ਪਾਖੰਡੀ ਬਾਬੇ ਦੀ ਕੋਈ ਗੈਬੀ ਸ਼ਕਤੀ ਤੇ ਪੀਰ-ਦੇਵਤਾ ਨਾ ਬਹੁੜਿਆ !!!!! (ਸੱਚੀ ਘਟਨਾ)
ਅਜੋਕੇ ਸਮੇਂ ਅੰਦਰ ਇਨਸਾਨ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਦੁਨੀਆਂ ਕਿਤੇ ਦੀ ਕਿਤੇ ਪਹੁੰਚ ਗਈ ਹੈ।ਪਰ ਸਾਡੇ ਲੋਕ ਅਜੇ ਵੀ ਖੂਹ ਦੇ ਡੱਡੂ ਬਣੇ ਹੋਏ ਹਨ।ਅੱਜ ਦੇ ਸਮੇਂ ਅੰਦਰ ਮਨੁੱਖ ਮਾਨਸਿਕ ਤੌਰ ਤੇ ਬਹੁਤ ਜਿਆਦਾ ਦੁਖੀ ਹੈ,ਖਾਸ ਕਰ ਘਰੇਲੂ ਔਰਤਾਂ,ਉਨ੍ਹਾਂ ਦੀ ਮਾਨਸਿਕਤਾਂ ਦਾ ਚਲਾਕ ਲੋਕਾਂ ਵੱਲੋਂ ਨਜ਼ਾਇਜ਼ ਫਾਇਦਾ ਉਠਾਇਆ ਜਾਂਦਾ ਹੈ।ਜਿਸ ਕਰਕੇ ਉਹ ਲੋਕ ਬੁਹਤ ਜਲਦੀ ਕਈ ਵਾਰੀ ਪਾਖੰਡੀਆਂ ਦੇ ਝਾਂਸੇ ਵਿੱਚ ਆ ਜਾਂਦੇ ਹਨ।ਇਹ ਘਟਨਾ ਤਕਰੀਬਨ ਸੱਤ ਕੁ ਸਾਲ ਪਹਿਲਾਂ ਦੀ ਹੈ। ਇਹੋ ਜਿਹਾ ਇੱਕ ਪਾਖੰਡੀ ਦਸੂਹੇ ਵਿੱਚ ਰਹਿੰਦਾ ਸੀ। ਜਿਸ ਦੀ ਪਾਖੰਡ ਦੀ ਦੁਕਾਨ ਤੋਂ ਉਸ ਦੇ ਮੁਹੱਲੇ ਵਾਲੇ ਬਹੁਤ ਦੁਖੀ ਸਨ।ਅਸੀਂ ਉਸ ਇਲਾਕੇ ਵਿੱਚ ਮੈਂ ਤੇ ਮੇਰਾ ਇੱਕ ਗਵਾਲੀਅਰ ਦਾ ਰਹਿਣ ਵਾਲਾ ਦੋਸਤ ਪ੍ਰਚਾਰਕ ਦੇ ਤੌਰ ਤੇ ਵਿਚਰ ਰਹੇ ਸਾਂ। ਉੱਥੇ ਹੀ ਦਸੂਹਾ ਦੇ ਸਭ ਤੋਂ ਵੱਡੇ ਗੁਰਦੁਆਰਾ ਸਿੰਘ ਸਭਾ ਵਿੱਚ ਹਰ ਹਫਤੇ ਐਤਵਾਰ ਦੇ ਦਿਨ ਨੌਜਵਾਨਾਂ ਦੀ ਕਲਾਸ ਲਗਾਉਂਦੇ ਸਾਂ। ਜਿਸ ਵਿੱਚ ਨੌਜਵਾਨਾਂ ਦੀ ਦਸਤਾਰ ਸਿਖਲਾਈ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਇਸ ਕਰਕੇ ਉਸ ਇਲਾਕੇ ਦੇ ਨੌਜਵਾਨ ਸਾਡਾ ਬਹੁਤ ਜ਼ਿਆਦਾ ਆਦਰ ਸਤਿਕਾਰ ਕਰਦੇ ਸਨ ਤੇ ਕੋਈ ਵੀ ਉਸ ਇਲਾਕੇ ਵਿੱਚ ਸਿੱਖੀ ਨਾਲ ਸੰਬੰਧਿਤ ਕੋਈ ਕਾਰਜ ਹੁੰਦਾ ਸੀ ਤਾਂ ਵੱਧ ਤੋਂ ਵੱਧ ਸਹਿਯੋਗ ਦੇਣਾ। ਉਨ੍ਹਾਂ ਵਿੱਚੋਂ ਕੁੱਝ ਨੌਜਵਾਨਾਂ ਨੇ ਸਾਡੇ ਨਾਲ ਉਸ ਪਾਖੰਡੀ ਬਾਰੇ ਗੱਲ ਕੀਤੀ ਜੋ ਕਿ ਉਸ ਮੁਹੱਲੇ ਦੇ ਰਹਿਣ ਵਾਲੇ ਸਨ।ਉਹ ਗੁਰਮਤਿ ਦੇ ਧਾਰਣੀ ਹੋਣ ਕਾਰਣ ਉਸ ਦੇ ਪਾਖੰਡ ਨੂੰ ਜਾਣਦੇ ਸਨ।ਪਰ ਆਪ ਉਸ ਦੇ ਖਿਲਾਫ ਕੁੱਛ ਕਰਨ ਤੋਂ ਡਰਦੇ ਸਨ।ਇਹ ਢੌਂਗੀ ਦਸੂਹਾ ਦੇ ਕੈਂਥਾ ਮੁਹੱਲੇ ਦਾ ਰਹਿਣ ਵਾਲਾ ਸੀ। ਨੌਜਵਾਨਾਂ ਨੇ ਸਾਨੂੰ ਦੱਸਿਆ ਕਿ ਇਹ ਆਪ ਸ਼ਰਾਬੀ ਹੈ। ਇੰਨ੍ਹੇ ਆਪਣੇ ਘਰ ਵਿੱਚ ਇੱਕ ਜਗ੍ਹਾ ਬਣਾਈ ਹੋਈ ਹੈ ਤੇ ਵੱਖ-ਵੱਖ ਧਰਮਾਂ ਦੇ ਆਗੂਆਂ ਤੇ ਹੋਰ ਪੀਰਾਂ-ਦੇਵਤਿਆਂ ਦੀਆਂ ਤਸਵੀਰਾਂ ਘਰ ਵਿੱਚ ਲਾਈਆਂ ਹੋਈਆਂ ਹਨ ਤੇ ਹਰ ਵੀਰਵਾਰ ਚੌਂਕੀ ਲਗਾਉਂਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਚ’ ਫਲਾਣਾ ਪੀਰ-ਬਾਬਾ ਆਉਂਦਾ ਹੈ ਤੇ ਦੂਸਰਿਆਂ ਦੇ ਭੂਤ-ਪ੍ਰੇਤ ਕੱਢਦਾ ਹੈ।ਉਨ੍ਹਾਂ ਦੱਸਿਆ ਕਿ ਏਹਦੇ ਘਰ ਵਿੱਚ ਪਹਿਲਾਂ ਬਹੁਤ ਜ਼ਿਆਦਾ ਕੰਗਾਲੀ ਸੀ। ਪਰ ਜਦੋਂ ਤੋਂ ਇਹਨੇ ਇਹ ਪਾਖੰਡ ਸ਼ੁਰੂ ਕੀਤਾ ਇਹਦੇ ਚੇਲਿਆਂ ਨੇ ਇਹਨੂੰ ਸਾਰੀਆਂ ਐਸ਼ੋ-ਆਰਾਮ ਦੀਆਂ ਸੁੱਖ ਸਹੂਲਤਾਂ ਲੈ ਦਿੱਤੀਆਂ ਨੇ ਤੇ ਆਉਣ ਵਾਲੇ ਮਾਨਸਿਕ ਰੋਗੀਆਂ ਦੇ ਚੀਕ ਚਿਹਾੜੇ ਤੋਂ ਮੁਹੱਲੇ ਵਾਲੇ ਬਹੁਤ ਜ਼ਿਆਦਾ ਦੁੱਖੀ ਸੀ। ਉਸ ਢੌਂਗੀ ਨੇ ਕੀ ਕਰਨਾ ਕਿ ਨੌਜਵਾਨ ਲੜਕੀਆਂ ਨੂੰ ਕੇਸਾਂ ਤੋਂ ਪਕੜਨਾ ਤੇ ਕੁੱਟਦੇ-ਕੁੱਟਦੇ ਕੈਂਥਾਂ ਤੋਂ ਬਾਹਰਵਾਰ ਲੰਗਰਪੁੱਰ ਵਾਲੀ ਸਾਈਡ ਲੈ ਜਾਣਾ ਤੇ ਨਾਲ-ਨਾਲ ਪਾਣੀ ਪਿਲਾਈ ਜਾਣਾ ਤੇ ਜਦੋਂ ਉਲਟੀ ਕਰਨੀ ਤੇ ਕਹਿਣਾ ਦੇਖੋ ਮੈਂ ਭੂਤ-ਪ੍ਰੇਤ ਜਾਂ ਮਸਾਣ ਕੱਢ ਦਿੱਤੇ ਨੇ।ਇੱਕ ਵਾਰ ਜਦੋਂ ਅਮ੍ਰਿਤਧਾਰੀ ਲੜਕੀ ਦਾ ਗਾਤਰਾ ਲੁਹਾ ਕੇ ਕੁੱਟਣ ਦੀ ਗੱਲ ਕੀਤੀ ਤਾਂ ਫਿਰ ਸਾਡੇ ਕੌਲੋਂ ਰਿਹਾ ਨਾ ਗਿਆ। ਫਿਰ ਅਸੀਂ ਸਾਰੇ ਨੋਜਵਾਨਾਂ ਨੇ ਮਿਲ ਕੇ ਉਸ ਪਾਖੰਡੀ ਦੇ ਪਾਖੰਡ ਦਾ ਭਾਂਡਾ ਭੰਨਣ ਦੀ ਸਕੀਮ ਬਣਾਈ। ਸਭ ਤੌਂ ਪਹਿਲਾਂ ਉਨ੍ਹਾਂ ਸਾਰੇ ਮੁਹੱਲੇ ਵਾਲਿਆਂ ਕੋਲੋਂ ਲਿਖਤੀ ਸਬੂਤ ਵੱਜੋਂ ਦਸਤਖਤ ਕਰਵਾਏ ਗਏ ,ਤਾਂ ਕਿ ਬਾਅਦ ਵਿੱਚ ਕੋਈ ਪਰਿਵਾਰ ਮੁੱਕਰੇ ਨਾ ਕਿ ਅਸੀਂ ਇਹ ਕਾਰਵਾਈ ਕਰ ਰਹੇ ਹਾਂ। ਅਸੀਂ ਇਸ ਪਾਖੰਡੀ ਤੋਂ ਦੁਖੀ ਹਾਂ,ਉਨ੍ਹਾਂ ਸਾਰਿਆਂ ਦੀ ਸਹਿਮਤੀ ਲਈ ਗਈ।
ਸਾਡੇ ਨਾਲ 25-30 ਦੇ ਕਰੀਬ ਨੌਜਵਾਨ ਸਨ ਤੇ ਬਾਕੀ ਸਾਰੇ ਮੁਹੱਲੇ ਵਾਲੇ ਨਾਲ ਸੀ। ਬਣਾਈ ਸਕੀਮ ਦੇ ਤਹਿਤ ਅਸੀਂ ਉਹਦੀ ਉਡੀਕ ਕਰਨ ਲੱਗੇ। ਉਹ ਮੋਟਰਸਈਕਲ ਤੇ ਆਇਆ ਤੇ ਅਸੀਂ ਉਹਨੂੰ ਬਾਹਰ ਹੀ ਸਾਰਿਆਂ ਨੇ ਗਲੀ ਵਿੱਚ ਘੇਰ ਲਿਆ।ਉਹਦੇ ਕੋਲੋਂ ਚਾਰ-ਪੰਜ ਸੁਆਲ ਪੁੱਛੇ ਪਰ ਉਹਦੇ ਕੌਲ ਸਾਡੇ ਸੁਆਲਾਂ ਦਾ ਕੋਈ ਜਵਾਬ ਨਹੀਂ ਸੀ। ਬਾਰ-ਬਾਰ ਇੱਕੋ ਹੀ ਗੱਲ ਕਹੀ ਜਾ ਰਿਹਾ ਸੀ ਕਿ ਮੇਰੇ ਕੋਲ ਕੁੱਛ ਹੈ ਤਾਂ ਹੀ ਲੋਕ ਮੇਰੇ ਕੋਲ ਆਉਂਦੇ ਨੇ। ਬੱਸ ਫਿਰ ਕੀ ਸੀ ਸਾਨੂੰ ਤਾਂ ਅੱਗੇ ਕੋਈ ਪੁਆਇੰਟ ਚਾਹੀਦਾ ਸੀ। ਉਹਨੂੰ ਕਿਹਾ ਗਿਆ ਕਿ ਜੇ ਤੇਰੇ ਕੋਲ ਕੋਈ ਸ਼ਕਤੀ ਹੈ ਤਾਂ ਦਿਖਾ, ਪਰ ਕੋਈ ਸ਼ਕਤੀ ਹੁੰਦੀ ਤਾਂ ਦਿਖਾਉਂਦਾ। ਨਾ ਕੋਈ ਪੀਰ ਆਇਆ ਨਾ ਕੋਈ ਦੇਵੀ-ਦੇਵਤਾ ਆਇਆ।ਜਿੰਨ੍ਹਾਂ ਦਾ ਦਾਅਵਾ ਕਰਕੇ ਇਹ ਪਾਖੰਡ ਚਲਾਉਂਦਾ ਸੀ। ਇਸ ਸਾਰੇ ਦੀ ਮੀਡੀਏ ਵਾਲੇ ਵੀ ਰਿਕਾਰਡਿੰਗ ਕਰ ਰਹੇ ਸੀ ਤੇ ਹੋਰ ਨੌਜਵਾਨ ਵੀ ਵੀਡੀਉ ਬਣਾ ਰਹੇ ਸਨ।ਪਹਿਲਾਂ ਸਾਨੂੰ ਆਪਣੇ ਰਸੂਖ ਦੀਆਂ ਧਮਕੀਆਂ ਦੇ ਰਿਹਾ ਸੀ ਕਿਉਂਕਿ ਇਹੇ ਜਿਹੇ ਬੰਦੇ ਦੇ ਸਬੰਧ ਰਾਜਨੀਤਿਕਾਂ ਨਾਲ ਵੀ ਹੁੰਦੇ ਹਨ।ਪਰ ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਉਨ੍ਹੇ ਆਪਣੇ ਪਾਖੰਡ ਨੂੰ ਕਬੂਕ ਕਰ ਲਿਆ ਫਿਰ ਉਸ ਕੋਲੋਂ ਲ਼ਿਖਤੀ ਮਾਫੀ ਮੰਗਵਾਈ ਗਈ ਕਿ ਮੇਰੇ ਵਿੱਚ ਕੋਈ ਗੈਬੀ-ਸ਼ਕਤੀ ਨਹੀਂ ਤੇ ਨਾ ਕੋਈ ਪੀਰ ਦੇਵਤਾ ਆਉਂਦਾ ਹੈ। ਅੱਜ ਤੋਂ ਬਾਅਦ ਇਸ ਪਾਖੰਡ ਦੀ ਦੁਕਾਨ ਨੂੰ ਬੰਦ ਕਰਾਂਗਾ। ਜੇ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਹਾਂ ਤਾਂ ਮੇਰੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੈਂ ਇਹ ਸਭ ਕੁੱਛ ਆਪਣੇ ਹੋਸ਼ੋ-ਹਵਾਸ ਵਿੱਚ ਲਿਖ ਰਿਹਾਂ ਹਾਂ। ਏਸੇ ਤਰ੍ਹਾਂ ਸਾਰੇ ਨੋਜਵਾਨਾਂ ਨੇ ਗੱਡੀ ਚ’ ਬਿਠਾਇਆ ਤੇ ਦਸੂਹੇ ਦੇ ਪੁਲਿਸ ਥਾਣੇ ਵਿੱਚ ਪੁਲਿਸ ਮੁੱਖੀ ਨੂੰ ਉਸ ਦੇ ਹੱਥੌਂ ਲਿਖਤੀ ਮੁਆਫੀਨਾਮਾ ਦੁਆਇਆ ਗਿਆ।ਸਾਡੇ ਕੋਲ ਅਜੇ ਵੀ ਇਸ ਦੀ ਕਾਪੀ ਤੇ ਵੀਡੀਉ ਸਬੂਤ ਵੱਜੋਂ ਸੰਭਾਲ ਕੇ ਰੱਖੀ ਹੋਈ ਹੈ।ਮੈਂ ਲਿਖਣਾ ਨਹੀਂ ਚਾਹੁੰਦਾ ਸਾਂ ਪਰ ਸੱਚਾਈ ਨੂੰ ਛੁਪਾਇਆ ਨਹੀਂ ਜਾ ਸਕਦਾ ਪਰ ਲਿਖਦਿਆਂ ਸ਼ਰਮਿੰਦਗੀ ਮਹਿਸੂਸ ਹੋ ਰਹੀ ਕਿ ਉਸ ਪਾਖੰਡੀ ਬਾਬੇ ਦੀ ਆਪਣੀ ਲੜਕੀ ਨੋਜਵਾਨਾਂ ਦੇ ਦੱਸਣ ਅਨੁਸਾਰ ਘਰੋਂ ਦੋ ਵਾਰ ਕਿਸੇ ਲੜਕੇ ਨਾਲ ਦੋੜ੍ਹੀ ਸੀ। ਜਿਸ ਨੂੰ ਪੁਲਿਸ ਦੀ ਸਹਾਇਤਾ ਨਾਲ ਵਾਪਿਸ ਲਿਆਂਦਾ ਗਿਆ ਸੀ। ਜਿਹੜੇ ਲੋਕ ਆਪਣਾ ਚੰਗਾ ਮਾੜਾ ਨਹੀਂ ਜਾਣਦੇ ਹਨ। ਉਹ ਸਾਡਾ ਕੀ ਸਵਾਰ ਸਕਦੇ ਹਨ।ਇਨ੍ਹਾਂ ਵਿਚਾਰਾਂ ਨੂੰ ਪੜ੍ਹਨ ਵਾਲਾ ਜੇ ਕੋਈ ਕਿਸੇ ਢੌਂਗੀ, ਪਾਖੰਡੀ, ਬਾਬੇ ਨਾਲ ਜੁੜਿਆ ਹੈ ਤਾਂ ਬੇਨਤੀ ਹੈ ਕਿ ਛੱਡ ਦੇਵੇ। ਐਨੇ ਸਮੇਂ ਬਾਅਦ ਇਸ ਘਟਨਾ ਨੂੰ ਇਸ ਕਰਕੇ ਸਾਂਝਾ ਕਰ ਰਿਹਾ ਹਾਂ, ਕਿਉਂਕਿ ਉਸ ਵਕਤ ਮੇਰੇ ਕੋਲ ਆਪਣੀ ਗੱਲ ਨੂੰ ਲਿਖ ਕੇ ਦੂਸਰਿਆਂ ਤੱਕ ਪਹੁੰਚਾੁੳਣ ਦੇ ਇਸ ਤਰ੍ਹਾਂ ਦੇ ਸਾਧਨ ਨਹੀਂ ਸਨ।ਨਾਲ ਦੀ ਨਾਲ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਵਿੱਚੋਂ ਸਾਰੇ ਜਿਹੜੇ ਬਾਬੇ ਦੇ ਪਾਖੰਡ ਦਾ ਪਰਦਾਫਾਸ਼ ਕਰਨ ਵਾਲੇ ਸਨ। ਸਾਡਾ ਕਿਸੇ ਦਾ ਕੁੱਛ ਵਿਗਾੜ ਨਹੀਂ ਸਕਿਆ ਆਪਣੀ ਝੂਠੀਆਂ ਸ਼ਕਤੀਆਂ ਦੇ ਦਾਅਵੇ ਨਾਲ ,ਅਸੀਂ ਸਾਰੇ ਚੰਗੇ ਭਲੇ ਹਾਂ।ਜੇ ਕੋਈ ਵੀ ਆਪਣੇ ਵਿੱਚ ਕਿਸੇ ਗੈਬੀ ਸ਼ਕਤੀ ਜਾਂ ਹੋਰ ਪੀਰ ਦੇਵਤੇ ਦੇ ਆਉਣ ਦਾ ਪਾਖੰਡ ਕਰਦਾ ਹੈ ਤਾਂ ਅਸੀਂ ਉਸਨੂੰ ਚੈਲੰਜ ਕਰਦੇ ਹਾਂ ਕਿ ਸਾਡੇ ਸਾਹਮਣੇ ਆਪਣੀ ਸ਼ਕਤੀ ਦਿਖਾਵੇ।ਇਸ ਦੇਸ਼ ਅੰਦਰ ਸਾਡੀ ਕਮਜ਼ੋਰ ਮਾਨਸਿਕਤਾ ਕਰਕੇ ਹੀ ਸਾਡੀ ਆਰਥਿਕ,ਸਰੀਰਕ ਤੇ ਮਾਨਸਿਕ ਲੁੱਟ ਹੁੰਦੀ ਹੈ।
ਦੁਖਾਂਤ ਇਸ ਗੱਲ ਦਾ ਹੈ ਕਿ ਸਿੱਖ ਕੌਮ ਜਿਸ ਕੌਲ ਗਿਆਨ ਦਾ ਐਨਾ ਵੱਡਾ ਖਜ਼ਾਨਾ ਹੋਣ ਦੇ ਬਾਵਜ਼ੂਦ ਵਿੱਚ ਇਸ ਤਰ੍ਹਾਂ ਦੇ ਅਨੇਕਾਂ
ਅੰਧ-ਵਿਸ਼ਵਾਸਾਂ ਵਿੱਚ ਘਿਰੀ ਹੋਈ ਹਾਂ। ਬਾਕੀਆਂ ਦੇ ਵਾਂਗ ਸਾਡੇ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਕੋਈ ਆਪਣੇ ਵਿੱਚ ਕਿਸੇ ਗੁਰੂ ਸਾਹਿਬ ਦੀ ਜੋਤ ਹੋਣ ਦਾ ਦਾਅਵਾ ਕਰ ਰਿਹਾ ਹੈ।ਕਿਸੇ ਵਿੱਚ ਸਾਹਿਬਜ਼ਾਦੇ ਦੀ ਜੋਤ ਆਉਣ ਦਾ ਪਾਖੰਡ ਕੀਤਾ ਜਾ ਰਿਹਾ ਹੈ। ਕੋਈ ਕਹਿੰਦਾ ਮੇਰੇ ਵਿੱਚ ਬਾਬਾ ਦੀਪ ਸਿੰਘ ਆ ਰਿਹਾ ਤੇ ਕੋਈ ਕਹਿੰਦਾ ਮੇਰੇ ਵਿੱਚ ਫਲ੍ਹਾਣੇ ਸ਼ਹੀਦਾਂ ਦੀ ਜੋਤ ਆਉਂਦੀ ਹੈ। ਸਾਡੇ ਕਮਜ਼ੋਰ ਮਾਨਸਿਕਤਾ ਵਾਲੇ ਲੋਕ ਇੰਨ੍ਹਾ ਪਾਖੰਡੀਆਂ ਦੇ ਜਾਲ ਵਿੱਚ ਆ ਜਾਂਦੇ ਹਨ। ਮਾਨਸਿਕ ਇਲਾਜ ਕਰਾਉਣ ਦੀ ਬਜਾਏ ਅਜਿਹੀਆਂ ਜਗ੍ਹਾਂ ਤੇ ਜਾਣਾ ਸ਼ੁਰੂ ਕਰ ਦਿੰਦੇ ਹਨ।ਸਮੱਸਿਆ ਘਟਣ ਦੀ ਬਜਾਏ ਹੋਰ ਜ਼ਿਆਦਾ ਵੱਧ ਜਾਂਦੀ ਹੈ।ਕਿਸੇ ਡਾਕਟਰ ਕੋਲੋਂ ਟੀਕਾ ਲਗਵਾਉਣ ਲੱਗਿਆਂ ਚੀਕਾਂ ਮਰਨ ਵਾਲੇ ਲੋਕ ਇਨ੍ਹਾਂ ਢੌਂਗੀਆਂ ਕੋਲੋਂ ਚਿਮਟੇ ਵੀ ਹੱਸ-ਹੱਸ ਕੇ ਖਾ ਲੈਂਦੇ ਹਨ।ਮਨੋਵਿਗਆਨੀਆਂ ਕੋਲ ਇਲਾਜ ਕਰਵਾਉਣ ਦੀ ਬਜਾਏ ਪਾਖੰਡੀਆਂ ਨੂੰ ਪੈਸੇ ਦੇਣੇ ਬਿਹਤਰ ਸਮਝਦੇ ਹਨ।ਇਸ ਕਰਕੇ ਗੁਰਬਾਣੀ ਰਾਹੀਂ ਵਧੀਆ ਸੋਚ ਅਤੇ ਆਪਣੇ ਅੰਦਰ ਸਵੈ-ਵਿਸ਼ਵਾਸ ਪੈਦਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਬਹੁੱਤ ਸਾਰਾ ਗਿਆਨ ਕਿਤਾਬਾਂ ਰਾਹੀਂ ਅਤੇ ੰਿੲੰਟਰਨੈੱਟ ਵਰਗੇ ਸਾਧਨਾ ਤੋਂ ਲਿਆ ਜਾ ਸਕਦਾ ਹੈ।
ਅਵਤਾਰ ਸਿੰਘ ਪੰਜਤੂਰ ,ਮੋ: 99144-69939
ਐਮ.ਏ. ਹਿਸਟਰੀ, ਐਮ.ਏ. ਰਿਲੀਜਸ ਸਟੱਡੀਜ਼
ਅਵਤਾਰ ਸਿੰਘ ਪੰਜਤੂਰ
ਪਾਖੰਡੀ ਬਾਬੇ ਦੀ ਕੋਈ ਗੈਬੀ ਸ਼ਕਤੀ ਤੇ ਪੀਰ-ਦੇਵਤਾ ਨਾ ਬਹੁੜਿਆ !!!!! (ਸੱਚੀ ਘਟਨਾ)
Page Visitors: 3138