ਆਪਣੇ ਧਰਮ ਦਾ ਮੂਲ ਬਚਾਉ ਸਿੱਖੋ! ਜਾਗੋ (ਭਾਗ ੧)
ਮੈਂ ਹਰ ਸਿੱਖ ਨੂੰ ਸਾਕਾ ਚਮਕੌਰ ਅਤੇ ਸਾਕਾ ਸਰਹੰਦ ਦਾ ਵਾਸਤਾ ਦੇ ਕੇ
ਇਹ ਲੇਖ ਪੜ੍ਹਨ ਅਤੇ ਸਮਝਣ ਵਾਸਤੇ ਪਾਬੰਦ ਕਰਦੀ ਹਾਂ
ਵੇਖੋ! ਕਿਵੇਂ ਹੋਇਆ ਵੇਈਂ ਦਾ ਭਗਵਾਕਰਨ!
ਪੰਥਕ ਧਿਰਾਂ ਖਾਮੋਸ਼ ਕਿਉਂ?
10 ਨਵੰਬਰ ਨੂੰ ਸਰਬੱਤ ਖ਼ਾਲਸਾ ਦੇ ਨਾਂ 'ਤੇ ਕੀਤੇ ਗਏ ਪੰਥਕ ਇਕੱਠ ਦਾ ਲੇਖਾ-ਜੋਖਾ
ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਮੂਹ ਬੰਦੀ ਸਿੰਘਾਂ ਅਤੇ ਪੰਥ ਦਰਦੀਆਂ ਦੇ ਧਿਆਨ-ਹਿੱਤ...
ਬਾਦਲਾਂ, ਮਾਨਾਂ, ਮੋਹਕਮਾਂ ਸੰਪ੍ਰਦਾਵਾਂ ਅਤੇ ਡੇਰਿਆਂ ਤੋਂ ਪੰਥ ਸੁਚੇਤ ਹੋਵੇ
- ਸੁਰਿੰਦਰ ਕੌਰ ਨਿਹਾਲ
1. 10 ਨਵੰਬਰ ਦੇ ਇਕੱਠ ਤੋਂ ਪਹਿਲਾਂ ਪੰਥਕ ਇਕੱਠ ਦਾ ਦਬਾਅ ਦਿਨੋ-ਦਿਨ ਵਧਦਾ ਜਾ ਰਿਹਾ ਸੀ| ਜਿਸਦੇ ਫਲਸਰੂਪ ਸਰਕਾਰੀ ਧਿਰ ਦੇ ਜੱਥੇਦਾਰਾਂ ਨੂੰ ਸਿਰਸੇ ਸਾਧ ਨੂੰ ਦਿੱਤਾ ਗਿਆ ਮੁਆਫੀਨਾਮਾ ਵਾਪਸ ਲੈਣਾ ਪਿਆ| ਪੰਥਕ ਏਕਤਾ ਦੇ ਦਬਾਅ ਹੇਠ ਸੁਮੇਧ ਸੈਣੀ ਦੀ ਕੁਰਸੀ ਬਦਲੀ ਹੋਈ| ਇਸੇ ਹੀ ਕੌਮੀ ਏਕਤਾ ਦੇ ਦਬਾਅ ਹੇਠ ਸ. ਰੁਪਿੰਦਰ ਸਿੰਘ ਅਤੇ ਸ. ਜਸਵਿੰਦਰ ਸਿੰਘ ਦੀ ਰਿਹਾਈ ਹੋਈ| ਇਸ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਮੈਦਾਨ ਵਿੱਚ ਆ ਜਾਣ ਨਾਲ ਅਜਿਹਾ ਠੁੱਕ ਬਣ ਗਿਆ ਸੀ ਕਿ ਨੇੜੇ ਭਵਿੱਖ ਵਿੱਚ ਨਾ ਤਾਂ ਕੋਈ ਜੱਥੇਦਾਰ ਹੀ ਪੰਥ ਦੀ ਮਰਜ਼ੀ ਦੇ ਉਲਟ ਗੈਰ ਸਿਧਾਂਤਕ ਫੈਸਲੇ ਲੈਣ ਦੀ ਜੁਰੱਅਤ ਕਰਨ ਜੋਗਾ ਰਹਿ ਗਿਆ ਸੀ ਅਤੇ ਨਾ ਹੀ ਸਰਕਾਰ, ਪਰ ਪ੍ਰਾਪਤੀਆਂ ਵੱਲ ਵੱਧ ਰਹੇ ਪੰਥ ਦਾ ਰਾਹ ਇਸ ਵਾਰ ਫਿਰ ਮਾਨਾਂ ਅਤੇ ਮੋਹਕਮਾਂ ਨੇ ਰੋਕ ਲਿਆ ਹੈ|
2. ਪੈਸੇ ਦੇ ਜ਼ੋਰ ਨਾਲ 10 ਨਵੰਬਰ ਦੇ ਪ੍ਰੋਗਰਾਮ ਦਾ ਗੁੱਡਾ ਬਣਾ ਕੇ ਅਸਮਾਨ ਤੇ ਉਡਾਇਆ ਜਾ ਰਿਹਾ ਹੈ| ਇਸ ਵੱਡੇ ਸ਼ੋਰ ਪ੍ਰਦੂਸ਼ਣ ਵਿੱਚ ਕੌਮ ਦਾ ਭਵਿੱਖ ਹੋਰ ਵੀ ਖਤਰਿਆਂ ਵਿੱਚ ਘਿਰ ਗਿਆ ਹੈ| ਅਖੌਤੀ ਹੀ ਨਹੀਂ ਬਲਕਿ ਪੰਥ ਵੱਲੋਂ ਦਹਾਕਿਆਂ ਪਹਿਲੇ ਨਕਾਰੇ ਜਾ ਚੁੱਕੇ ਆਪੇ ਬਣੇ ਆਗੂਆਂ ਵੱਲੋ 10 ਨਵੰਬਰ ਵਾਲੀ ਕਾਰਵਾਈ ਜਿੱਥੇ ਮੌਕਾਪ੍ਰਸਤੀ ਦੀ ਖੇਡ ਤੋਂ ਵੀ ਕਿਤੇ ਵੱਧ ਕੇ ਸਿੱਖ ਕੌਮ ਨਾਲ ਕੀਤਾ ਗਿਆ ਧ੍ਰੋਹ ਹੈ| ਉੱਥੇ ਇੱਕ ਸੰਪਰਦਾਈ ਅਖਬਾਰ ਵੱਲੋਂ ਬਿਨਾਂ ਕੌਮੀ ਨਫੇ-ਨੁਕਸਾਨ ਦੀ ਸਮੀਖਿਆ ਕੀਤਿਆਂ ਪਾਇਆ ਜਾ ਰਿਹਾ ਸ਼ੋਰ ਵੀ ਧਾਰਮਿਕ ਅਤੇ ਰਾਜਨੀਤਕ ਪਿੜ ਵਿੱਚੋਂ ਧੋਖੇ ਨਾਲ ਹਾਸ਼ੀਏ ਤੇ ਧੱਕ ਦਿੱਤੀ ਗਈ ਕੌਮ ਨਾਲ ਬੜੀ ਹੀ ਸਫਾਈ ਅਤੇ ਚਤੁਰਾਈ ਨਾਲ ਕੀਤੀ ਜਾ ਰਹੀ ਗਦਾਰੀ ਹੈ| ਸਿੱਖ ਕੌਮ ਇਸ ਸ਼ੋਰ ਪ੍ਰਦੂਸ਼ਣ ਤੋਂ ਖ਼ਬਰਦਾਰ ਹੋਵੇ| ਕੌਮੀ ਆਗੂ ਉਹ ਹੁੰਦਾ ਹੈ ਜੋ ਆਪਣੇ ਨਿੱਜ ਤੋਂ ਉੱਪਰ ਉੱਠਕੇ ਅਤੇ ਉਸਤੋਂ ਵੀ ਉੱਪਰ ਕੁਰਬਾਨੀ ਦੀ ਭਾਵਨਾ ਨਾਲ ਲੈਸ ਹੋ ਕੇ ਆਪਣੀ ਕੌਮ ਲਈ ਮਰ ਮਿਟਣ ਦੀ ਇੱਛਾ ਰੱਖਦਾ ਹੋਵੇ| ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸਾ ਪੰਥ ਤੋਂ ਆਪਣਾ ਸਰਬੰਸ ਵਾਰ ਕੇ ਸਾਨੂੰ ਇਹ ਹੀ ਤਾਂ ਸੇਧ ਦਿੱਤੀ ਸੀ| ਜਿਨ੍ਹਾਂ ਲੋਕਾਂ ਨੇ ਸਰਬੰਸ ਦਾਨੀ ਗੁਰੂ ਪਿਤਾ ਤੋਂ ਕੌਮੀ ਅਗਵਾਈ ਦੀ ਸੇਧ ਨਹੀਂ ਲਈ ਉਹ ਕੌਮ ਦਾ ਆਗੂ ਤਾਂ ਕੀ, ਉਹ ਸ਼ਖਸ ਤਾਂ ਸਿੱਖੀ ਦੀ ਪਰਿਭਾਸ਼ਾ ਵਿੱਚ ਹੀ ਨਹੀਂ ਆਉਂਦਾ| ਦਸ਼ਮੇਸ਼ ਪਿਤਾ ਜੀ ਵੱਲੋ ਨਿਰਧਾਰਤ ਕੀਤੀ ਗਈ ਇਸ ਕਸਵੱਟੀ ਤੇ ਕੌਮ ਦੇ ਆਗੂ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਪੂਰਾ ਉੱਤਰਿਆ ਸੀ| ਇਸ ਵਾਸਤੇ ਸਿੱਖੋ! ਸਿੱਖੀ ਸਿੱਖਣ ਦਾ ਨਾਮ ਹੈ, ਨਾ ਕਿ ਅੱਧੇ ਅਧੂਰੇ ਹੁੰਦਿਆਂ ਹੋਇਆਂ ਵੀ ਸੰਪੂਰਨ ਹੋਣ ਦੇ ਦਾਅਵੇ ਬੰਨਣ ਦਾ ਨਾਮ ਸਿੱਖੀ ਹੈ|
ਲੇਖ ਦਾ ਵਿਸਥਾਰ
10 ਨਵੰਬਰ ਨੂੰ ਸਰਬੱਤ ਖਾਲਸੇ ਦੀ ਤਰਜ਼ ਤੇ ਬੁਲਾਏ ਗਏ ਪੰਥਕ ਇਕੱਠ ਦੇ ਮੰਚ ਸੰਚਾਲਕਾਂ ਅਤੇ ਅਖੌਤੀ ਸਿੱਖ ਆਗੂਆਂ ਵੱਲੋਂ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਗਏ ਹਨ| ਇਨ੍ਹਾਂ ਭੁਲੇਖਾ ਪਾਊ ਦੋਸਤਾਂ ਨੇ ਮੰਨੇ-ਪ੍ਰਮੰਨੇ ਦੁਸ਼ਮਣਾਂ ਨਾਲੋਂ ਵੀ ਖਤਰਨਾਕ ਅਜਿਹੀਆਂ ਚਾਲਾਂ ਚੱਲੀਆਂ ਹਨ, ਜਿਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਕਾਫੀ ਕਠਿਨ ਕਾਰਜ ਹੈ| ਇਨ੍ਹਾਂ ਮਖੌਟਾਧਾਰੀ ਹਮਲਾਵਰਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਐਲਾਨ ਕੇ ਆਪਣੇ ਜੀਵਨ ਦੀਆਂ ਸ਼ਤਰੰਜੀ ਚਾਲਾਂ ਵਿੱਚੋਂ ਸਭ ਤੋਂ ਸਫਲ ਚਾਲ ਚੱਲੀ ਗਈ ਹੈ| ਬੇਸ਼ੱਕ 10 ਨਵੰਬਰ ਨੂੰ ਹੋਇਆ ਪੰਥਕ ਇਕੱਠ ਗਿਣਤੀ ਦੇ ਲਿਹਾਜ਼ ਨਾਲ ਇੱਕ ਲੱਖ ਤੋਂ ਉੱਪਰ ਹੋਇਆ ਇਕੱਠ ਸੀ, ਪਰ ਅਗਰ ਉਹ ਇਕੱਠ 10 ਲੱਖ ਜਾਂ ਕਰੋੜਾਂ ਤੱਕ ਵੀ ਹੋਇਆ ਹੁੰਦਾ ਤਾਂ ਵੀ ਉਹ ਸਿਧਾਂਤਕ ਪੱਖ ਤੋਂ ਸਰਬੱਤ ਖ਼ਾਲਸਾ ਨਹੀਂ ਮੰਨਿਆ ਜਾ ਸਕਦਾ ਸੀ| ਤਕਨੀਕੀ ਪੱਖ ਤੋਂ ਇੱਥੇ ਇੱਕ ਕਾਰਨ ਹੀ ਸਭ ਤੋਂ ਵੱਡਾ ਅਤੇ ਇਤਰਾਜ਼ਯੋਗ ਹੈ ਕਿ ਹਾਜ਼ਰ ਸਿੱਖ ਸੰਗਤਾਂ ਸਮੇਤ ਸਮੁੱਚੇ ਹੀ ਖ਼ਾਲਸਾ ਪੰਥ ਨੂੰ ਮੰਚ ਤੋਂ ਲਏ ਗਏ ਫੈਸਲਿਆਂ ਦੀ ਅਗਾਊਂ ਜਾਣਕਾਰੀ ਨਹੀਂ ਸੀ| ਖ਼ਾਲਸਾ ਪੰਥ ਬੇਸ਼ੱਕ ਸਦੀਆਂ ਤੋਂ ਹੀ ਆਪਣੀ ਸਰਬੱਤ ਖ਼ਾਲਸਾ ਸੰਸਥਾ ਦੇ ਰਾਹੀਂ ਕੌਮੀ ਫੈਸਲੇ ਲੈਂਦਾ ਰਿਹਾ ਹੈ, ਪਰ ਸਰਬੱਤ ਖ਼ਾਲਸਾ ਸੱਦਣ ਅਤੇ ਉਸ ਵਿੱਚ ਕੌਮੀ ਫੈਸਲੇ ਲੈਣ ਦਾ ਇੱਕ ਵਕਾਇਦਾ ਵਿਧੀ-ਵਿਧਾਨ ਹੈ| ਘੱਟੋ-ਘੱਟ ਪੰਥ ਪ੍ਰਵਾਣਿਤ ਸਮੂਹ ਨੁਮਾਇੰਦਿਆਂ ਨੂੰ ਸਰਬੱਤ ਖ਼ਾਲਸਾ ਵਿੱਚ ਲਏ ਜਾਣ ਵਾਲੇ ਫੈਸਲਿਆਂ ਦੀ ਜਾਣਕਾਰੀ ਹੋਣ ਦੇ ਨਾਲ ਉਨ੍ਹਾਂ ਦੀ ਸਹਿਮਤੀ ਲਾਜ਼ਮੀ ਹੈ| ਸੁਖਾਵੇਂ ਹਾਲਾਤਾਂ ਵਿੱਚ ਸਰਬੱਤ ਖ਼ਾਲਸਾ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਹੀ ਸੱਦਿਆ ਜਾਂਦਾ ਰਿਹਾ ਹੈ ਅਤੇ ਅੱਗੇ ਤੋਂ ਵੀ ਅਕਾਲ ਤਖਤ ਸਾਹਿਬ ਹੀ ਸਰਬੱਤ ਖਾਲਸੇ ਦਾ ਪ੍ਰਥਮ ਸਥਾਨ ਹੈ| ਪਰ ਅਣਸੁਖਾਵੇਂ ਹਾਲਾਤਾਂ ਵਿੱਚ ਸਰਬੱਤ ਖਾਲਸੇ ਦਾ ਇਕੱਠ ਅਕਾਲ ਤਖਤ ਸਾਹਿਬ ਤੋਂ ਬਾਹਰ ਵੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤਾ ਜਾ ਸਕਦਾ ਹੈ ਪਰ 10 ਨਵੰਬਰ 2015 ਨੂੰ ਮਾਨ-ਮੋਹਕਮ ਜੁੰਡਲੀ ਵੱਲੋ ਪੰਥਕ ਇਕੱਠ ਨੂੰ ਸਰਬੱਤ ਖਾਲਸੇ ਦਾ ਨਾਮ ਦੇ ਕੇ ਜਿੱਥੇ ਸਮੁੱਚੇ ਹੀ ਵਿਧੀ-ਵਿਧਾਨ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ| ਉੱਥੇ ਮਨ-ਮਰਜ਼ੀ ਦੇ ਫੈਸਲਿਆਂ ਨੂੰ ਜਬਰ-ਦਸਤੀ ਪੰਥ ਉੱਤੇ ਥੋਪਣ ਦਾ ਅਪਰਾਧਕ ਯਤਨ ਵੀ ਕੀਤਾ ਗਿਆ ਹੈ| ਪਰ ਅਗਰ 10 ਨਵੰਬਰ ਨੂੰ ਪੰਥਕ ਇਕੱਠ ਵਿੱਚ ਲਏ ਗਏ ਫੈਸਲੇ ਪੰਥਕ ਵਿਧੀ-ਵਿਧਾਨ ਅਤੇ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਵੀ ਹੁੰਦੇ, ਫਿਰ ਵੀ ਬਦਲੇ ਹੋਏ ਹਾਲਾਤਾਂ ਦੀਆਂ ਤਲਖ ਹਕੀਕਤਾਂ ਨੂੰ ਨਜ਼ਰ-ਅੰਦਾਜ਼ ਕਰਕੇ ਆਪਣੀ ਪਿੱਠ ਨਹੀਂ ਥਪਥਪਾਈ ਜਾ ਸਕਦੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਵਿਧਾਨਕ ਬਾਡੀ ਹੈ, ਜਿਸਨੂੰ ਭਰੋਸੇ ਵਿੱਚ ਲਏ ਬਗੈਰ ਅੱਜ ਦੇ ਦੌਰ ਵਿੱਚ ਕੋਈ ਵੀ ਫੈਸਲਾ ਲਾਗੂ ਨਹੀਂ ਕਰਵਾਇਆ ਜਾ ਸਕਦਾ| ਇਸ ਵਾਸਤੇ 10 ਨਵੰਬਰ ਨੂੰ ਮਾਨ-ਮੋਹਕਮ ਜੁੰਡਲੀ ਵੱਲੋਂ ਐਲਾਨੇ ਗਏ ਸਾਰੇ ਹੀ ਮਤੇ ਉਸ ਹਵਾਈ ਵਰਗੇ ਹਨ, ਜੋ ਅੱਗ ਲੱਗਣ ਤੋਂ ਬਾਅਦ ਆਸਮਾਨ ਵੱਲ ਉਡਦੀ ਜ਼ਰੂਰ ਹੈ ਪਰ ਕੁਝ ਹੀ ਦੇਰ ਬਾਅਦ ਠੁੱਸ ਹੋ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ| ਇਹ ਸਭ ਮਾਨ-ਮੋਹਕਮ ਧੜਿਆਂ ਵੱਲੋ ਕੀਤੀ ਗਈ ਹੁੱਲੜਬਾਜ਼ੀ ਅਤੇ ਸਿਰਫ ਸ਼ੋਸ਼ੇਬਾਜ਼ੀ ਹੈ| ਸਿਮਰਨਜੀਤ ਸਿੰਘ ਮਾਨ ਬੇਸ਼ਕ ਬਣਿਆ-ਬੱਤਰਿਆ ਸ਼ੈਤਾਨ ਹੈ ਪਰ ਇਸ ਵੱਲੋਂ ਕੀਤੀ ਜਾਂਦੀ ਹਰ ਹਰਕਤ ਅਤੇ ਇਸਦੀ ਹਰ ਅਦਾ ਕਿਸੇ ਮਾਸੂਮ ਬੱਚੇ ਦਾ ਪ੍ਰਭਾਵ ਪਾਉਂਦੀ ਹੈ| ਇਸੇ ਵਜ੍ਹਾ ਕਰਕੇ ਇਹ ਠੱਗ ਕੌਮ ਨੂੰ ਠੱਗਦਾ-ਠੱਗਦਾ ਬੁਢਾਪੇ ਦੀ ਦਹਿਲੀਜ਼ ਪਾਰ ਕਰ ਗਿਆ ਹੈ| ਰਿਹਾ ਸਵਾਲ ਭਾਈ ਜਗਤਾਰ ਸਿੰਘ ਹਵਾਰਾ ਦਾ, ਉਹ ਤਾਂ ਪਿਛਲੇ 20 ਸਾਲਾਂ ਤੋਂ ਖ਼ਾਲਸਾ ਪੰਥ ਦਾ ਜਥੇਦਾਰ ਹੈ| ਇਸ ਦਾ ਸਬੂਤ 10 ਨਵੰਬਰ ਦੇ ਪੱਥਕ ਇਕੱਠ ਨੇ ਭਾਈ ਹਵਾਰੇ ਦੇ ਨਾਮ ਤੇ ਇੱਕ ਮੱਤ ਹੋ ਕੇ ਦਿੱਤਾ ਹੈ| ਪਰ ਬਾਕੀ ਤਿੰਨਾਂ ਨਾਂਵਾਂ ਤੇ ਪੰਥ ਨੇ ਆਪਣੀ ਮੋਹਰ ਨਹੀਂ ਲਗਾਈ| ਜੇਕਰ ਕਿਸੇ ਨੂੰ ਕੋਈ ਭੁਲੇਖਾ ਹੈ ਤਾਂ ਉਹ ਦੁਬਾਰਾ ਵੋਟਿੰਗ ਕਰਵਾਕੇ ਵੇਖ ਲਵੇ|
ਭਾਈ ਜਗਤਾਰ ਸਿੰਘ ਹਵਾਰਾ ਲਈ ਤਾਂ ਖ਼ਾਲਸਾ ਪੰਥ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਬਾ ਜਰਨੈਲ ਸਿੰਘ ਤੋਂ ਬਾਅਦ ਆਪਣੀ ਵੱਖਰੀ ਹੀ ਰਾਏ ਰੱਖਦਾ ਹੈ| ਪੰਥ ਲਈ ਬੇਸ਼ੱਕ ਸਾਰੇ ਹੀ ਬੰਦੀ ਸਿੰਘ ਸਤਿਕਾਰ ਦੇ ਪਾਤਰ ਹਨ ਅਤੇ ਉਹ ਬਰਾਬਰ ਦਾ ਰੁਤਬਾ ਰੱਖਦੇ ਹਨ| ਜਿਨ੍ਹਾਂ ਨੇ ਕੌਮ ਦੀ ਹੋਂਦ-ਹੱਸਤੀ ਨੂੰ ਕਾਇਮ ਰੱਖਣ ਲਈ ਆਪਣੀਆਂ ਕੀਮਤੀ ਜ਼ਿੰਦਗੀਆਂ ਦਾਅ ਉੱਤੇ ਲਾਈਆਂ ਅਤੇ ਆਪਣੀਆਂ ਮਾਣ-ਮਤੀਆਂ ਜਵਾਨੀਆਂ ਜੇਲ੍ਹਾਂ ਵਿੱਚ ਗਾਲੀਆਂ ਹਨ| ਮੈਂ ਪੰਥ ਵੱਲੋਂ ਇੱਕ ਸੱਜਰੀ ਨਜ਼ਮ ਉਨ੍ਹਾਂ ਦੇ ਹਜ਼ੂਰ ਪੇਸ਼ ਕਰਕੇ ਹੀ ਅਗਲਾ ਖੁਲਾਸਾ ਕਰਾਂਗੀ|
ਤੁਸੀਂ ਇੱਕ-ਤੋਂ-ਇੱਕ ਵੱਧਕੇ, ਕੋਹਿਨੂਰ ਹੋ ਸਾਰੇ,
ਤੁਸੀਂ ਹਵਾਰੇ-ਭਿਓਰੇ ਹੋ ਜਾਂ ਤਾਰੇ, ਆਦਿ-ਸਾਰੇ,
ਰੱਬ ਤੁਹਾਨੂੰ ਸਲਾਮਤ ਰੱਖੇ, ਤੁਸੀਂ ਸਾਡਾ ਭਵਿੱਖ ਹੋ,
ਸਾਡਾ ਤਾਂ ਅਤੀਤ ਵੀ ਹੈ, ਤੁਹਾਡੇ ਹੀ ਸਹਾਰੇ,
ਤੁਹਾਡੇ ਸੋਹਣੇ ਜਿਸਮਾਂ ਤੇ ਪੱਥਰ ਤਾਂ ਕੀ,
ਕੌਮ ਨਹੀਂ ਸਹਾਰ ਸਕਦੀ ਕਿ ਕੋਈ ਫੁੱਲ ਵੀ ਮਾਰੇ|
ਬੇਸ਼ੱਕ ਕੌਮ ਉਸ ਮਾਂ-ਬਾਪ ਦੀ ਨਿਆਂਈ ਹੈ ਜਿਸ ਵਾਸਤੇ ਸਾਰੇ ਹੀ ਬੱਚੇ ਇੱਕ ਬਰਾਬਰ ਹੁੰਦੇ ਹਨ| ਪਰ ਕੁਦਰਤੀ ਤੌਰ ਤੇ ਕੋਈ ਬੱਚਾ ਅਜਿਹਾ ਵੀ ਹੁੰਦਾ ਹੈ, ਜਿਸਦਾ ਸਿਤਾਰਾ ਦੂਜਿਆਂ ਨਾਲੋਂ ਵੱਧ ਬੁਲੰਦ ਹੁੰਦਾ ਹੈ ਅਤੇ ਅਜਿਹੇ ਬੱਚੇ ਉੱਤੇ ਮਾਪਿਆਂ ਸਮੇਤ ਭੈਣ-ਭਰਾ ਵੀ ਵਧੇਰੇ ਮਾਣ ਕਰਨ ਲੱਗਦੇ ਹਨ| ਬਸ ਇੱਕ ਅਜਿਹਾ ਹੀ ਹੁਨਰ-ਮੰਦ ਅਤੇ ਬੁਲੰਦ ਸਿਤਾਰੇ ਵਾਲਾ ਪੰਥ ਦਾ ਬੱਚਾ ਹੈ ਹਵਾਰਾ| ਭਾਈ ਜਗਤਾਰ ਸਿੰਘ ਹਵਾਰਾ ਕਲਗੀਧਰ ਦਸ਼ਮੇਸ਼ ਪਿਤਾ ਜੀ ਵੱਲੋ ਪੰਥ ਨੂੰ ਬਖਸ਼ਿਆ ਗਿਆ ਉਹ ਰਣਜੀਤ ਨਗਾਰਾ ਹੈ, ਜਿਸਦੀ ਗੂੰਜ ਸੁਣਕੇ ਕਦੇ ਪਹਾੜੀ ਰਜਵਾੜਿਆਂ ਅਤੇ ਮੁਗਲ ਹਕੂਮਤ ਦੀ ਰਾਤਾਂ ਦੀ ਨੀਂਦ ਗਾਇਬ ਹੋ ਗਈ ਸੀ| ਪਰ ਅੱਜ ਉਹੀ ਰਣਜੀਤ ਨਗਾਰਾ ਪੰਥ ਨੂੰ ਝਘਾਨੀ ਦੇ ਕੇ ਬਹੁਤ ਹੀ ਫੁਰਤੀ ਨਾਲ ਪੰਥ ਵਿਰੋਧੀਆਂ ਨੇ ਆਪਣੇ ਘੇਰੇ ਵਿੱਚ ਲੈ ਲਿਆ ਹੈ ਅਤੇ ਹੁਣ ਉਹ ਲੋਕ ਉਸ ਰਣਜੀਤ ਨਗਾਰੇ ਉੱਤੇ ਚੋਟਾਂ ਤੇ ਚੋਟਾਂ ਮਾਰ ਕੇ ਇਹ ਭੁਲੇਖਾ ਪਾਉਣ ਦਾ ਯਤਨ ਕਰ ਰਹੇ ਹਨ ਕਿ ਖ਼ਾਲਸਾ ਪੰਥ ਤਾਂ ਰਣਜੀਤ ਨਗਾਰੇ ਵਾਲੇ ਪਾਸੇ ਹੈ| ਪੰਥ ਦੋਖੀਆਂ ਅਤੇ ਮੌਕਾਪ੍ਰਸਤ ਲੋਕਾਂ ਦੀ ਇਹ ਭੁਲੇਖਾਪਾਊ ਨੀਤੀ ਭਾਈ ਜਗਤਾਰ ਸਿੰਘ ਹਵਾਰਾ ਅਤੇ ਖ਼ਾਲਸਾ ਪੰਥ ਨਾਲ ਧੋਖਾ ਹੈ| ਪੰਥ ਦਰਦੀ ਬੇਸ਼ੱਕ ਪੰਥ ਦੀ ਹਰ ਸਮੱਸਿਆ ਅਤੇ ਦੁਸ਼ਮਣਾਂ ਦੀ ਹਰ ਚਾਲ ਨੂੰ ਸਮਝਦੇ ਹਨ ਪਰ ਇਸ ਵਕਤ ਪੰਥ ਦਰਦੀਆਂ ਨੂੰ ਇਹ ਯਕੀਨ ਹੀ ਨਹੀਂ ਹੈ ਕਿ ਇਸ ਵੱਡੇ ਸ਼ੋਰ ਪ੍ਰਦੂਸ਼ਣ ਵਿੱਚ ਉਨ੍ਹਾਂ ਦੀ ਆਵਾਜ਼ ਕਿਸੇ ਨੂੰ ਸੁਣਾਈ ਵੀ ਦੇਵੇਗੀ ਜਾਂ ਨਹੀਂ? ਇਸ ਤੋਂ ਇਲਾਵਾ ਬਹੁਤਿਆਂ ਨੂੰ ਇਹ ਡਰ ਖਾ ਰਿਹਾ ਹੈ ਕਿ ਇਸ ਵੱਡੇ ਸ਼ੋਰ-ਸ਼ਰਾਬੇ ਦੇ ਖਿਲਾਫ ਆਪਣੀ ਸਹੀ ਰਾਏ ਦੇਣ ਨਾਲ ਪੰਥ ਵਿਰੋਧੀ ਹੋਣ ਦੇ ਇਲਜ਼ਾਮ ਲੱਗ ਸਕਦੇ ਹਨ| ਖੈਰ ਪੰਥਕ ਬੁਲਾਰਿਆਂ ਵੱਲੋ ਇਸ ਵਕਤ ਖਾਮੋਸ਼ ਰਹਿਣ ਦੇ ਕਾਰਨ ਜੋ ਵੀ ਹੋਣ ਪਰ ਇਸ ਪੰਥਕ ਨਗਾਰੇ ਦੀ ਗੂੰਜ ਦੇ ਨਾਲ ਸਾਜਿਸ਼ ਕਰਤਾਵਾਂ ਦੀ ਆਵਾਜ਼ ਦਾ ਸ਼ੋਰ ਅਤੇ ਕੁਝ ਪਿੱਛਲੱਗਾਂ ਵੱਲੋਂ ਹਾਂ ਵਿੱਚ ਹਾਂ ਮਿਲਾਉਣ ਦਾ ਸ਼ੋਰ, ਮਿਲ ਕੇ ਪੰਥ ਦਾ ਜੋ ਨੁਕਸਾਨ ਕਰ ਗਏ ਹਨ ਅਤੇ ਅੱਗੇ ਨੁਕਸਾਨ ਕਰਨ ਜਾ ਰਹੇ ਹਨ, ਉਹ ਨੁਕਸਾਨ ਪੰਥ ਲਈ ਪਿਛਲੇ ਸਾਰੇ ਹੀ ਰਿਕਾਰਡ ਤੋੜਨ ਵਾਲਾ ਸਾਬਤ ਹੋਵੇਗਾ| ਇਸ ਵਕਤ ਭਵਿੱਖ ਵਿੱਚ ਹੋਣ ਵਾਲੇ ਵੱਡੇ ਪੰਥਕ ਨੁਕਸਾਨ ਤੋਂ ਬਚਣ ਦਾ ਇੱਕੋ-ਇੱਕ ਹੱਲ ਇਹ ਹੈ ਕਿ ਮੌਜੂਦਾ ਘਟਨਾਵਾਂ ਦਾ ਨਿਰਪੱਖ ਹੋ ਕੇ ਪੰਥਕ ਨਜ਼ਰੀਏ ਤੋਂ ਲੇਖਾ-ਜੋਖਾ ਕੀਤਾ ਜਾਵੇ ਅਤੇ ਇਤਿਹਾਸ ਤੋਂ ਸੇਧ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਵਿੱਖ ਦੇ ਫੈਸਲੇ ਪੂਰੀ ਦ੍ਰਿੜਤਾ ਨਾਲ ਲਏ ਜਾਣ ਦੇ ਨਾਲ, ਉਨ੍ਹਾਂ ਨੂੰ ਅਮਲੀ ਜਾਮਾ ਪੁਆਇਆ ਜਾਵੇ| ਸਭ ਤੋਂ ਪਹਿਲਾਂ ਸਿੱਖ ਭੇਖੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਪੰਥਕ ਸਫਾਂ ਵਿੱਚੋਂ ਬਾਹਰ ਕੱਢਿਆ ਜਾਵੇ| ਇਨ੍ਹਾਂ ਭੇਖੀਆਂ ਵਿੱਚ ਸਿਆਸੀ ਅਤੇ ਅਖੌਤੀ ਧਾਰਮਿਕ ਆਗੂਆਂ ਸਮੇਤ, ਰਾਗੀ, ਢਾਡੀ, ਕਥਾਵਾਚਕ, ਲੇਖਕ ਅਤੇ ਪ੍ਰਚਾਰਕ ਕਾਫੀ ਗਿਣਤੀ ਵਿੱਚ ਹਨ| ਇਨ੍ਹਾਂ ਭੇਖੀ ਲੋਕਾਂ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਜ਼ਰੀਏ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਵੱਲੋ ਪੰਥ ਦੀਆਂ ਮੋਹਰਲੀਆਂ ਸਫਾਂ ਵਿੱਚ ਲਿਆਂਦਾ ਗਿਆ ਹੈ| ਇਸ ਕਿਸਮ ਦੇ ਰਾਗੀਆਂ ਦੀ ਪਛਾਣ ਹੈ ਕਿ ਉਹ ਗੁਰਬਾਣੀ ਨੂੰ ਰਾਗਾਂ ਦੀ ਬਜਾਏ ਭੇਟਾਂ ਦੀਆਂ (ਪਹਾੜੀ) ਤਰਜ਼ਾਂ, ਕਵਾਲੀਆਂ ਅਤੇ ਹੋਰ ਫਿਲਮੀ ਤਰਜ਼ਾਂ ਵਿੱਚ ਗਾਉਂਦੇ ਹਨ| ਇਸ ਤੋਂ ਇਲਾਵਾ ਇਹ ਲੋਕ ਗੁਰਬਾਣੀ ਘੱਟ ਅਤੇ ਹੋਰ ਇੱਧਰ ਉੱਧਰ ਦੀਆਂ ਕੱਚੀਆਂ ਰਚਨਾਵਾਂ ਜ਼ਿਆਦਾ ਪੜ੍ਹਦੇ ਹਨ| ਇਨ੍ਹਾਂ ਵਿੱਚ ਛੋਟੀ ਉਮਰ ਦੇ ਮੁੰਡੇ ਜ਼ਿਆਦਾ ਹਨ| ਸਿੱਖ ਵਿਰੋਧੀ ਢਾਡੀਆਂ ਦੀ ਪਛਾਣ ਇਹ ਹੈ ਕਿ ਉਹ ਲੋਕ ਜਗਤ ਪ੍ਰਸਿੱਧ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਪ੍ਰਸਿੱਧ ਹਸਤੀਆਂ ਨਾਲ ਜੁੜੇ ਹੋਏ ਕਾਰਨਾਮਿਆਂ ਨੂੰ ਅਣਗੌਲੇ ਜਿਹੇ ਲੋਕਾਂ ਨਾਲ ਜੋੜ ਕੇ ਅਤੇ ਬਹੁਤ ਹੀ ਵਧਾ-ਚੜਾ ਕੇ ਪੇਸ਼ ਕਰਨਗੇ| ਅਜਿਹੇ ਲੋਕਾਂ ਵੱਲੋ ਕੁਝ ਅਜਿਹੇ ਹੀਰੋ ਵੀ ਸਿੱਖ ਇਤਿਹਾਸ ਵਿੱਚ ਦਰਜ ਕਰਵਾਏ ਜਾ ਰਹੇ ਹਨ ਜਿਹੜੇ ਕਦੇ ਮਾਂਵਾਂ ਨੇ ਜੰਮੇ ਹੀ ਨਹੀਂ ਸਨ| ਇਹ ਹੈ ਸਿੱਖ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲਣ ਦਾ ਉੱਪਰਾਲਾ| ਇਸ ਕਿਸਮ ਦੇ ਪ੍ਰਚਾਰਕਾਂ ਦੀ ਪਛਾਣ ਹੈ ਕਿ ਇਹ ਲੋਕ ਬਹੁਤ ਹੀ ਲੱਛੇਦਾਰ ਗੱਲਾਂ ਨਾਲ ਸੰਗਤਾਂ ਨੂੰ ਮੰਤਰਮੁਗਦ ਕਰਨ ਦੀ ਮੁਹਾਰਤ ਰੱਖਦੇ ਹਨ ਅਤੇ ਇਹ ਲੋਕ ਆਪਣੇ ਧੜੱਲੇਦਾਰ ਪ੍ਰਚਾਰ ਪ੍ਰਸੰਗ ਦੇ ਜ਼ਰੀਏ ਦੁਨੀਆਂ ਦੀ ਇੱਕੋ-ਇੱਕ ਮਰਯਾਦਾਵਾਦੀ ਸਿੱਖ ਕੌਮ ਦੀਆਂ ਰਵਾਇਤਾਂ ਉੱਤੇ ਇਨ੍ਹਾਂ ਜ਼ੋਰਦਾਰ ਕਟਾਕਸ਼ਵਾਰ ਬਹੁਤ ਹੀ ਸਹਿਜ ਨਾਲ ਕਰ ਜਾਂਦੇ ਹਨ ਕਿ ਉਸ ਵਾਰ ਦੀ ਭਿਆਨਕਤਾ ਨੂੰ ਰੱਬੀ ਰਹਿਮਤ ਸਦਕਾ ਹੀ ਸੁਣਿਆ ਤੇ ਸਮਝਿਆ ਜਾ ਸਕਦਾ ਹੈ| ਇਹੀ ਗੱਲ ਸਿੱਖ ਭੇਖੀ ਲੇਖਕਾਂ ਦੀ ਹੈ| ਉਹ ਵੀ ਇਤਿਹਾਸ ਦੀ ਮੁਰੰਮਤ ਕਰਨ ਦੀ ਅਜਿਹੀ ਮੁਹਾਰਤ ਰੱਖਦੇ ਹਨ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਇਹ ਲੇਖਕ ਕਦੋਂ ਤੁਹਾਡੇ ਇਤਿਹਾਸ ਦੇ ਜਾਨਦਾਰ ਪ੍ਰਸੰਗ ਦਾ ਗੁਰਦਾ ਹੀ ਕੱਢ ਲੈਣਗੇ ਅਤੇ ਪ੍ਰਸੰਗ ਵੀ ਪੂਰਾ ਕਰ ਦੇਣਗੇ| ਸਾਡੀਆਂ ਮੋਹਰਲੀਆਂ ਸਫਾਂ ਵਿੱਚ ਵਿਚਰ ਰਹੇ ਅਜਿਹੇ ਲੋਕਾਂ ਦੀ ਗਿਣਤੀ ਬੇਸ਼ੱਕ ਥੋੜ੍ਹੀ ਹੈ| ਪਰ ਸਰਕਾਰੀ ਸਰਪ੍ਰਸਤੀ ਪ੍ਰਾਪਤ ਇਨ੍ਹਾਂ ਲੋਕਾਂ ਨੇ ਸਾਡੀ ਤੰਦ ਨਹੀਂ ਬਲਕਿ ਤਾਣੀ ਹੀ ਉਲਝਾ ਦਿੱਤੀ ਹੈ| ਇਸ ਵਕਤ ਸਭ ਤੋਂ ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਧੁਰੇ ਦੁਆਲੇ ਪੰਥ ਦਰਦੀਆਂ ਦਾ ਘੇਰਾ ਵਿਸ਼ਾਲ ਕਰਨਾ ਪਵੇਗਾ| ਇਸਦੇ ਨਾਲ ਹੀ ਆਪਣੇ ਮਾਣ-ਮੱਤੇ ਇਤਿਹਾਸ ਨੂੰ ਸੰਭਾਲਣ ਲਈ ਸੁਹਿਰਦ ਵਿੱਦਵਾਨਾਂ ਦਾ ਇੱਕ ਪੈਨਲ ਗਠਿਤ ਕਰਨਾ ਪਵੇਗਾ ਪਰ ਇਸ ਪੈਨਲ ਵਿੱਚ ਅਖੌਤੀ ਸਾਹਿਤਕ ਡਾਕਟਰ, ਪ੍ਰੋਫੈਸਰ ਜਾਂ ਕਿਸੇ ਵੀ ਕਿਸਮ ਦੇ ਸਰਕਾਰੀ ਅਹੁਦੇ ਤੋਂ ਸੇਵਾ ਮੁਕਤ ਅਤੇ ਸਰਕਾਰੀ ਸੇਵਾ ਨਿਭਾ ਰਹੇ ਲੋਕਾਂ ਤੋਂ ਜ਼ਿਆਦਾਤਰ ਸੁਚੇਤ ਰਹਿਣ ਦੀ ਲੋੜ ਹੋਵੇਗੀ| ਇਸ ਤੋਂ ਇਲਾਵਾ ਸੰਪਰਦਾਈਆਂ ਅਤੇ ਤੱਤ-ਗੁਰਮਤਿ ਦੇ ਅਖੌਤੀ ਵਿੱਦਵਾਨਾਂ ਤੋਂ ਵੀ ਖ਼ਬਰਦਾਰ ਰਹਿਣਾ ਪਵੇਗਾ| ਗੁਰਮਤਿ ਸਿਰਫ ਗੁਰਮਤਿ ਹੈ ਅਤੇ ਗੁਰੂ ਦੇ ਮੁਖਾਰਬਿੰਦ ਵਿੱਚੋਂ ਉਪਜੇ ਸਿੱਖ ਸਿਧਾਂਤ ਦੇ ਬਾਨੜੂ ਗੁਰਮਤਿ ਸ਼ਬਦ ਨਾਲ ਤੱਤ-ਮੱਤ ਵਰਗੇ ਵਾਧੂ ਲਕਬ ਨਹੀਂ ਜੋੜੇ ਜਾ ਸਕਦੇ| ਅਜਿਹੇ ਮਨ-ਮਰਜ਼ੀ ਦੇ ਸ਼ਬਦ ਘੜਨ ਵਾਲੇ ਮਨਮਤੀਏ ਹੀ ਨਹੀਂ ਹਨ, ਇਹ ਲੋਕ ਛਟੇ ਹੋਏ ਪੰਥ ਵਿਰੋਧੀ ਹਨ| ਇਹ ਲੋਕ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ ਸੰਪਰਦਾਈਆਂ ਨਾਲੋਂ ਵੀ ਜ਼ਿਆਦਾ ਕਾਹਲੇ ਹਨ| ਯਾਦ ਰਹੇ ਕਿ ਤੱਤ-ਗੁਰਮਤਿ ਦੇ ਨਾਮ ਹੇਠ ਕੰਮ ਕਰਨ ਵਾਲੇ ਕੁਝ ਲੋਕ ਆਰ.ਐਸ.ਐਸ. ਦੀ ਸਰਪ੍ਰਸਤੀ ਹੇਠ ਕੰਮ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਲੋਕ ਈਸਾਈ ਮਿਸ਼ਨਰੀਆਂ ਦੇ ਏਜੰਟ ਹਨ| ਇਨ੍ਹਾਂ ਦਾ ਕੰਮ ਸਿੱਖ ਇਤਿਹਾਸ ਨੂੰ ਜੜ੍ਹੋਂ ਖੋਦਣਾ ਹੈ ਉਸਤੋਂ ਬਾਅਦ ਕੌਮ ਦਾ ਵਜੂਦ ਆਪੇ ਹੀ ਖੁਰ ਜਾਵੇਗਾ| ਇੱਥੇ ਇੱਕ ਹੋਰ ਫਰੇਬ ਜਾਲ ਤੋਂ ਵੀ ਸੁਚੇਤ ਰਹਿਣਾ ਪਵੇਗਾ ਕਿ ਜਿਹੜੇ ਲੋਕ ਸਿਰਫ ਗੁਰੂ ਗੰ੍ਰਥ ਸਾਹਿਬ ਜੀ ਤੋਂ ਅਗਵਾਈ ਲੈਣ ਦੀ ਗੱਲ ਕਰਦੇ ਹਨ ਉਹ ਲੋਕ ਬੜੀ ਹੀ ਚਤੁਰਾਈ ਅਤੇ ਮੱਕਾਰੀ ਨਾਲ ਸਿੱਖਾਂ ਨੂੰ ਸਿੱਖ ਧਰਮ ਦੇ ਅਮਲੀ ਰੂਪ ਇਤਿਹਾਸ ਤੋਂ ਵੱਖ ਕਰਕੇ ਖਤਮ ਕਰਨਾ ਚਾਹੁੰਦੇ ਹਨ ਕਿਉਂਕਿ ਜਦੋਂ ਸਿੱਖ ਹੀ ਖਤਮ ਹੋ ਗਿਆ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਮ ਕਰਨ ਵਿੱਚ ਕੋਈ ਰੁਕਾਵਟ ਹੀ ਨਹੀਂ ਰਹੇਗੀ| ਇਹ ਕਿਹੋ ਜਿਹਾ ਅਨੋਖਾ ਸਬੰਧ ਹੈ, ਗੁਰੂ ਗੰ੍ਰਥ ਸਾਹਿਬ ਜੀ ਅਤੇ ਖ਼ਾਲਸਾ ਪੰਥ ਦੀ ਹੋਂਦ ਇੱਕ ਦੂਜੇ ਨਾਲ ਜੁੜੀ ਹੋਈ ਹੈ| ਅਗਰ ਗ੍ਰੰਥ ਨਹੀਂ ਤੇ ਪੰਥ ਨਹੀਂ ਪਰ ਪੰਥ ਨਹੀਂ ਤੇ ਗ੍ਰੰਥ ਨਹੀਂ|
ਸੁਰਿੰਦਰ ਕੌਰ ਨਿਹਾਲ
ਸੁਰਿੰਦਰ ਕੌਰ ਨਿਹਾਲ
ਆਪਣੇ ਧਰਮ ਦਾ ਮੂਲ ਬਚਾਉ ਸਿੱਖੋ! ਜਾਗੋ (ਭਾਗ ੧)
Page Visitors: 2829