1984 ਦਾ ਪੰਜਾਬ ------2016 ਦਾ ਹਰਿਆਣਾ
ਪ੍ਰੋ. ਦਰਸ਼ਨ ਸਿੰਘ ਖਾਲਸਾ
ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਮੀ ਦਿਸ ਆਈ।
ਮੈ ਜਾਨਿਆ ਦੁਖ ਮੁਝ ਕੋ ਦੁਖ ਸਬਾਇਆ ਜਗ।
ਕਦੀ 1984 ਵਿੱਚ "ਕਲਿ ਕਾਤੀ ਰਾਜੇ ਕਾਸਾਈ" ਦਾ ਜ਼ੁਲਮ ਅਖੀਂ ਦੇਖਿਆ ਤਨ 'ਤੇ ਹੰਡਾਇਆ ਅਤੇ, ਹੁਣ ਫਿਰ ਹਰੀਆਣੇ ਵਿੱਚ ਮਨੁੱਖੀ ਹਿਰਦਿਆਂ ਨੂੰ ਤੜਪਾ ਦੇਣ ਵਾਲਾ ਜਾਲਮ ਦੀ ਗੁੰਡਾ ਗਰਦੀ ਅਤੇ ਜ਼ੁਲਮ ਦਾ ਤਾਂਡਵ ਨਾਚ ਦੇਖ ਕੇ, ਇਸ ਆਤਸ਼ ਦੁਨੀਆਂ ਪਰਤੀ ਸੰਖੇਪ ਵਿੱਚ ਕੁਛ ਸੋਚਣਾ ਅਤੇ ਕਹਿਨਾ ਚਾਹੁਂਦਾ ਹਾਂ। ਜ਼ਰਾ ਸੋਚੋ।
ਅੱਜ ਸੁੱਖਾਂ ਦਾ ਬੇਅੰਤ ਸਮਾਨ ਹੋਂਦਿਆਂ ਸੰਸਾਰ ਫਿਕਰਾਂ ਚਿੰਤਾਂਵਾਂ ਦੀ ਅੱਗ ਵਿੱਚ ਜਲ ਰਿਹਾ ਹੈ। ਹਰ ਪਾਸੇ ਸਹਿਮ ਹੀ ਸਹਿਮ, ਨੀਂਦ ਵਿੱਚ ਸਹਿਮ, ਜਾਗ੍ਰਤੀ ਵਿੱਚ ਸਹਿਮ , ਘਰ ਵਿੱਚ ਸਹਿਮ ਸਫਰ ਵਿੱਚ ਸਹਿਮ, ਅੱਜ ਕਿਸੇ ਆਦਮੀ ਦੀ ਜਾਨ ਮਾਲ ਔਰਤ ਦੀ ਇਜ਼ਤ ਆਬਰੂ ਕਿਤੇ ਭੀ ਕੁਝ ਭੀ ਤਾਂ ਸੁਰਖਸ਼ਤ ਨਹੀਂ, ਸਭ ਥਾਵੇਂ ਸਭ ਕੁੱਛ ਲੁੱਟਿਆ ਜਾ ਰਿਹਾ ਹੈ। ਕਿਤੇ ਸਿਆਸਤ ਦੀ ਕੁਰਸੀ 'ਤੇ ਕਾਬਜ਼ ਸਿਆਸੀ ਲੁਟੇਰੇ ਆਪਣੀਆਂ ਪਾਲੀਆਂ ਹੋਈਆਂ ਗੁੰਡਾ ਫੌਜਾਂ ਰਾਹੀਂ ਲੁਟ ਰਹੇ ਨੇ। ਕਿਤੇ ਧਾਰਮਕ ਪਦਵੀਆਂ ਅਤੇ ਧਰਮ ਅਸਥਾਨਾਂ ਤੇ ਕਾਬਜ਼ ਅਖੌਤੀ ਧਰਮ ਦੇ ਬੈਨਰ ਹੇਠ ਧੋਤੀ ਟਿੱਕਾ ਨੀਲੀਆਂ ਚਿੱਟੀਆਂ ਗੋਲ ਨੋਕਦਾਰ ਪੱਗਾਂ ਵਾਲਿਆਂ ਨੇ ਲੰਬੇ ਚੋਲਿਆਂ ਹੇਠ ਹਵਸ਼ ਦੇ ਹਥਿਆਰ ਨਾਲ ਮਨੁੱਖਤਾ ਦਾ ਜੀਵਨਾ ਹਰਾਮ ਕੀਤਾ ਹੋਇਆ ਹੈ। ਇਸ ਸਿਆਸੀ ਜਾਂ ਧਾਰਮਕ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ ਹਰ ਕਿਸੇ ਨੂੰ ਦਬਾਉਣ ਲਈ ਡਾਂਗਾਂ ਗੋਲੀਆਂ ਜੇਹਲਾਂ ਝੂਠੇ ਕੇਸ ਜਾਤੀ ਵਾਦ, ਸਿਆਸੀ ਅਤੇ ਧਾਰਮਿਕ ਠੇਕੇਦਾਰਾਂ ਦਾ ਜ਼ਾਲਮ ਹਥਿਆਰ ਹੀ ਹਮੇਸ਼ਾਂ ਵਰਤਿਆ ਗਿਆ। ਸਦੀਆਂ ਤੋਂ ਐਸਾ ਹੀ ਹੋ ਰਿਹਾ ਹੈ ਬਾਬਾ ਕਬੀਰ, ਬਾਬਾ ਨਾਮ ਦੇਵ, ਬਾਬਾ ਰਵੀਦਾਸ ਜੀ ਨਾਲ ਭੀ ਐਸਾ ਹੀ ਹੋਇਆ। ਰੋਗ ਬੜਤਾ ਗਿਆ ਜਿਉਂ ਜਿਉਂ ਦਵਾ ਕੀ । ਬਾਬੇ ਨਾਨਕ ਨੇ ਬਾਬਰ ਜ਼ਾਬਰ ਦਾ ਜ਼ੁਲਮ ਦੇਖਿਆ ਅਤੇ ਗੁਰਬਾਣੀ ਰਾਹੀਂ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥
ਆਖ ਕੇ ਇਸ ਜ਼ੁਲਮ ਵਿਰੁਧ ਇਕ ਬਲਵਾਨ ਆਵਾਜ਼ ਨਾਲ ਚੈਲੰਜ਼ ਅਰੰਭਿਆ, ਜੇਹੜੀ ਆਵਾਜ਼ ਨਾਲ ਭਗਤਾਂ ਦੀ ਆਵਾਜ਼ ਮਿਲਕੇ ਇਕ ਕਾਫਲਾ ਬਣ ਗਿਆ ਮਨੁੱਖਤਾ ਦੀ ਹਮਦਰਦ ਇਸ ਕਾਫਲੇ ਦੀ ਆਵਾਜ਼ ਨੇ ਹੀ ਆਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਲਿਆ। ਬਸ ਉਦੋਂ ਤੋਂ ਹੀ ਸਮੇਂ ਸਮੇਂ ਰਾਜ ਸ਼ਕਤੀਆਂ ਜਹਾਂਗੀਰ, ਔਰੰਗਜ਼ੇਬ, ਅੰਗਰੇਜ਼, ਇੰਦਰਾ, ਅਡਵਾਨੀ ਆਰ.ਐਸ.ਐਸ. ਅਤੇ ਧਰਮ ਦੇ ਨਕਾਬ ਵਿੱਚ ਪਿਰਥੀਚੰਦ, ਧੀਰਮਲ, ਨਿਰਮਲੇ, ਉਦਾਸੀ ਭੇਖਧਾਰੀ ਸੰਤਾਂ ਮਹੰਤਾਂ ਅਤੇ ਹੁਣ ਬਦਕਿਸਮਤ ਜੱਥੇਦਾਰਾਂ ਦੇ ਰੂਪ ਵਿੱਚ ਗੁਰੂ ਦੇ ਕਾਫਲੇ ਦੀ ਇਸ ਸ਼ਕਤੀ ਸ਼ਾਲੀ ਅਵਾਜ਼ ਨੂੰ ਖਤਮ ਕਰਨ ਜਾਂ ਬ੍ਰਾਹਮਨਵਾਦ ਦੇ ਕਰਮਕਾਂਡਾਂ ਵਿੱਚ ਅਭੇਦ ਕਰਕੇ ਛੁਪਾ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲੱਗ ਰਿਹਾ ਹੈ । ਕਿਉਂਕਿ ਗੁਰਬਾਣੀ ਧੁਰੋਂ ਆਈ ਆਵਾਜ਼ ਹੈ, ਇਸ ਨੂੰ ਇਹ ਖਤਮ ਤਾਂ ਕਰ ਨਹੀਂ ਸਕਦੇ।
ਪਰ ਦੁਖ ਇਸ ਗੱਲ ਦਾ ਹੈ ਕੇ ਜਿਸ ਸਮਾਜ ਦੇ ਦਰਦ ਨਾਲ ਜਿਸ ਸਮਾਜ ਦੇ ਉਜਲੇ ਭਵਿੱਖ ਲਈ ਗੁਰੂ ਬਾਣੀ ਦੀ ਬਲਵਾਨ ਆਵਾਜ਼ ਬਣਿਆਂ ਸੀ, ਇਹ ਜ਼ਾਲਮ ਲੋਕ ਇਸ ਸਾਮਾਜ ਨੂੰ ਅੱਜ ਉਸ ਗੁਰੂ ਅਤੇ ਗੁਰਬਾਣੀ ਤੋਂ ਹੀ ਦੂਰ ਰੱਖਣ ਲਈ ਪੂਰਾ ਜ਼ੋਰ ਲਾ ਰਹੇ ਹਨ। ਹੁਣ ਮਨੁੱਖੀ ਸਮਾਜ ਨੂੰ ਗੰਭੀਰ ਹੋਕੇ ਸੋਚਣਾ ਪਵੇਗਾ ਕਿ ਅੱਜ ਇਸ ਸਮਾਜ ਦੇ ਇਹ ਹਾਲਤ ਕਿਉਂ ਹਨ ਕਿ 1984 ਪੰਜਾਬ ਅਤੇ 2016 ਹਰਿਆਣੇ ਵਰਗੇ ਹਾਲਾਤ ਥੰਮਣ ਦਾ ਨਾਮ ਨਹੀਂ ਲੈਂਦੇ, ਬਲਕਿ ਭਵਿੱਖ ਲਈ ਭੀ ਖਤਰਾ ਬਣੇ ਹੋਏ ਹਨ।
ਜਵਾਬ: ਇਸ ਗੱਲ ਦੇ ਜਵਾਬ ਲਈ ਮੇਰੇ ਸਾਹਮਣੇ ਕੁਝ ਉਧਾਹਰਣ ਹਨ।
ਰਾਜਨੀਤਕ ਪਦਵੀ ਆਮ ਭੀ ਨਹੀਂ, ਦੇਵਤਿਆਂ ਦੀ ਨਗਰੀ ਦਾ ਰਾਜਾ ਇੰਦਰ ਜਿਸਦੇ ਰਾਜ ਦਰਬਾਰ ਵਿੱਚ ਸ਼ਰਾਬ ਦੇ ਦੌਰ ਚਲਦੇ ਹਨ, ਅਪੱਛਰਾਂ ਦੇ ਨਾਚ ਹੋਂਦੇ ਹਨ, ਰਾਜਾ ਇੰਦਰ ਇਤਨਾ ਵਿਭਚਾਰੀ ਹੈ ਕਿ ਰਿਸ਼ੀ ਗੌਤਮ ਦੀ ਪਤਨੀ ਨਾਲ ਰੂਪ ਬਦਲਕੇ ਰਾਤ ਦੇ ਅੰਧੇਰੇ ਵਿੱਚ ਜਾਕੇ ਵਿਭਚਾਰ ਕਰਦਾ ਹੈ, ਫਿਰ ਸਹਿਸ ਭਗੀ ਰੂਪ ਵਿੱਚ ਸਜਾਯਾਫਤਾ ਹੈ, ਉਸਦੇ ਰਾਜ ਨੂੰ ਸਵਰਗ ਕਿਹਾ ਜਾ ਰਿਹਾ ਹੈ, ਐਸੇ ਰਾਜੇ ਨੂੰ ਬਾਰ ਬਾਰ ਰਾਜ ਸਿੰਘਾਸਣ ਦਿਤਾ ਜਾਂਦਾ ਹੈ, ਅਤੇ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਮੁਤਾਬਕ ਦੇਵ ਇਸਤਰੀਆਂ ਵਲੋਂ ਉਸਦੀਆਂ ਆਰਤੀਆਂ ਉਤਾਰੀਆਂ ਜਾ ਰਹੀਆਂ ਹਨ "ਆਰਤੀ ਕੋਟ ਕਰਹਿਂ ਸੁਰ ਸੁੰਦਰ ਪੇਖ ਪੁਰਿੰਦਰ ਕੇ ਬਲ ਜਾਵਹਿ"। ਇਹੋ ਜਿਹੇ ਰਾਜੇ ਅਤੇ ਰਾਜ ਸਾਡੇ ਸਮਾਜ ਦੇ ਰੋਲ ਮਾਡਲ ਹਨ।
ਦੂਜੇ ਪਾਸੇ ਸ਼ਰਾਬ ਭੰਗ ਅਫੀਮ ਦੇ ਨਸ਼ੇ ਵਿੱਚ ਧੁੱਤ ਰਹਿਣ ਵਾਲੇ, ਗਲ ਵਿੱਚ ਖੂਨ ਵਗਦੇ ਮੁਰਦਿਆਂ ਦੇ ਸਿਰਾਂ ਦੀ ਮਾਲਾ ਪਾਉਣ ਵਾਲੇ ਭਿਆਣਕ ਰੂਪ, ਖੁਨ ਪੀਣ ਵਾਲੇ ਮੌਤ ਰੂਪ ਜਿਸ ਸਮਾਜ ਵਿੱਚ ਐਸੇ ਤਾਂਡਵੀ ਨਾਚ ਵਾਲਿਆਂ ਦੀ ਪੂਜਾ ਅਤੇ ਉਪਾਸ਼ਣਾ ਹੋਂਦੀ ਹੋਵੇ, ਧਰਮ ਨੂੰ ਇਕ ਫਾਹੀ ਰੂਪ ਵਿੱਚ ਅਨਜਾਣ ਸ਼ਰਧਾਲੂਆਂ ਦੇ ਗਲ ਦੀ ਗੁਲਾਮੀ ਬਣਾ ਜ਼ਮੀਰ ਦੀ ਮੌਤ ਕਰ ਦੇਣ ਵਾਲੇ, ਧਾਰਮਿਕ ਪਦਵੀਆਂ 'ਤੇ ਬੈਠੇ, ਧਾਰਮਿਕ ਅਗਵਾਈ ਕਰਨ ਦੇ ਦਾਵੇਦਾਰ ਲੋਕ ਐਸੀਆਂ ਤਾਂਡਵੀ ਸ਼ਕਤੀਆਂ ਦੀ ਪੂਜਾ ਅਤੇ ਉਪਾਸ਼ਣਾ ਕਰਨ ਉਸ ਸਾਮਾਜ ਵਿੱਚ ਸੁਖ ਸ਼ਾਂਤੀ ਜੀਵਨ ਦੀ ਸੁਰਖਸ਼ਤਾ ਕਿੱਥੇ!!
ਬਸ ਇਹਨਾ ਕਾਰਣਾਂ ਤੋਂ ਹੀ ਸਮਾਜ ਦੇ ਅੱਜ ਵਾਲੇ ਹਾਲਾਤਾਂ ਦਾ ਜਨਮ ਹੋਇਆ ਹੈ
"ਸੀਖੇ ਕਬਾਬ ਹੈ ਹਮ ਕਰਵਟੇਂ ਹਰਸੂ ਬਦਲਤੇ ਹੈਂ।
ਜਬ ਜਲ ਜਾਤਾ ਹੈ ਯਹਿ ਪਹਲਿੂ ਤੋ ਵੁਹ ਪਹਿਲੂ ਬਦਲਤੇ ਹੈਂ।
ਸਮਾਜ ਦੇ ਲੋਕੋ ਜੇ ਸੱਚ ਮੁੱਚ ਇਹਨਾ ਹਾਲਾਤਾਂ ਤੋਂ ਦੁਖੀ ਹੋ ਅਤੇ ਜੀਵਨ ਸੁਰਖਸ਼ਤ ਚਾਹੁੰਦੇ ਹੋ, ਤਾਂ ਗੁਰਬਾਣੀ ਦੀ ਬਲਵਾਨ ਆਵਾਜ਼ ਦੇ ਕਾਫਲੇ ਵਿੱਚ ਆ ਜਾਵੋ। ਤੇ ਜੇ 1984 ਅਤੇ 2016 ਜੇਹੇ ਜ਼ੁਲਮ ਸਹਿਨ ਦੇ ਆਦੀ ਹੋ ਚੁਕੇ ਹੋ, ਤਾਂ ਤੁਹਾਡਾ ਰੱਬ ਰਾਖਾ।
With thanks from ‘Khalsa News’
ਦਰਸ਼ਨ ਸਿੰਘ (ਪ੍ਰੋ.)
1984 ਦਾ ਪੰਜਾਬ ------2016 ਦਾ ਹਰਿਆਣਾ
Page Visitors: 2877