ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
= # ਗੁਰਮਤਿ ਮਿਸ਼ਨਰੀ ਸੋਚ??? # =
= # ਗੁਰਮਤਿ ਮਿਸ਼ਨਰੀ ਸੋਚ??? # =
Page Visitors: 2675

 =  #  ਗੁਰਮਤਿ ਮਿਸ਼ਨਰੀ ਸੋਚ???  #  =
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਸੰਸਥਾਨਾਂ ਨਾਲ ਜੁੜੇ ਸੱਜਣ ਆਪਣੇ ਸ਼ਬਦਾਂ ਦੀ ਚੋਣ ਮਨਮਤੀ ਢੰਗ ਨਾਲ ਕਰ ਜਾਂਦੇ ਹਨ।ਮਿਸਾਲ ਦੇ ਤੌਰ ਤੇ ਇਕ ਸੰਪਾਦਕ ਜੀ ਨੇ ਆਪਣੇ ਵਲੋਂ ੫-੬ ਪੰਗਤਿਆਂ ਲਿਖ ਕੇ ਉਨ੍ਹਾਂ ਦਾ ਸਿਰਲੇਖ "ਅੰਮ੍ਰਿਤ ਮਈ ਬਚਨ" ਲਿਖ ਦਿੱਤਾ! ਇਹ ਇਕ ਅਗਿਆਨ ਪੁਰਣ ਗਲ ਸੀ। ਜਦ ਮੈਂ ਇਸ ਵਿਸ਼ੇ ਬਾਰੇ ਲਿਖਿਆ ਤਾਂ ਉਨ੍ਹਾਂ ਨੇ ਸਿਰਲੇਖ ਨੂੰ "ਅੰਮ੍ਰਿਤ ਮਈ ਬਚਨ" ਦੇ ਬਜਾਏ "ਉਪਦੇਸ਼ ਮਈ ਬਚਨ" ਕਰਕੇ ਹਉਮੇ ਦੁਹਰਾ ਦਿੱਤੀ। ਉਨ੍ਹਾਂ ਵਲੋਂ ਆਪਣੀਆਂ ਲਿਖਿਆਂ ਪੰਗਤਿਆਂ ਲਈ ਇਹ ਦੋਵੇ ਸਿਰਲੇਖ ਗੁਰਮਤਿ ਅਨੁਸਾਰੀ ਨਹੀਂ ਸਨ ਕਿਉਂਕਿ ਕਿਸੇ ਸਿੱਖ ਨੂੰ ਇਹ ਸੋਭਦਾ ਨਹੀਂ ਕਿ ਉਹ ਆਪਣੀਆਂ ਲਿਖਿਆਂ ਸਤਰਾਂ ਨੂੰ "ਅੰਮ੍ਰਿਤ ਮਈ" ਜਾਂ "ਉਪਦੇਸ਼ ਮਈ" ਕਰਕੇ ਪ੍ਰਚਾਰਤ ਕਰੇ। ਅੰਮ੍ਰਿਤ ਮਈ ਅਤੇ ਉਪਦੇਸ਼ ਮਈ ਤਾਂ ਕੇਵਲ ਗੁਰੂ ਸਾਹਿਬਾਨ ਜੀ ਦੀ ਬਾਣੀ ਹੈ! ਮੈਂ ਦੁਬਾਰਾ ਇਸ ਬਾਬਤ ਲਿਖਿਆ।
ਖੈਰ, ਚਾਰਾ ਨਾ ਵੇਖ ਸੰਪਾਦਕ ਜੀ ਨੇ ਆਪਣੀਆਂ ਪੰਗਤਿਆਂ ਲਈ "ਉਪਦੇਸ਼ ਮਈ ਬਚਨ" ਸਿਰਲੇਖ ਬਦਲ ਕੇ ਹੇਠ ਬਾਣੀ ਦੀ ਪੰਗਤੀ ਲਿਖ ਗਲਤੀ ਠੀਕ ਕੀਤੀ।ਗਲਤੀ ਸਵੀਕਾਰ ਕਰ ਲੇਣ ਵਿਚ ਸਿਆਣਪ ਹੁੰਦੀ ਹੈ।
ਹੁਣ ਉਨ੍ਹਾਂ ਨੇ ਇਕ 'ਸੋਚ' ਪੇਸ਼ ਕੀਤੀ ਹੋਈ ਹੈ ਜਿਸ ਦਾ ਨਾਮ ਰਖਿਆ ਹੈ "ਗੁਰਮਤ ਮਿਸ਼ਨਰੀ ਸੋਚ"! ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗੁਰਮਤਿ ਤਾਂ ਹੈ ਹੀ ਪਰ ਇਹ "ਗੁਰਮਤਿ ਮਿਸ਼ਨਰੀ ਸੋਚ" ਕੀ ਹੁੰਦੀ ਹੈ ? ਬਿਨ੍ਹਾਂ ਵਿਚਾਰੇ ਅਜਿਹਾ ਵਾਕਾਂਸ਼ ਘੜਨਾ ਇਸ ਗਲ ਦਾ ਸਬੂਤ ਹੈ ਕਿ ਪ੍ਰਚਾਰ ਸੰਸਥਾਨਾਂ ਨਾਲ ਜੁੜੇ ਜਿੰਮੇਵਾਰ ਸੱਜਣਾਂ ਵਿਚ ਜ਼ਿੰਮੇਵਾਰਾਨਾ ਸੋਚ ਦੀ ਕਮੀ ਹੈ,  ਜਿਸ ਕਾਰਣ ਗੁਰਮਤਿ ਨਾਲ "ਮਿਸ਼ਨਰੀ ਸੋਚ" ਜਿਹੇ ਸ਼ਬਦਾਂ ਨੂੰ ਜੋੜਨ ਦੀ ਕੋਤਾਹੀ ਹੁੰਦੀ ਹੈ।‘ਗੁਰਮਤਿ’ ਨੂੰ  'ਗੁਰਮਤਿ ਮਿਸ਼ਨਰੀ ਸੋਚ' ਲਿਖਣਾ ਉੱਚਿਤ ਨਹੀਂ। ‘ਗੁਰਮਤਿ’ ਕਿਸੇ ਧਿਰ ਦੀ ਸੋਚ ਦੀ ਮੋਹਤਾਜ ਨਹੀਂ ਕਿ ਧਿਰ ਨੂੰ ਉੱਚਾ ਦਰਸਾਉਣ ਲਈ ਇੰਝ ਦਾ ਮਨਮਤੀ ਵਾਕਾਂਸ਼ ਘੜਿਆ ਜਾਏ। ਜਿੰਮੇਵਾਰ ਸੰਸਥਾਨ ਪ੍ਰਤੀ ਆਪਣੀ ਜਿੰਮੇਵਾਰੀ ਸਮਝੀ ਜਾਣੀ ਚਾਹੀਦੀ ਹੈ।
ਹੁਣ ਅਗਲੀ ਸ਼ਬਦਾਵਲੀ ਵਿਚ ਸੰਪਾਦਕ ਜੀ ਦਾ ਖ਼ਿਆਲ ਹੈ ਕਿ ਉਹ ਗੁਰੂ ਸਾਹਿਬਾਨ ਦੀ ਭਾਵਨਾ ਨਾਲ ਇਨਸਾਫ਼ ਕਰਨ ਯੋਗ ਹਨ। ਮੈਂ ਅੱਜ ਤਕ ਕਿਸੇ ਐਸੇ ਸਿੱਖ ਬਾਰੇ ਨਹੀਂ ਜਾਣਦਾ ਜੋ ਗੁਰੂ ਸਾਹਿਬਾਨ ਨਾਲ ਇਨਸਾਫ਼ ਜਾਂ ਬੇਇਨਸਾਫ਼ੀ ਕਰਨ ਦੀ ਯੋਗਤਾ ਰੱਖਦਾ ਹੋਵੇ।ਸਿੱਖ ਗੁਰੂ ਦੀ ਗਲ ਮੰਨ ਜਾਂ ਨਾ ਮੰਨ ਕੇ ਆਪਣੇ ਨਾਲ ਇਨਸਾਫ਼ ਜਾਂ ਬੇਇਨਸਾਫ਼ੀ ਕਰ ਸਕਦਾ ਹੈ ਪਰ ਗੁਰੂ ਸਾਹਿਬਾਨ ਦੇ ਨਾਲ ਇਨਸਾਫ਼ ਕਰਨ ਦੀ ਸੋਚ ਵਿਚਾਰਕ ਘਾਟ ਦੀ ਪ੍ਰਤੀਕ ਹੈ।
ਹੁਣ ਅਜਿਹੇ ਸੱਜਣ ਗੁਰੂ ਸਾਹਿਬਾਨ ਦੀ ਭਾਵਨਾ ਨਾਲ ਇਨਸਾਫ਼ ਕਰਨ ਦੇ ਜੱਜ ਬਣ ਕੇ ਗੁਰਬਾਣੀ ਵਿਚ ਆਪ ਹੂਦਰੇ ਅਜਿਹੇ ਵਿਸ਼ਰਾਮ ਚਿੰਨ੍ਹ ਲਗਾ ਰਹੇ ਹਨ ਜੋ ਕਿ ਗੁਰੂ ਸਾਹਿਬਾਨ ਨੇ ਨਹੀਂ ਲਗਾਏ।ਇੱਥੇ ਹੀ ਬਸ ਨਹੀਂ, ਇਨਸਾਫ਼ ਦੇ ਅਜਿਹੇ ਫ਼ਰਿਸ਼ਤਿਆਂ ਨੇ ਵੱਖ-ਵੱਖ ਲਿਖਤਾਂ ਵਿਚ ਆਪਣੇ-ਆਪਣੇ ਹਿਸਾਬ ਨਾਲ ਵਾਧੂ ਵਿਸ਼ਰਾਮ ਚਿੰਨ੍ਹ ਲਾਗਉਣੇ ਸ਼ੁਰੂ ਕੀਤੇ ਹਨ। ਜਿਹੜੇ ਸੱਜਣ  ਗੁਰਮਤਿ ਦੇ ਨਾਮ ਤੇ "ਗੁਰਮਤਿ ਮਿਸ਼ਨਰੀ ਸੋਚ" ਲਿਖਦੇ, ਗੁਰੂ ਸਾਹਿਬ ਨਾਲ ਇਨਸਾਫ਼ ਕਰਨ ਦੀ ਭਾਵਨਾ ਦੇ ਦਾਵੇ ਨਾਲ ਬਾਣੀ ਵਿਚ ਵਾਧੂ ਵਿਸਰਾਮ ਚਿੰਨ੍ਹ ਲਗਾਉਂਦੇ ਹੋਣ ਉਨ੍ਹਾਂ ਦੀ ਸੋਚ, ਦੂਰਗਾਮੀ ਸਿੱਟੇਆਂ ਵਿਚ, ਗੁਰਬਾਣੀ ਅਤੇ ਸਿੱਖ ਵਿਰੋਧੀ ਧਿਰਾਂ ਦਾ ਪੱਖ ਪੁਰਦੀ ਹੈ, ਚਾਹੇ ਉਹ ਆਪਣੀਆਂ ਲਿਖਤਾਂ ਵਿਚ ਅਜਿਹੀਆਂ ਧਿਰਾਂ ਦਾ ਵਿਰੋਧ ਹੀ ਕਿਉਂ ਨਾ ਪ੍ਰਗਟ ਕਰਦੇ ਹੋਣ
ਉਨ੍ਹਾਂ ਨੂੰ ਆਪਣੀ ਸੋਚ ਦੇ ਢੰਗ ਪੁਰ ਪੁਨਰਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਪ੍ਰਚਾਰ ਸੰਸਥਾਵਾਂ ਗੁਰਮਤਿ ਅਨੁਸਾਰ ਮਜ਼ਬੂਤ ਹੋਣ।

ਹਰਦੇਵ ਸਿੰਘ,ਜੰਮੂ-੨੬.੦੧.੨੦੧੬

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.