਇਦ ਇਹ ਅਨੁਭਵ ਇਤਿਹਾਸ ਵਿੱਚੋਂ ਸਭ ਤੋਂ ਨੇੜੇ ਦਾ ਉਪਲਬਧ ਪ੍ਰਮਾਣਿਤ ਅਨੁਭਵ ਹਨ । ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਸਾਹਿਬਾਨ ਨੇ ਧਰਮ ਦੀ ਮੂਲ ਭਾਵਨਾਂ ਨੂੰ ਸਥਾਪਿਤ ਕਰਨ ਮਨੁੱਖਤਾ ਦੇ ਬੋਲਬਾਲੇ ਲਈ ਤਿਆਗ ਅਤੇ ਕੁਰਬਾਨੀਆਂ ਦਾ ਅਜਿਹਾ ਇਤਿਹਾਸ ਰਚਿਆ ਂਜੋ ਅੱਜ ਸੰਸਾਰ ਵਿੱਚ ਇੱਕ ਮਿੱਥ ਬਣ ਚੁੱਕਿਆ ਹੈ । ਗੁਰੂ ਸਾਹਿਬਾਨ ਉਪਰੰਤ ਗੁਰੂ ਦੇ ਸਿੱਖਾਂ ਨੂੰ ਵੀ ਗੁਰੂ ਬਚਨ ਨਿਭਾਉਂਦਿਆਂ ਸਿੱਖ ਦੇ ਕਿਰਦਾਰ ਨੂੰ ਪ੍ਰਮਾਨਿਤ ਕਰਦਿਆਂ ਸ਼ਹਾਦਤਾਂ ਦਾ ਉਹ ਦੌਰ ਇਤਿਹਾਸ ਵਿੱਚ ਲਿਖਵਾਇਆ ਜਿਸ ਦੀ ਕਲਪਨਾ ਵੀ ਸੰਸਾਰ ਨੇ ਨਹੀਂ ਸੀ ਕੀਤੀ ਅੱਜ ਜਰੂਰਤ ਹੈ ਇਸ ਇਤਿਹਾਸ ਤੋਂ ਫਰਜਾਂ ਦੀ ਭਗਤੀ ਦੀ ਪ੍ਰੇਰਨਾਂ ਲਈ ਜਾਵੇ ਗਰਜਾਂ ਅਤੇ ਫਰਜਾਂ ਦੀ ਭਗਤੀ ਤੋਂ ਉਪਰ ਉੱਠਿਆ ਜਾਵੇ ਤਾਂ ਸੰਸਾਰ ਵਿੱਚ ਕੁੱਝ ਸਾਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਸਕਣਗੇ ।
ਤਰਸੇਮ ਬਸ਼ਰ
ਤਰਸੇਮ ਬਸ਼ਰ
ਗਰਜਾਂ ਤੇ ਮਰਜਾਂ ਦੀ ਭਗਤੀ ਦੇ ਦੌਰ ’ਚ.........
Page Visitors: 2880