ਕੈਟੇਗਰੀ

ਤੁਹਾਡੀ ਰਾਇ



ਹਾਕਮ ਸਿੰਘ
ਸਿੱਖ ਇਤਹਾਸ ਬਾਰੇ ਕੁੱਝ ਅਣਗੌਲੇ ਤੱਥ
ਸਿੱਖ ਇਤਹਾਸ ਬਾਰੇ ਕੁੱਝ ਅਣਗੌਲੇ ਤੱਥ
Page Visitors: 3139

 

                        ਸਿੱਖ ਇਤਹਾਸ ਬਾਰੇ ਕੁੱਝ ਅਣਗੌਲੇ ਤੱਥ

   ਗੁਰੂ ਨਾਨਕ ਸਾਹਿਬ ਨੇ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਦਾ ਦੂਰ ਦੁਰਾਡੇ ਥਾਵਾਂ ਤੇ ਜਾ ਕੇ ਪਰਚਾਰ ਕੀਤਾ, ਗੁਰਮਤਿ ਗਿਆਨ ਨੂੰ ਗੁਰਬਾਣੀ ਪੋਥੀ ਵਿਚ ਅੰਕਤ ਕਰਕੇ ਉਸ ਦੀ ਸਿਖਿਆ, ਵਿਆਖਿਆ ਅਤੇ ਪਰਸਾਰ ਲਈ ਸਤਸੰਗਤ ਦਾ ਆਯੋਜਨ ਕੀਤਾ, ਅਤੇ ਸਤਸੰਗਤ ਦੇ ਮੁਖੀ ਦੀ ਚੋਣ ਵਿਚ ਯੋਗਤਾ ਦੇ ਸਿਧਾਂਤ ਦੀ ਪਰੱਥਾ ਚਲਾਈ। ਉਹਨਾਂ ਨੇ ਆਪਣੇ ਆਪ ਨੂੰ ਗੁਰੂ ਨਹੀ ਸੀ ਸਦਾਇਆ ਅਤੇ ਨਾ ਹੀ ਸਤਸੰਗਤ ਦਾ ਮੁਖੀ ਚੁਨਣ ਦੀ ਪਰਕਿਰਿਆ ਰਾਹੀਂ ਕੋਈ ਗੱਦੀ ਸਥਾਪਤ ਕੀਤੀ ਸੀ। ਉਹਨਾਂ ਤੇ ਮਾਨਵਤਾ ਦੇ ਕਲਿਆਨ ਲਈ ‘ਧੁਰ ਕੀ ਬਾਣੀ’ ਦੀ ਰਚਨਾ ਕਰਕੇ ਉਸ ਦੇ ਪਰਸਾਰ ਅਤੇ ਵਿਸਥਾਰ ਲਈ ਅਦੁੱਤੀ ਉਦਮ ਅਤੇ ਉਸ ਦੇ ਰੋਸ਼ਨ ਭਵਿਖ ਲਈ ਲੋੜੀਂਦੀ ਵਿਵਸਥਾ ਕੀਤੀ ਸੀ। ਸਤਸੰਗਤ ਦੇ ਮੁਖੀ ਦੀ ਉਪਾਧੀ ਨੂੰ ਗੱਦੀ ਦਾ ਨਾਂ ਦੇਣਾ ਅਯੋਗ ਜਾਪਦਾ ਹੈ ਕਿਊਂਕੇ ਇਹ ਕੋਈ ਸੰਸਾਰਕ ਪਦਵੀ ਨਹੀਂ ਸੀ। ਸੰਸਾਰਕ ਗੱਦੀ ਤੇ ਇਕ ਐਸੀ ਪਦਵੀ ਹੈ ਜੋ ਮਨੁਖਤਾ ਦੇ ਇਤਹਾਸ ਵਿਚ ਵਿਵਾਦਾਂ ਦੀ ਜੜ ਬਣੀ ਰਹੀ ਹੈ। ਇਸ ਦਾ ਗੁਰਮਤਿ ਦੇ ਅਧਿਆਤਮਕ ਗਿਆਨ ਨਾਲ ਕੋਈ ਵਾਸਤਾ ਨਹੀਂ ਹੈ।
   ਗੱਦੀ ਨਾਲ ਜੁੜੀ ਵਰਾਸਤ, ਵਲੀਐਹਦੀ, ਰਿਸ਼ਤੇ ਅਤੇ ਨਾਤੇ ਗੁਰਮਤਿ ਦੇ ਵਿਸ਼ੇ ਨਹੀਂ ਹਨ। ਗੁਰਮਤਿ ਵਿਚ ਇਹਨਾਂ ਹੈਸੀਅਤਾਂ ਦੀ ਕੋਈ ਐਹਮੀਅਤ ਨਹੀ ਹੈ। ਹਾਂ, ਸੰਸਾਰ, ਸਮਾਜ, ਸ਼ਾਸਨ ਅਤੇ ਕਨੂੰਨ ਗੱਦੀ ਅਤੇ ਗੱਦੀਨਸ਼ੀਨਾਂ ਨੂੰ ਬਹੁਤ ਮਹੱਤਤਾ ਦਿੰਦਾ ਆਇਆ ਹੈ। ਹਰ ਗੱਦੀ ਨਾਲ ਸ਼ਕਤੀ, ਲੋਭ, ਮੋਹ ਅਤੇ ਅਹੰਕਾਰ ਜੁੜੇ ਹੁੰਦੇ ਹਨ। ਗੁਰਿਆਈ ਰਾਹੀਂ ਸੰਸਾਰਕ ਗੱਦੀ ਪਰਾਪਤ ਕਰਨ ਦੇ ਲੋਭ ਵਿਚ ਅਤੇ ਗੁਰਮਤਿ ਦੀ ਲੋਕ ਪਰਿਅਤਾ ਦੇ ਆਸਰੇ ਮਹਾਨ ਬਨਣ ਲਈ ਗੁਰ ਪਰਵਾਰਾਂ ਦੇ ਕਈ ਸਦੱਸਾਂ ਨੇ ਗੁਰਿਆਈ ਪਰਾਪਤ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਸਨ ਅਤੇ ਜਦੋਂ ਉਹਨਾਂ ਨੂੰ ਗੁਰੂ ਪਦਵੀ ਪਰਾਪਤ ਨਾ ਹੋਈ ਉਹਨਾਂ ਨੇ ਗੁਰੂ ਸਾਹਿਬਾਨ ਪ੍ਰਤਿ ਅਸੱਭਿਅਕ ਅਤੇ ਆਪੱਤੀਜਨਕ ਵਤੀਰਾ ਅਪਣਾ ਲਿਆ ਸੀ। ਗੁਰੂ ਸਾਹਿਬਾਨ ਨਾਲ ਸਬੰਧਤ ਕਈ ਵਅਕਤੀਆਂ ਨੇ, ਜਿਨ੍ਹਾਂ ਵਿਚ ਗੁਰਿਆਈ ਦੇ ਕਈ ਅਸਫਲ ਉਮੀਦਵਾਰ ਅਤੇ ਉਹਨਾਂ ਦੇ ਵਾਰਸ ਵੀ ਸ਼ਾਮਲ ਸਨ, ਗੁਰਬਾਣੀ ਵਿਚ ਰਲਾ ਕਰਨ, ਨਕਲੀ ਗ੍ਰੰਥ ਰਚਣ ਅਤੇ ਗੁਰਮਤਿ ਬਾਰੇ ਭੁਲੇਖੇ ਪਾਉਣ ਲਈ ਗੁਰ ਇਤਹਾਸ ਨੁੰ ਵਿਗਾੜਨ ਦੇ ਕੋਝੇ ਕੰਮ ਕੀਤੇ ਜਾਂ ਕਰਵਾਏ ਸਨ। ਗੁਰਦੁਆਰਿਆਂ ਵਿਚ ਉਹਨਾਂ ਦੇ ਉਦਾਸੀ ਅਤੇ ਨਿਰਮਲੇ ਪੁਜਾਰੀਆਂ ਨੇ ਗੁਰਮਤਿ ਵਿਰੋਧੀ ਮਰਿਆਦਾਵਾਂ ਲਾਗੂ ਕਰ ਕੇ ਸ਼ਰਧਾਲੂਆਂ ਨੂੰ ਗੁਰਮਤਿ ਨਾਲੋਂ ਤੋੜਣ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਵੀ ਕਿਸੇ ਵਿਦਵਾਨ ਨੇ ਗੁਰਮਤਿ ਵਿਰੋਧੀ ਰੀਤਾਂ ਦੀ ਵਿਰੋਧਤਾ ਕਰਨ ਦਾ ਹੌਸਲਾ ਕੀਤਾ ਉਸ ਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਗਿਆ ਜਾਂ ਪੰਥ ਵਿਚੋਂ ਛੇਕ ਦਿੱਤਾ ਗਿਆ।   
  ਗੁਰ ਪਰਵਾਰਾਂ ਨਾਲ ਸਬੰਧਤ ਗੁਰਮਤਿ ਵਿਰੋਧੀ ਵਿਅਕਤੀ ਅਤੇ ਉਹਨਾਂ ਦੇ ਉਦਾਸੀ-ਨਿਰਮਲੇ ਸਹਿਯੋਗੀ ਪੁਜਾਰੀ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਮੁਸਲਮਾਨ ਸ਼ਾਸਕਾਂ ਦੀਆਂ ਵਿਨਾਸ਼ਕਾਰੀ ਕਾਰਵਾਈਆਂ ਵਾਲੇ ਔਖੇ ਸਮੇਂ ਵਿਚ ਗੁਰ ਅਸਥਾਨਾਂ ਦੀ ਰਖਿਆ ਅਤੇ ਸੇਵਾ ਸੰਭਾਲ ਕੀਤੀ ਸੀ। ਉਹਨਾਂ ਦੇ ਇਸ ਦਾਅਵੇ ਦੀ ਇਤਹਾਸ ਪਰੋੜ੍ਹਤਾ ਨਹੀਂ ਕਰਦਾ। ਸੱਚ ਤੇ ਇਹ ਹੈ ਕਿ ਉਸ ਔਖੇ ਸਮੇਂ ਉਹਨਾਂ ਨੂੰ ਗੁਰਦੁਆਰਿਆਂ ਦੀ ਸੰਪੱਤੀ ਤੇ ਕਬਜ਼ੇ, ਸਿੱਖ ਪੰਥ ਵਿਚ ਗੁਰਮਤਿ ਵਿਰੋਧੀ ਸਨਾਤਨੀ ਵਿਚਾਰਧਾਰਾ ਦਾ ਪਰਚਾਰ ਅਤੇ ਕਰਮ ਕਾਂਡੀ ਮਰਿਆਦਾਵਾਂ ਲਾਗੂ ਕਰਕੇ ਸ਼ਰਧਾਲੂਆਂ ਨੂੰ ਗੁਰਮਤਿ ਵਿਚਾਰਧਾਰਾ ਤੋਂ ਗੁਮਰਾਹ ਕਰਨ ਦਾ ਮੌਕਾ ਮਿਲ ਗਿਆ ਸੀ। ਮੌਕੇ ਦਾ ਫਾਇਦਾ ਉਠਾ ਕੇ ਉਹਨਾਂ ਗੁਰਮਤਿ ਦੇ ਤਿੰਨ ਮੂਲ ਸਿਧਾਂਤ ਤਿਆਗ ਦਿੱਤੇ ਸਨ।

   ਪਹਿਲਾ ਗੁਰਮਤਿ ਸਿਧਾਂਤ ਜਿਸ ਨੂੰ ਤਿਆਗ ਕੇ ਉਹਨਾਂ ਸਨਾਤਨੀ ਸਿਧਾਂਤ ਪਰਚਲਤ ਕੀਤਾ ਸੀ ਉਹ ਗੁਰਬਾਣੀ ਵਿਚ ਦਰਸਾਈ ਮਨ ਨੂੰ ਸਾਧਣ ਦੀ ਵਿਧੀ ਸੀ। ਗੁਰਬਾਣੀ ਅਨੁਸਾਰ ਮਨ ਨੂੰ ਮਨ ਹੀ ਵਿਸ਼ੇ ਵਿਕਾਰਾਂ ਤੋਂ ਹੋੜ ਕੇ ਵਸ ਕਰ ਸਕਦਾ ਹੈ, ਹੋਰ ਕੋਈ ਨਹੀਂ। ਗੁਰਬਾਣੀ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰ ਸ਼ਬਦ ਦੀ ਓਟ ਲੈ ਕੇ ਮਨ ਨੂੰ ਆਪਣਾ ਆਪ ਸਾਧਣ ਦਾ ਉਪਦੇਸ਼ ਕਰਦੀ ਹੈ। ਗੁਰਬਾਣੀ ਉਪਦੇਸ਼ ਦੇ ਉਲਟ ਉਦਾਸੀ ਮਤ ਤਨ ਨੂੰ ਕਸ਼ਟ ਦੇ ਕੇ ਮੁਕਤੀ ਪਰਾਪਤ ਕਰਨ ਦਾ ਸਮਰਥਕ ਹੈ। ਉਦਾਸੀ ਮਤ ਭਗਵੇਂ ਵੇਸ, ਸਰੀਰਕ ਕਸ਼ਟ, ਪਰਵਾਰਕ ਜੀਵਨ ਅਤੇ ਕਿਰਤ ਦੇ ਤਿਆਗ, ਤੀਰਥਾਂ ਦੇ ਭਰਮਨ ਅਤੇ ਸੰਸਾਰਕ ਇਛਾਵਾਂ ਦੇ ਤਿਆਗ ਦੇ ਪਰਦਰਸ਼ਨ ਨੂੰ ਮਨ ਸਾਧਣ ਦਾ ਢੰਗ ਪਰਚਾਰਦਾ ਹੈ ਜੋ ਗੁਰਬਾਣੀ ਉਪਦੇਸ਼ ਦੇ ਵਿਪਰੀਤ ਹੈ।
   ਉਦਾਸੀ ਅਤੇ ਨਿਰਮਲੇ ਪੁਜਾਰੀਆਂ ਨੇ ਗੁਰਮਤਿ ਵਿਚਾਰਧਾਰਾ ਵਿਚ ਕੋਈ ਮਾਮੂਲੀ ਤਬਦੀਲੀ ਨਹੀਂ ਕੀਤੀ ਹੈ। ਉਹਨਾਂ ਨੇ ਤੇ ਗੁਰਮਤਿ ਦੇ ਬੁਨਿਆਦੀ ਮਨ ਸਾਧਣ ਦੇ ਸਿਧਾਂਤ ਨੂੰ ਰੱਦ ਕਰ ਕੇ ਸਿੱਖ ਧਰਮ ਨੂੰ ਗੁਰਮਤਿ ਨਾਲੋਂ ਤੋੜ ਦਿੱਤਾ ਹੈ ਅਤੇ ਸਿੱਖ ਧਰਮ ਤੇ ਸਨਾਤਨੀ ਵਿਚਾਰਧਾਰਾ ਦੀ ਪਿਓਂਦ ਚੜ੍ਹਾ ਦਿੱਤੀ ਹੈ। ਗੁਰਬਾਣੀ ਮਨ ਵਸ ਕਰਨ ਨੂੰ ਬਹੁਤ ਮਹੱਤਤਾ ਦਿੰਦੀ ਹੈ ਅਤੇ ਇਸ ਵਿਸ਼ੇ ਤੇ ਗੁਰਬਾਣੀ ਦਾ ਉਪਦੇਸ਼ ਸਪਸ਼ਟ ਹੈ। ਗੁਰਬਾਣੀ ਮਨ ਨੁੰ ‘ਜੋਤਿ ਸਰੂਪ’ ਆਖਦੀ ਹੈ। ਮਨ ਤਨ ਵਿਚ ਵਸਦਾ ਹੈ ਅਤੇ ਮਨ ਵਿਚ ਪ੍ਰਭੂ ਵਸਦਾ ਹੈ।
   “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥ (ਪੰ: ੬੮੬)। ਮਨ ਪ੍ਰਭੂ ਕਰਤੇ ਦਾ ਅੰਸ਼ ਹੈ ਅਤੇ ਸਦੀਵੀ ਰਹਿਣ ਵਾਲਾ ਹੈ ਪਰ ਤਨ ਕਰਤੇ ਦੀ ਕਿਰਤ ਹੈ ਅਤੇ ਬਿਨਸਣਹਾਰ ਹੈ।
   “ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ॥“
(ਪੰ: ੭੯੪)।  ਸਰੀਰ ਵਿਚ ਮਨ ਅਤੇ ਆਤਮਾ ਦਾ ਨਿਵਾਸ ਹੋਣ ਕਾਰਨ ਗੁਰਬਾਣੀ ਸਰੀਰ ਨੂੰ ਵੀ ਮਨੁੱਖਾ ਜੀਵਨ ਵਿਚ ਬਹੁਤ ਮਹੱਤਵਪੂਰਨ ਸਥਾਨ ਪਰਦਾਨ ਕਰਦੀ ਹੈ।
   “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ ਵਿਚ ਤਾ ਤੂ ਜਗ ਮਹਿ ਆਇਆ॥“
(ਪੰ: ੯੨੧);   “ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ॥ ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ॥“ (ਪੰ: ੭੫੪);
  “ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ॥ ਮੇਰੈ ਠਾਕੁਰਿ ਇਹ ਬਣਤ ਬਣਾਈ॥ ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ॥“
(ਪ: ੧੦੬੬)।
ਪਰ ਸਰੀਰ ਕਰਤੇ ਦੀ ਕਿਰਤ ਹੈ ਅਤੇ ਬਿਨਸਣਹਾਰ ਹੈ। ਇਹ ਮਨ ਦਾ ਸੇਵਕ ਹੈ ਅਤੇ ਮਨ ਨੂੰ ਪਰਭਾਵਤ ਕਰਨ ਦੇ ਸਮਰਥ ਨਹੀਂ ਹੈ, ਜਾਂ ਇਊਂ ਕਹੋ ਕਿ ਤਨ ਵਿਚ ਮਨ ਨੂੰ ਸਾਧਣ ਦੀ ਸਮਰਥਾ ਨਹੀਂ ਹੈ। ਮਨ ਨੂੰ ਮਨ ਹੀ ਗੁਰੂ ਦੀ ਕਿਰਪਾ ਦੁਆਰਾ ਗੁਰ ਸ਼ਬਦ ਵਿਚ ਸੁਰਤ ਜੋੜ ਕੇ ਸਾਧ ਸਕਦਾ ਹੈ। ਗੁਰਬਾਣੀ ਇਸ ਸਚਾਈ ਨੂੰ ਬਾਰ ਬਾਰ ਦਰਿੜ ਕਰਵਾਉਂਦੀ ਹੈ।
   “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ॥“ (ਪੰ: ੩੪੨) ਅਤੇ
   “ਏਹੁ ਮਨ ਮਾਰਿਆ ਨ ਮਰੈ ਜੇ ਲੋਚੇ ਸਭ ਕੋਇ॥ ਨਾਨਕ ਮਨ ਹੀ  ਕੁ ਮਨੁ ਮਾਰਸੀ ਜੁ ਸਤਿਗੁਰੂ ਭੇਟੈ ਸੋਇ॥“
(ਪੰ: ੧੦੮੯);
   “ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ॥“
(ਪੰ: ੫੮੭);
   “ਅਕੁਲ਼ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ॥“
(ਪੰ: ੧੧੨੫)।
ਪਰ ਉਦਾਸੀ ਮਤ ਤਨ ਨੂੰ ਕਸ਼ਟ ਦੇ ਕੇ ਮੁਕਤੀ ਪਰਾਪਤ ਕਰਨ ਦੀ ਪਰੋੜ੍ਹਤਾ ਕਰਦਾ ਹੈ। ਉਹ ਮਨ ਨੂੰ ਆਪਣੇ ਅੰਦਰ ਬੈਠੇ ਵਿਸ਼ੇ ਵਿਕਾਰਾਂ ਨੂੰ ਕਾਬੂ ਕਰਨ ਦੀ ਥਾਂ ਮਨ ਨੂੰ ਬਾਹਰ ਆਪਣੇ ਤਨ ਨੂੰ ਕਸ਼ਟ ਦੇ ਕੇ ਮੁਕਤੀ ਦਾ ਭਰੋਸਾ ਦਿਵਾਉਂਦਾ ਹੈ। ਗੁਰਮਤਿ ਦੇ ਮਨ ਮਾਰਨ ਜਾਂ ਆਪਾ ਗੁਆਉਣ ਦੇ ਮੂਲ ਸਿਧਾਂਤ ਦਾ ਤਿਆਗ ਉਦਾਸੀ ਮਤ ਦੀ ਸਾਰੀ ਸਿਖਿਆ ਨੂੰ ਗੁਰਮਤਿ ਵਿਰੋਧੀ ਬਣਾ ਦਿੰਦਾ ਹੈ। ਐਸੇ ਮਤ ਨੂੰ ਸਿਖ ਧਰਮ ਦੀ ਸੰਪਰਦਾ ਅਖਵਾਉਣ ਦਾ ਅਧਿਕਾਰ ਨਹੀਂ ਰਹਿੰਦਾ।

ਵੇਖਿਆ ਜਾਵੇ ਤਾਂ ਰਹਿਤ ਮਰਿਆਦਾਵਾਂ ਵੀ ਤਨ ਦੇ ਅਨੁਸਾਸ਼ਨ ਅਤੇ ਸਮਾਜਕ ਵਿਹਾਰ ਰਾਹੀਂ ਪ੍ਰਭੂ ਪਰਾਪਤੀ ਦੀ ਕਾਮਨਾ ਕਰਨ ਦਾ ਭਰਮ ਪਾਉਂਦੀਆ ਹਨ। ਵਿਸ਼ੇਸ਼ ਪਹਿਰਾਵਾ, ਵਿਧੀ ਵਿਧਾਨ ਅਨੁਸਾਰ ਨਿਤਨੇਮ ਜਾਂ ਪਾਠ, ਸਮਾਜਕ ਰਸਮਾਂ, ਆਦਿ ਤਨ ਦੇ ਬਾਹਰੀ ਜਾਂ ਸਮਾਜਕ ਵਿਹਾਰ ਹਨ ਜਿਹਨਾਂ ਰਾਹੀਂ ਮਨ ਨੂੰ ਕਾਬੂ ਕਰਨ ਦੀ ਆਸ ਕਰਨਾ ਬੇਅਰਥ ਹੈ। ਦਰ ਅਸਲ ਇਹ ਸਭ ਕਰਮ ਕਾਂਡ ਹਨ। ਕਈ ਵਿਦਵਾਨ ਨੈਤਕ ਵਿਹਾਰ ਅਤੇ ਅੱਛੇ ਸਦਾਚਾਰਕ ਜੀਵਨ ਨੂੰ ਪ੍ਰਭੂ ਪਰਾਪਤੀ ਦਾ ਢੰਗ ਸਮਝਦੇ ਹਨ। ਗੁਰਬਾਣੀ ਕਰਮ, ਧਰਮ, ਸੁਚ, ਸੰਜਮ ਨੂੰ ਮਨ ਵਸ ਕਰਨ ਦੇ ਢੰਗਾਂ ਵਜੋਂ ਪਰਵਾਨ ਨਹੀਂ ਕਰਦੀ।
   ਗੁਰਬਾਣੀ ਅਨੁਸਾਰ ਪੰਜ ਵਿਸ਼ੇ ਵਿਕਾਰਾਂ ਤੇ ਕਾਬੂ ਪਾ ਕੇ ਮਨ ਦੇ ਮਾਇਆ ਦੇ ਪਰਭਾਵ ਤੋਂ ਮੁਕਤ ਹੋਣ ਨਾਲ ਹੀ ਨਿੱਜੀ ਜੀਵਨ ਅਤੇ ਸਮਾਜਕ ਵਿਹਾਰ ਵਿਚ ਸੁਧਾਰ ਹੋਣ ਦੀ ਸੰਭਾਵਨਾ ਬਣਦੀ ਹੈ। ਮਨੁੱਖਾ ਜੀਵਨ ਵਿਚ ਮਨ ਦਾ ਸਥਾਨ ਪਰਥਮ ਹੈ। ਮਨ ਤਨ, ਸਮਾਜ, ਰੀਤੀ ਰਵਾਜ, ਅਨੁਸਾਸ਼ਨ, ਪਾਠ, ਪੂਜਾ, ਨਿਤਨੇਮ, ਪਹਿਰਾਵਾ, ਸ਼ਰਧਾ, ਸੇਵਾ, ਆਦਿ ਦੇ ਅਧੀਨ ਨਹੀਂ ਹੁੰਦਾ ਇਹਨਾਂ ਤੋਂ ਸੁਤੰਤਰ ਹੁੰਦਾ ਹੈ। ਸਨਾਤਨੀ ਪਰੰਪਰਾ ਨੂੰ ਅਸਵੀਕਾਰ ਕਰਕੇ ਨਾਮ ਸਿਮਰਣ ਦੁਆਰਾ ਮਨ ਨੂੰ ਮਾਰ ਕੇ ਪ੍ਰਭੂ ਪਰਾਪਤੀ ਲਈ ਉੱਦਮ ਕਰਨਾ ਗੁਰਮਤਿ ਹੈ ਅਤੇ ਸਨਾਤਨੀ ਪਰੰਪਰਾ ਦੀਆਂ ਰੀਤਾਂ ਦੇ ਨਾਂ ਬਦਲ ਕੇ ਉਹਨਾਂ ਦਾ ਸਿੱਖੀਕਰਣ ਕਰਨਾ ਉਦਾਸੀ ਮਤ ਹੈ।

   ਦੂਜਾ ਗੁਰਮਤਿ ਸਿਧਾਂਤ ਜਿਸ ਦੀ ਉਦਾਸੀ-ਨਿਰਮਲੇ ਪੁਜਾਰੀਆਂ ਵਲੋਂ ਉਹਨਾਂ ਦੇ ਅਧੀਨ ਗੁਰਦੁਆਰਿਆਂ ਵਿਚ ਉਲੰਘਣਾ ਹੁੰਦੀ ਆਈ ਹੈ ਅਤੇ ਹੁਣ ਵੀ ਹੋ ਰਹੀ ਹੈ, ਉਹ ਭਾਣਾ ਮੰਨਣ ਦਾ ਸਿਧਾਂਤ ਹੈ। ਗੁਰਬਾਣੀ ਹੁਕਮ, ਰਜ਼ਾ ਜਾਂ ਭਾਣਾ ਮੰਨਣ ਦਾ ਉਪਦੇਸ਼ ਕਰਦੀ ਹੈ।
   “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥“
ਅਤੇ “ਜੋ ਤੁਧੁ ਭਾਵੈ ਸਾਈ ਭਲੀ ਕਾਰ॥“ (ਪੰ: ੧) ਗੁਰਦੁਆਰਿਆਂ ਵਿਚ ਗੁਰਮਤਿ ਦੇ ਇਸ ਉਪਦੇਸ਼ ਦੇ ਉਲਟ ਇਹ ਵਿਚਾਰ ਪਰਚਲਤ ਕੀਤਾ ਹੋਇਆ ਹੈ ਕਿ ਦਾਨ ਜਾਂ ਸੇਵਾ ਦੁਆਰਾ ਅਤੇ ਗੁਰਬਾਣੀ ਦੇ ਕੁੱਝ ਮਿਥੇ ਨਿਤਨੇਮਾਂ ਜਾਂ ਪਾਠਾਂ ਰਾਹੀਂ ਸੰਸਾਰਕ ਕਾਮਨਾਵਾਂ ਦੀ ਪੂਰਤੀ ਅਤੇ ਸੁਖ ਦੀ ਪਰਾਪਤੀ ਹੋ ਜਾਂਦੀ ਹੈ। ਕਈ ਥਾਵਾਂ ਤੇ ਅਜਿਹੇ ਕਰਮ ਕਾਂਡਾਂ ਦੀ ਗੁਰਬਾਣੀ ਦੁਆਰਾ ਪੁਸ਼ਟੀ ਦਾ ਢਕਵੰਜ ਵੀ ਕੀਤਾ ਜਾਂਦਾ ਹੈ।

ਸਾਧਾਰਣ ਜਿਹੀ ਗੱਲ ਹੈ ਕਿ ਸੰਸਾਰਕ ਸਫਲਤਾ ਲਈ ਸਮਾਜ ਦੇ ਨੇਮਾਂ ਦੀ ਪਾਲਨਾ ਕਰਨੀ ਜ਼ਰੂਰੀ ਹੁੰਦੀ ਹੈ। ਜਿਵੇਂ, ਇਮਤਿਹਾਨ ਪਾਸ ਕਰਨ ਲਈ ਮਿਹਨਤ ਨਾਲ ਪੜ੍ਹਾਈ ਕਰਨੀ ਜ਼ਰੂਰੀ ਹੁੰਦੀ ਹੈ। ਕਿਸੇ ਵੀ ਕਾਰੋਬਾਰ ਵਿਚ ਸਫਲਤਾ ਲਈ ਪੂਰੀ ਜਾਣਕਾਰੀ, ਪ੍ਰਬੰਧਕੀ ਯੋਗਤਾ ਅਤੇ ਮਿਹਨਤ ਹੋਣੀ ਅਵਸ਼ਕ ਹੁੰਦੀ ਹੈ। ਸੰਸਾਰਕ ਕੰਮਾਂ ਵਿਚ ਸਫਲਤਾ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਖੰਡ ਪਾਠ ਜਾਂ ਨਿਤ ਨੇਮ ਪਰਾਸੰਗਕ ਨਹੀਂ ਹੁੰਦੇ ਕਿਊਂਕੇ ਗੁਰਬਾਣੀ ਅਨੁਸਾਰ ਗੁਰੂ ਦੀ ਕੀਰਤੀ ਜਾਂ ਨਾਮ ਸਿਮਰਣ ਪ੍ਰਭੂ ਪਰਾਪਤੀ ਦੇ ਰਾਹ ਹਨ ਸੰਸਾਰਕ ਸਫਲਤਾ ਦੇ ਨਹੀਂ। ਮਨੁੱਖ ਤੇ ਸਮਾਜਕ ਨੇਮਾਂ ਨੂੰ, ਜੋ ਮਨੁੱਖਾਂ ਦੇ ਆਪਣੇ ਬਣਾਏ ਹੋਏ ਹਨ, ਬਦਲਣ ਦੇ ਸਮਰਥ ਨਹੀਂ ਹੈ ਉਹ ਕੁਦਰਤ ਦੇ ਅਟੱਲ ਨੇਮਾਂ ਨੂੰ ਕੋਈ ਮੰਤ੍ਰ ਪੜ੍ਹ ਕੇ ਕਿਵੇਂ ਬਦਲ ਸਕਦਾ ਹੈ। ਗੁਰਬਾਣੀ ਦੇ ਫੁਰਮਾਨ ਹਨ:
   “ਤੰਤੁ ਮੰਤੁ ਪਾਖੰਡ ਨ ਜਾਣਾ ਰਾਮ ਰਿਦੈ ਮਨੁ ਮਾਨਿਆ॥“
(ਪੰ: ੭੬੬) ;
   “ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰ॥“ (ਪੰ: ੮੯)
   “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥“ (ਪੰ: ੪੧੭-੮)।

   ਤੀਜਾ ਗੁਰਮਤਿ ਸਿਧਾਤ ਮਨੁੱਖਤਾ ਦੀ ਬਰਾਬਰਤਾ ਦਾ ਹੈ ਜਿਸ ਦਾ ਤਿਆਗ ਕਰ ਕੇ ਉਦਾਸੀ ਮਤ ਨੇ ਸਿੱਖ ਧਰਮ ਵਿਚ ਊਚ ਨੀਚ, ਜਾਤ ਪਾਤ, ਸੁੱਚ ਜੂਠ, ਵਡੇ ਛੋਟੇ ਦੇ ਭੇਦ ਪੈਦਾ ਕਰ ਦਿੱਤੇ ਹਨ। ਗੁਰਬਾਣੀ ਤੇ
   “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥“
(ਪੰ: ੧੩੪੯); ਅਤੇ
   “ਸਭ ਮਹਿ ਜੋਤਿ ਜੋਤਿ ਹੋ ਸੋਇ॥ ਤਿਸ ਕੈ ਚਾਨਣਿ ਸਭਿ ਮਹਿ ਚਾਨਣਿ ਹੋਇ॥“
(ਪੰ: ੬੬੩) ਦਾ ਉਪਦੇਸ਼ ਕਰਦੀ ਹੈ। ਉਦਾਸੀ ਮਤ ਨੇ ਮਨੁੱਖੀ ਬਰਾਰਤਾ ਦੀ ਤੇ ਕੀ ਹਾਮੀ ਭਰਨੀ ਸੀ ਉਹਨਾਂ ਦੇ ਉਪਾਸ਼ਕਾਂ ਨੇ ਤੇ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਸਥਾਪਤ ਕਰਨ ਦੀ ਪਰੱਥਾ ਚਾਲੂ ਕਰ ਦਿੱਤੀ।
   ਉਦਾਸੀ ਮਤ ਦੀਆਂ ਧਾਰਮਕ ਕਿਰਿਆਵਾਂ, ਜਿਵੇਂ ਕਿ ਤਨ ਨੂੰ ਕਸ਼ਟ ਦੇਣਾ ਜਾਂ ਸੰਸਾਰਕ ਇਛਾਵਾਂ ਦਾ ਤਿਆਗ ਕਰਨਾ, ਭਾਵੇ ਦਿਖਾਵੇ ਲਈ ਹੀ ਕੀਤੀਆਂ ਜਾਣ, ਬਹੁਤ ਔਖੀਆਂ ਜਾਪਦੀਆਂ ਹਨ। ਜੋ ਵੀ ਵਿਅਕਤੀ ਉਦਾਸੀ ਮਤ ਧਾਰਨ ਕਰ ਕੇ ਤਿਆਗ ਦਾ ਦਿਖਾਵਾ ਕਰਦਾ ਹੈ ਲੋਕਾਂ ਵਿਚ ਉਸ ਦੀ ਸਾਧ-ਸੰਤ ਜਾਂ ਕਰਨੀ ਵਾਲੇ ਕਰਾਮਾਤੀ ਪੁਰਸ਼ ਵਜੋਂ ਮਸ਼ਹੂਰੀ ਹੋ ਜਾਣੀ ਸੁਭਾਵਕ ਹੈ, ਅਤੇ ਉਸ ਤੋਂ ਸਿਖਿਆਂ ਲੈਣ ਵਾਲੇ ਚੇਲਿਆਂ ਵਲੋਂ ਉਸ ਦੀ ਪਰਸੰਸਾ ਉਸ ਨੁੰ ਹੋਰ ਲੋਕ ਪਰੀਆ ਬਣਾਉਣ ਵਿਚ ਸਹਾਇਕ ਹੁੰਦੀ ਹੈ। ਐਸੇ ਸੰਤਾਂ ਮਹੰਤਾਂ ਨੂੰ ਗੁਰਬਾਣੀ ਬਾਰੇ ਵੀ ਜਾਣਕਾਰੀ ਹੁੰਦੀ ਹੈ। ਸਾਧਾਰਣ ਸ਼ਰਧਾਲੂਆਂ ਲਈ ਇਛਾਵਾਂ ਦਾ ਤਿਆਗ ਕਰਨਾ ਸੰਭਵ ਨਹੀਂ ਹੁੰਦਾ ਇਸ ਲਈ ਉਹ ਅਜਿਹੇ ਕਰਨੀ ਵਾਲੇ ਜਾਣੇ ਜਾਂਦੇ ਸੰਤਾਂ ਮਹੰਤਾਂ ਤੋਂ ਜੀਵਨ ਵਿਚ ਸਫਲਤਾ ਦਾ ਸੁਖਾਲਾ ਰਾਹ ਲਭਣ ਦੇ ਅਭਿਲਾਸੀ ਹੁੰਦੇ ਹਨ। ਅਖੌਤੀ ਸਾਧ, ਸੰਤ, ਮਹੰਤ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਗੁਰਬਾਣੀ ਸ਼ਬਦ ਦਾ ਮੰਤਰ ਦੇਣ ਦਾ ਢੰਗ ਵਰਤਦੇ ਹਨ ਜੋ ਬਹੁਤ ਹੀ ਸੌਖਾ, ਸੰਤੋਖਜਨਕ, ਅਤੇ ਕਾਰਆਮਦ ਸਿੱਧ ਹੁੰਦਾ ਹੈ। ਇਸ ਤਰ੍ਹਾਂ ਇਹ ਸੰਤ-ਮਹੰਤ ਅਤੇ ਉਹਨਾਂ ਦੇ ਉਪਾਸ਼ਕ ਗੁਰੂ ਗ੍ਰੰਥ ਸਾਹਿਬ ਨੂੰ ਗੁਰਮਤਿ ਗਿਆਨ ਦੇ ਸਰੋਤ ਦੀ ਥਾਂ ਇੱਛਾ ਪੂਰਕ ਮੰਤਰਾਂ ਦਾ ਸੋਮਾ ਅਤੇ ਪੂਜਾ ਦੀ ਵਸਤੂ ਬਣਾ ਦਿੰਦੇ ਹਨ।

ਸੰਸਾਰਕ ਸਫਲਤਾ ਨਾਲ ਸਬੰਧਤ ਇਕ ਨਵੀਂ ਵਿਚਾਰ ਪੁੰਗਰੀ ਹੈ। ਕਈ ਸ਼ਰਧਾਲੂ ਗੁਰਮਤਿ ਨੂੰ ਵਖਰੇ ਸੁਤੰਤਰ ਰਾਜ ਸਥਾਪਨਾ ਦੀ ਮੁਦੱਈ ਪਰਚਾਰਦੇ ਹਨ। ਗੁਰਮਤਿ ਵਿਚ ਮਨੁਖਾਂ ਲਈ ਬਰਾਬਰਤਾ, ਸੁਤੰਤਰਤਾ, ਹਲੀਮੀ, ਭਾਈਵਾਲਤਾ, ਸਹਿਜ, ਨੈਤਕ ਜੀਵਨ, ਨਿਰਵੈਰਤਾ ਅਤੇ ਸੇਵਾ ਦਾ ਉਪਦੇਸ਼ ਹੈ ਰਾਜ ਸਥਾਪਤ ਕਰਨ ਦਾ ਨਹੀਂ। ਗੁਰਬਾਣੀ ਮਨ ਨੂੰ ਸਾਧ ਕੇ ਸੰਸਾਰ ਨੂੰ ਬੇਗਮਪੁਰਾ ਬਨਾਉਣ ਦਾ ਅਨੁਰੋਧ ਕਰਦੀ ਹੈ ਸੰਸਾਰ ਵਿਚ ਆਪਣਾ ਰਾਜ ਸਥਾਪਤ ਕਰਨ ਦੀ ਹਾਮੀ ਨਹੀਂ ਹੈ। ਰਾਜ ਕਰਨਾ ਇਕ ਕਿੱਤਾ ਹੈ ਗੁਰਬਾਣੀ ਕਿਸੇ ਕਿੱਤੇ ਦੀ ਸਿਖਿਆ ਨਹੀਂ ਦਿੰਦੀ ਅਤੇ ਨਾ ਹੀ ਕਿਸੇ ਕਿੱਤੇ ਨੂੰ ਵਡਿਆਉਂਦੀ ਹੈ। ਗੁਰਬਾਣੀ ਤੇ ਹਰ ਇਕ ਮਨੁੱਖ ਨੂੰ ਆਪਣਾ ਕਿੱਤਾ ਚੁਨਣ ਅਤੇ ਉਸ ਨੂੰ ਦਿਆਨਤਦਾਰੀ ਨਾਲ ਨਿਭਾਉਣ ਨੂੰ ਧਰਮ ਦੀ ਕਿਰਤ ਦੱਸਦੀ ਹੈ। ਗੁਰਮਤਿ ਹਰ ਪਰਕਾਰ ਦੇ ਸਾਸ਼ਨ ਵਿਚ ਅਨਿਆਂ ਦਾ ਵਿਰੋਧ ਕਰਦੀ ਹੈ ਸਾਸ਼ਨ ਦਾ ਨਹੀਂ। ਗੁਰਬਾਣੀ ਸਚਿਆਰਾ, ਨਿਰਹੰਕਾਰਾ ਅਤੇ ਪਰਉਪਕਾਰੀ ਜੀਵਨ ਜਿਊਣ ਦਾ ਉਪਦੇਸ਼ ਕਰਦੀ ਹੈ ਨਾ ਕਿ ਲੋਕਾਂ ਤੇ ਰਾਜ ਕਰਨ ਦਾ। ਹਾਂ, ਮਨੁਖੀ ਬਰਾਬਰਤਾ ਅਤੇ ਸੁਤੰਤਰਤਾ ਲਈ ਸੰਘਰਸ਼ ਕਰਨਾ ਹਰ ਵਿਅਕਤੀ ਦਾ ਅਧਿਕਾਰ ਹੈ, ਪਰ ਮਨੁੱਖੀ ਬਰਾਬਰਤਾ ਅਤੇ ਸੁਤੰਤਰਤਾ ਲਈ ਵਖਰੇ ਰਾਜ ਦੀ ਸਥਾਪਨਾ ਜ਼ਰੂਰੀ ਨਹੀਂ ਹੁੰਦੀ, ਉਸ ਲਈ ਤੇ ਕੇਵਲ ਨਿਰਪੱਖ ਕਨੂੰਨ ਦੀ ਪਾਬੰਦੀ ਲੋੜੀਂਦੀ ਹੈ।
ਗੁਰ ਪਰਵਾਰਾਂ ਦੇ ਗੁਰਿਆਈ ਦੇ ਅਸਫਲ ਉਮੀਦਵਾਰਾਂ ਅਤੇ ਉਹਨਾਂ ਦਿਆਂ ਵਾਰਸਾਂ, ਨਿਰਮਲੇ, ਉਦਾਸੀ, ਮਹੰਤਾਂ, ਅਖੌਤੀ ਸੰਤਾਂ ਅਤੇ ਭੇਖੀਆਂ ਵਲੋਂ ਚਾਲੂ ਕੀਤਿਆ ਕੁਰੀਤੀਆਂ ਕਾਰਨ ਅੱਜ ਸਿੱਖ ਧਰਮ ਦੀ ਮੁੱਖ ਧਾਰਾ ਵਿਚ ਗੁਰਬਾਣੀ ਦੇ ਗ੍ਰੰਥ ਸਾਹਿਬ ਨੂੰ ਗੁਰ ਉਪਦੇਸ਼ ਦੇ ਸਰੋਤ ਵਜੋਂ ਵਰਤਣ ਵਾਲੇ ਵਿਰਲੇ ਰਹਿ ਗਏ ਹਨ ਪਰ ਪਥਰ ਦੇ ਦੇਵ ਵਾਂਙੂ ਪੂਜਣ ਵਾਲਿਆਂ ਦੀ ਭਰਮਾਰ ਹੈ। ਅਨਗਿਣਤ ਅਖੰਡ ਪਾਠਾਂ ਦੇ ਪਰਵਾਹ ਚਲ ਰਹੇ ਹਨ ਜਿਹਨਾਂ ਨੂੰ ਕੇਵਲ ਸੁੰਨੀਆਂ ਕੰਧਾਂ ਸੁਣ ਰਹਿਆਂ ਹਨ ਜਦੋਂ ਕਿ ਮੱਥੇ ਟੇਕਣ ਵਾਲੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਰੱਬੀ ਰੈਹਮਤ ਨੂੰ ਕਿਸੇ ਵਿਕਾਊ ਵਸਤੂ ਵਾਂਙ ਪੈਸੇ ਦੇ ਕੇ ਖਰੀਦਣ ਦਾ ਰਿਵਾਜ ਵਿਆਪਕ ਹੋ ਗਿਆ ਹੈ। ਕਈ ਲੋਕ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਨੂੰ ਅਵਿਹਾਰਕ (Impractical) ਆਖ ਕੇ ਮੂੰਹ ਮੋੜ ਲੈਂਦੇ ਹਨ, ਪਰ ਸਮਾਜਕ, ਮਨੋਰੰਜਕ ਅਤੇ ਭਾਵਨਾਵਾਂ ਉਤੇਜਤ ਕਰਨ ਵਾਲੇ ਸਮਾਗਮਾਂ ਵਿਚ ਸ਼ਰਕਤ ਨੂੰ ਆਪਣਾ ਧਾਰਮਕ ਕਰਤਵ ਸਮਝਦੇ ਹਨ। ਉਹ ਇਹ ਨਹੀਂ ਜਾਣਦੇ ਕਿ ਗੁਰ-ਸ਼ਬਦ ਦੇ ਆਤਮਕ ਬਲ ਨਾਲ ਹੀ ਨੈਤਕ ਜੀਵਨ ਅਤੇ ਸੁਖ ਦੀ ਪਰਾਪਤੀ ਸੰਭਵ ਹੁੰਦੀ ਹੈ। ਓਧਰ ਕਈ ਸੰਸਥਾਵਾਂ ਸਿੱਖ ਧਰਮ ਵਿਚੋਂ ਗੁਰਮਤਿ ਨੂੰ ਪੂਰੀ ਤਰ੍ਹਾਂ ਮਨਫੀ ਕਰ ਕੇ ਸਨਾਤਨੀ ਪਰੰਪਰਾ ਤੇ ਆਧਾਰਤ ਵਿਚਾਰਧਾਰਾ ਅਤੇ ਵਿਹਾਰ ਨੂੰ ਮੁੱਖ ਧਾਰਾ ਬਨਾਉਣ ਲਈ ਤਰਲੋ ਮੱਛੀ ਹਨ। 

ਸਿੱਖ ਧਰਮ ਨੂੰ ਗੁਰਮਤਿ ਨਾਲੋਂ ਤੋੜਨ ਅਤੇ ਕੁਰਾਹੇ ਪਾਉਣ ਵਿਚ ਗੁਰ-ਮਿਥਹਾਸ ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ। ਗੁਰ ਇਤਹਾਸ ਵਿਚ ਮਿਥਹਾਸਕ ਕਲਪਨਾਵਾਂ ਦੀ ਮਾਤਰਾ ਇਤਹਾਸਕ ਤੱਥਾਂ ਨਾਲੋਂ ਕਿਤੇ ਜ਼ਿਆਦਾ ਹੈ। ਮਿਥਹਾਸ ਨੂੰ ਇਤਹਾਸ ਵਿਚ ਰਲਗੱਡ ਕਰਨ ਨਾਲ ਇਤਹਾਸਕ ਤੱਥ ਇੰਜ ਬਿਖਰ ਜਾਂਦੇ ਹਨ ਜਿਵੇਂ ਮਿੱਟੀ ਵਿਚ ਖੰਡ, ਅਤੇ ਜਿਵੇਂ ਮਿੱਟੀ ਵਿਚ ਰਲ ਕੇ ਖੰਡ ਮਿੱਟੀ ਬਣ ਜਾਂਦੀ ਹੈ ਓਵੇਂ ਇਤਹਾਸ ਵੀ ਮਿਥਹਾਸ ਵਿਚ ਰਲ ਕੇ ਮਿਥਹਾਸ ਬਣ ਜਾਂਦਾ ਹੈ। ਗੁਰ ਇਤਹਾਸ ਦੇ ਸਾਰੇ ਵੱਡੇ ਸਰੋਤ ਮਿਥਹਾਸ ਨਾਲ ਲਬਰੇਜ਼ ਹਨ ਜਿਸ ਕਰਕੇ ਗੁਰ ਇਤਹਾਸ ਬਾਰੇ ਭਰੋਸੇਯੋਗ ਜਾਣਕਾਰੀ ਮਿਲਣੀ ਔਖੀ ਹੋਈ ਪਈ ਹੈ। ਜਿਹਨਾਂ ਲੇਖਕਾਂ ਨੇ ਗੁਰੂ ਸਾਹਿਬਾਨ ਦੀਆਂ ਮੌਲਕ ਆਖੀਆਂ ਜਾਦੀਆਂ ਪਹਿਲੀਆਂ ਜਨਮ ਸਾਖੀਆਂ, ਗੁਰ ਬਿਲਾਸ, ਮਹਿਮਾ ਪ੍ਰਕਾਸ਼, ਬੰਸਾਵਲੀ ਨਾਮੇ ਜਾਂ ਜੀਵਨੀਆਂ ਲਿਖਿਆਂ ਹਨ ਉਹ ਪੁਰਾਣ ਵਿਦਿਆ ਦੇ ਵਿਦਵਾਨ ਸਨ ਅਤੇ ਪੁਰਾਣ ਕਥਾ ਸ਼ਾਸਤਰ ਵਿਚ ਕਲਪਨਾ ਪਰਧਾਨ ਹੁੰਦੀ ਹੈ। ਉਹ ਲੇਖਕ ਭਾਰਤੀ ਮੱਧ ਕਾਲ ਦੀ ਸਨਾਤਨੀ ਸਾਹਿਤਕ ਪਰੰਪਰਾ ਦੀ ਉਪਜ ਸਨ ਜਿਸ ਵਿਚ ਧਰਮ ਨਾਲ ਸਬੰਧਤ ਇਤਹਾਸ, ਜੀਵਨੀਆਂ ਅਤੇ ਸਫਰਨਾਮੇ ਲਿਖਣ ਦੀ ਪਰੱਥਾ ਨਹੀਂ ਸੀ। ਉਹਨਾਂ ਸਮਿਆਂ ਵਿਚ ਇਸਲਾਮ ਅਤੇ ਈਸਾਈ ਮੱਤ ਦੇ ਵਿਦਵਾਨ ਹੀ ਭਰੋਸੇਯੋਗ ਇਤਹਾਸਕ ਲਿਖਤਾਂ ਲਿਖਦੇ ਸਨ। ਯੂਰਪੀਏ ਲੇਖਕਾਂ ਦੀ ਇਹ ਧਾਰਨਾ ਰਹੀ ਹੈ ਕਿ ਹਿੰਦੂ ਮਾਨਸਿਕਤਾ ਵਿਚ ਸਥਾਨ ਅਤੇ ਸਮੇ ਦਾ ਸੰਕਲਪ ਵਿਕਸਤ ਨਹੀ ਹੋਇਆ ਸੀ ਜਿਸ ਕਰਕੇ ਹਿੰਦੂ ਬ੍ਰਾਹਮਣ ਵਿਦਵਾਨਾਂ ਵਿਚ ਇਤਹਾਸ ਲਿਖਣ ਦੀ ਯੋਗਤਾ ਨਹੀਂ ਸੀ। ਉਹ ਤੇ ਕੇਵਲ ਸ਼ਰਧਾਲੂਆਂ ਨੂੰ ਕਲਪਤ ਦੇਵੀ ਦੇਵਤਿਆਂ ਦੀ ਪੂਜਾ ਵਿਚ ਵਿਸ਼ਵਾਸ ਉਪਜਾਉਣ ਲਈ ਮਿਥਹਾਸ ਹੀ ਰਚਦੇ ਰਹੇ ਸਨ।
ਗੁਰ ਇਤਹਾਸ ਦੇ ਮਿਥਹਾਸਕ ਸਰੋਤ ਵੀ ਐਸੀ ਹੀ ਪਰੰਪਰਾ ਦੇ ਧਾਰਨੀਆਂ ਦੀ ਕਿਰਤ ਹਨ। ਗੁਰ ਇਤਹਾਸ ਦੇ ਪੁਰਾਣੇ ਗ੍ਰੰਥਾਂ ਦੇ ਬਹੁਤੇ ਲੇਖਕ ਗੁਰ ਪਰਵਾਰਾਂ ਨਾਲ ਸਬੰਧਤ ਗੁਰਮਤਿ ਵਿਰੋਧੀਆਂ ਦੀ ਵਿਚਾਰਧਾਰਾ ਦੇ ਹਮਾਇਤੀ ਸਨ। ਗੁਰੂ ਸਾਹਿਬਾਨ ਨੇ ਤੇ ਆਪਣਾ ਸਾਰਾ ਜੀਵਨ ‘ਧੁਰ ਕੀ ਬਾਣੀ’ ਉਚਾਰਨ, ਸੁਰਖਿਅਤ ਕਰਨ ਅਤੇ ਬਾਣੀ ਉਪਦੇਸ਼ ਦਾ ਪਰਦਰਸ਼ਨ ਅਤੇ ਪਰਸਾਰ ਕਰਨ ਲਈ ਅਰਪਤ ਕਰ ਦਿੱਤਾ ਸੀ ਜਿਸ ਦੇ ਫਲ ਸਰੂਪ ਗੁਰਬਾਣੀ ਦਾ ਅਧਿਆਤਮਕ ਗਿਆਨ ਅਤੇ ਮਾਨਵਵਾਦੀ ਸੰਦੇਸ਼ ਲੋਕ ਪਰੀਆ ਹੋ ਗਿਆ ਸੀ। ਪੁਰਾਣੇ ਸਮਾਜਕ ਬੰਧਨ ਟੁਟਣ ਲੱਗ ਪਏ ਸਨ ਅਤੇ ਸਥਾਪਤ ਧਾਰਮਕ ਪਰਣਾਲੀ ਦਾ ਭਰਮਜਾਲ ਡਾਵਾਂਡੋਲ ਹੋ ਗਿਆ ਸੀ। ਪਰ ਛੇਤੀ ਹੀ ਗੁਰਬਾਣੀ ਉਪਦੇਸ਼ ਦੀ ਵਿਰੋਧਤਾ ਗੁਰ ਪਰਵਾਰਾਂ ਵਿਚ ਗੁਰਿਆਈ ਅਭਿਲਾਸ਼ੀਆਂ ਵਲੋਂ ਸ਼ੁਰੂ ਹੋ ਗਈ। ਗੁਰਬਾਣੀ ਦੀ ਲੋਕ ਪਰੀਅਤਾ ਦੇ ਹੁੰਦੇ ਹੋਏ ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀ ਸਦੱਸਾਂ ਲਈ ਗੁਰਮਤਿ ਦੇ ਅਧਿਆਤਮਕ ਉਪਦੇਸ਼ ਅਤੇ ਮਾਨਵਵਾਦੀ ਸੰਦੇਸ਼ ਦੀ ਖੁਲਮ ਖੁਲ੍ਹਾ ਵਿਰੋਧਤਾ ਕਰਨੀ ਉਪਯੋਗੀ ਨਹੀਂ ਸੀ। ਇਸ ਲਈ ਗੁਰਮਤਿ ਵਿਰੋਧੀਆਂ ਨੇ ਗੁਰਬਾਣੀ ਬਾਰੇ ਭਰਮ ਭੁਲੇਖੇ ਪਾਉਣ, ਉਸ ਵਿਚ ਰਲਾ ਕਰਨ ਅਤੇ ਕਚੀਆਂ, ਝੂਠੀਆਂ ਅਤੇ ਅਸਲੀਲ ਰਚਨਾਵਾਂ ਨੂੰ ਗੁਰੂ ਕਿਰਤ ਸਿੱਧ ਕਰਨ ਦਾ ਰਾਹ ਅਪਣਾਇਆ। ਦੂਜੇ, ਉਹਨਾਂ ਗੁਰੂ ਸਾਹਿਬਾਨ ਦੇ ਚਰਿਤਰ ਅਤੇ ਜੀਵਨੀਆਂ ਬਾਰੇ ਪੁਰਾਣਕ ਕਥਾਵਾਂ ਤੇ ਆਧਾਰਤ ਕਲਪਤ ਜਨਮ ਸਾਖੀਆਂ, ਗੁਰ-ਬਿਲਾਸ, ਮਹਿਮਾ ਪ੍ਰਕਾਸ਼ ਅਤੇ ਮਿਥਹਾਸ ਰਚ ਕੇ ਸਨਾਤਨੀ ਵਿਚਾਰਧਾਰਾ ਅਨੁਸਾਰ ਉਹਨਾਂ ਦੀ ਵਡਿਆਈ ਦੇ ਕਰਾਮਾਤੀ ਇੰਦਰ ਜਾਲ ਬੁਣ ਕੇ ਉਹਨਾਂ ਨੂੰ ਗੁਰਮਤਿ ਵਿਰੋਧੀ ਅਤੇ ਸਨਾਤਨੀ ਪਰੰਪਰਾ ਦੇ ਉਪਾਸ਼ਕ ਸਿੱਧ ਕਰਨ ਦਾ ਜਤਨ ਕੀਤਾ। ਇਹ ਮਿਥਹਾਸਕ ਰਚਨਾਵਾਂ ਗੁਰੂ ਸਾਹਿਬਾਨ ਦੀ ਕਥਨੀ ਅਤੇ ਕਰਨੀ ਵਿਚ ਵਖਰੇਵਾਂ ਪਾ ਕੇ ਉਹਨਾਂ ਦੀ ਪਰਤੀਤੀ ਨੂੰ ਸ਼ੱਕੀ ਬਣਾਉਂਦੀਆਂ ਹਨ।

ਗੁਰਮਤਿ ਵਿਚਾਰਧਾਰਾ ਦੀ ਵਿਰੋਧਤਾ ਗੁਰ ਪਰਵਾਰਾਂ ਵਲੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਇਹ ਵਿਰੋਧਤਾ ਗੁਰਬਾਣੀ ਦੇ ਗ੍ਰੰਥ, ਗੁਰਿਆਈ ਦੀ ਪਦਵੀ ਅਤੇ ਸੰਪੱਤੀ ਨਾਲ ਜੁੜ ਕੇ ਹੋਰ ਭਿਆਨਕ ਰੂਪ ਧਾਰਨ ਕਰ ਗਈ। ਗੁਰ ਪਰਵਾਰਾਂ ਵਿਚੋਂ ਜਿਸ ਗੁਰਿਆਈ ਅਭਿਲਾਸ਼ੀ ਨੂੰ ਗੁਰਗੱਦੀ ਪਰਾਪਤ ਨਾ ਹੋਈ ਉਹੋ ਪਰਵਾਰ ਗੁਰਮਤਿ ਦਾ ਵਿਰੋਧੀ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਤੇ ਗੁਰਿਆਈ ਪਦਵੀ ਦੇ ਉਮੀਦਵਾਰਾਂ ਦੀ ਗਿਣਤੀ ੨੨ ਦੇ ਲਗ ਭਗ ਦੱਸੀ ਜਾਂਦੀ ਹੈ ਭਾਵੇਂ ਗੁਰਗੱਦੀ ਦੇ ਅਭਿਲਾਸ਼ੀ ਤੇ ਹੋਰ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਨੇ ਗੁਰਗੱਦੀ ਦੇ ਉਮੀਦਵਾਰਾਂ ਵਿਚ ਆਪਣਾ ਨਾਂ ਹਾਲੇ ਦਰਜ ਨਹੀਂ ਕਰਵਾਇਆ ਹੋਣਾ। ਗੁਰਿਆਈ ਪਦਵੀ ਦੇ ਅਭਿਲਾਸ਼ੀਆਂ ਦਾ ਵਤੀਰਾ ਗੁਰੂ ਸਾਹਿਬਾਨ ਪ੍ਰਤਿ ਅਸੱਭਿਅਕ, ਅਸੈਹ ਅਤੇ ਅਪਰਾਧਸ਼ੀਲ ਹੋਣ ਦੇ ਬਾਵਜੂਦ ਗੁਰੂ ਸਾਹਿਬਾਨ ਨੇ ਉਹਨਾਂ ਦੇ ਦੁਰਵਿਹਾਰ ਨੂੰ ਅਣਡਿਠ ਕਰ ਕੇ ਉਹਨਾਂ ਨੂੰ ਗੁਰਮਤਿ ਅਨੁਸਾਰ ਬਣਦੇ ਸਨਮਾਨ ਦੀ ਬਖਸ਼ਿਸ਼ ਕੀਤੀ।
ਗੁਰੂ ਨਾਨਕ ਸਾਹਿਬ ਦੇ ਵੱਡੇ ਪੁਤਰ, ਬਾਬਾ ਸ੍ਰੀ ਚੰਦ ਜੀ ਨੇ ਗੁਰਮਤਿ ਉਪਦੇਸ਼ ਦੇ ਵਿਰੁਧ ਉਦਾਸੀ ਮਤ ਚਾਲੂ ਕਰ ਕੇ ਸਨਾਤਨੀ ਪਰੰਪਰਾ ਅਧੀਨ ਵਖਰੀ ਵਿਚਾਰਧਾਰਾ ਦਾ ਨਿਰਮਾਣ ਕੀਤਾ। ਉਹਨਾਂ ਦੇ ਉਪਾਸ਼ਕਾਂ ਨੇ ਗੁਰਦੁਆਰਆਂ ਤੇ ਕਬਜ਼ੇ ਕਰ ਕੇ ਗੁਰਮਤਿ ਦੇ ਮੂਲ ਸਿਧਾਂਤਾਂ ਵਿਰੁਧ ਉਦਾਸੀ ਮਤ ਦੀ ਸਨਾਤਨੀ ਮਰਿਆਦਾ ਲਾਗੂ ਕਰ ਦਿੱਤੀ। ਜਦੋਂ ਸਿੰਘ ਸਭਾਵਾਂ ਦੇ ਜਾਗਰੂਕ ਸ਼ਰਧਾਲੁਆਂ ਨੇ ਗੁਰਮਤਿ ਸਿਧਾਂਤਾਂ ਨੂੰ ਅਣਡਿਠ ਕਰਨ ਤੇ ਇਤਰਾਜ਼ ਕੀਤਾ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਸ਼ਰਧਾਲੂਆਂ ਨੂੰ ਪਰੰਪਰਾ ਦਾ ਵਾਸਤਾ ਪਾ ਕੇ ਭਲੋ ਲਿਤਾ ਗਿਆ। ਜੋ ਵੀ ਗੁਰਮਤਿ ਵਿਰੋਧੀ ਰੀਤਾਂ ਅੱਜ ਕਲ੍ਹ ਸਿੱਖ ਪੰਥ ਵਿਚ ਚਲ ਰਹਿਆਂ ਹਨ ਉਹਨਾਂ ਵਿਚੋਂ ਬਹੁਤੀਆਂ ਉਦਾਸੀ ਨਿਰਮਲੇ ਪੁਜਾਰੀਆਂ ਦੀ ਦੇਣ ਹਨ। 

ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਛੱਡ ਕੇ ਆਪਣਾ ਨਵਾਂ ਟਿਕਾਣਾ ਖਡੂਰ ਸਾਹਿਬ ਬਣਾਉਣਾ ਪਿਆ। ਉਹਨਾਂ ਦੇ ਛੋਟੇ ਪੁਤਰ, ਦਾਤੂ ਜੀ, ਆਪਣੇ ਆਪ ਨੂੰ ਗੁਰਿਆਈ ਦਾ ਹੱਕਦਾਰ ਸਮਝਦੇ ਸਨ। ਜਦੋਂ ਦਾਤੂ ਜੀ ਨੂੰ ਗੁਰਿਆਈ ਨਾ ਮਿਲੀ ਤਾਂ ਉਹਨਾਂ ਆਪਣੇ ਆਪ ਨੂੰ ਗੁਰੂ ਘੋਸ਼ਤ ਕਰ ਦਿੱਤਾ ਪਰ ਛੇਤੀ ਹੀ ਆਪੂੰ ਸਿਰਜੀ ਗੁਰਿਆਈ ਛਡਣੀ ਪਈ। ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਵਿਚ ਸਿੱਖੀ ਦਾ ਨਵਾਂ ਕੇਂਦਰ ਸਥਾਪਤ ਕਰਨਾ ਪਿਆ। ਗੁਰੂ ਸਾਹਿਬ ਦੇ ਵਡੇ ਪੁਤਰ, ਬਾਬਾ ਮੋਹਨ ਨੂੰ ਵੀ ਗੁਰਿਆਈ ਨਾ ਮਿਲੀ। ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਛੱਡ ਕੇ ਸੰਤੋਖਸਰ ਵਿਚ ਟਿਕਾਣਾ ਸਥਾਪਤ ਕਰਨਾ ਪਿਆ। ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨ ਪੁਤਰਾਂ ਵਿਚੋਂ ਗੁਰਿਆਈ ਦੀ ਬਖਸ਼ਿਸ਼ ਆਪਣੇ ਸਭ ਤੋਂ ਛੋਟੇ ਪੁਤਰ ਅਰਜਨ ਸਾਹਿਬ ਨੂੰ ਕਰ ਦਿੱਤੀ। ਇਸ ਤੇ ਗੁਰੂ ਸਾਹਿਬ ਦੇ ਵੱਡੇ ਪੁਤਰ ਪ੍ਰਿਥੀਚੰਦ ਬਹੁਤ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਐਸੀ ਪਰਵਾਰਕ ਜੰਗ ਛੇੜੀ ਜੋ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਸਾਹਿਬਾਨ ਨੂੰ ਗੁਰਮਤਿ ਪਰਚਾਰ ਅਤੇ ਸਿਖਿਆ ਦੇ ਸਥਾਪਤ ਕੇਂਦਰਾਂ ਨਾਲੋਂ ਸੰਪਰਕ ਤੋੜਨ ਦਾ ਕਾਰਨ ਬਣੀ।
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਆਪਣਾ ਵਖਰਾ ਤਖਤ ਸਥਾਪਤ ਕਰਨਾ ਪਿਆ। ਉਹਨਾਂ ਦੇ ਗੁਰਆਈ ਦੇ ਤਕਰੀਬਨ ੨੮ ਸਾਲ ਪਰਵਾਰਕ ਵਿਵਾਦਾਂ ਅਤੇ ਜੰਗਾਂ ਜੁਧਾਂ ਵਿਚ ਹੀ ਨਿਕਲ ਗਏ ਅਤੇ ਫਿਰ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਨਾਉਣਾ ਪਿਆ। ਗੁਰੂ ਸਾਹਿਬ ਦੇ ਵੱਡੇ ਪੁਤਰ, ਬਾਬਾ ਗੁਰਦਿੱਤਾ ਜੀ ਦੇ ਦੋ ਪੁਤਰਾਂ, ਬਾਬਾ ਧੀਰ ਮੱਲ ਅਤੇ ਛੋਟੇ ਹਰਿ ਰਾਏ ਜੀ ਵਿਚੋਂ ਗੁਰਿਆਈ ਦੀ ਬਖਸ਼ਿਸ਼ ਗੁਰੂ ਸਾਹਿਬ ਨੇ ਹਰਿ ਰਾਏ ਜੀ ਨੂੰ ਕਰ ਦਿੱਤੀ ਜਿਸ ਤੇ ਧੀਰ ਮੱਲ ਬਹੁਤ ਨਾਰਾਜ਼ ਹੋ ਗਿਆ। ਧੀਰ ਮੱਲ ਨੇ ਗੁਰੂ ਅਰਜਨ ਸਾਹਿਬ ਦੇ ਵਸਾਏ ਕਰਤਾਰ ਪੁਰ ਦੇ ਗੁਰਮਤਿ ਪਰਚਾਰ ਕੇਂਦਰ ਅਤੇ ਉਹਨਾਂ ਦੀ ਸੰਕਲਤ ਕੀਤੀ ਪੋਥੀ ਸਾਹਿਬ ਤੇ ਕਬਜ਼ਾ ਕਰ ਲਿਆ। ਉਸ ਨੇ ਗੁਰੂ ਸਾਹਿਬਾਨ ਨਾਲ ਦੁਰ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਕਿ ਉਸ ਦੇ ਮਸੰਦ, ਸੀਹੇਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਪੁਤਰ ਰਾਮਰਾਇ ਨੂੰ ਉਹਨਾਂ ਦੇ ਨਿਰਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗੁਰਿਆਈ ਤੋਂ ਵਾਂਝਾ ਕਰ ਦਿੱਤਾ ਅਤੇ ਗੁਰਿਆਈ ਦੀ ਬਖਸ਼ਿਸ਼ ਹਰਿਕ੍ਰਿਸ਼ਨ ਸਾਹਿਬ ਨੂੰ ਕਰ ਦਿੱਤੀ। ਇਸ ਤੇ ਰਾਮਰਾਇ ਅਤੇ ਉਸ ਦਾ ਪਰਵਾਰ ਵੀ ਗੁਰਮਿਤ ਦਾ ਵਿਰੋਧੀ ਹੋ ਗਿਆ। 

   ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਮਿਲਣ ਸਮੇਂ ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀਆਂ ਦੀ ਗਿਣਤੀ ਬਹੁਤ ਵਧ ਗਈ ਸੀ ਅਤੇ ਗੁਰਮਤਿ ਸਿਖਿਆ ਅਤੇ ਪਰਚਾਰ ਦੇ ਸਥਾਪਨਾਂ ਤੇ ਵਿਰੋਧੀਆਂ ਦੇ ਕਬਜ਼ੇ ਹੋ ਗਏ ਸਨ। ਦਰਬਾਰ ਸਾਹਿਬ, ਅਕਾਲ ਬੁੰਗੇ ਅਤੇ ਮਾਝੇ ਦੇ ਇਲਾਕੇ ਵਿਚ ਮੀਣਿਆਂ ਦਾ ਪਰਭਾਵ ਸੀ। ਕਰਤਾਰ ਪੁਰ ਅਤੇ ਦੁਆਬੇ ਦੇ ਇਲਾਕੇ ਵਿਚ ਧੀਰਮਲੀਏ ਹਾਵੀ ਹੋਏ ਸਨ। ਡੇਰਾਦੂਨ ਵਿਚ ਰਾਮਰਾਈਆਂ ਦਾ ਕੇਂਦਰ ਸੀ। ਗੁਰੂ ਸਾਹਿਬ ਦਾ ਪਰਚਾਰ ਕੇਂਦਰ ਪੁਆਧ ਅਤੇ ਪਹਾੜੀ ਇਲਾਕੇ ਵਿਚ ਹੋਣ ਕਰਕੇ ਉਹਨਾਂ ਦਾ ਪਰਚਾਰ ਖੇਤਰ ਮਾਲਵੇ ਅਤੇ ਪੂਰਬੀ ਇਲਾਕਿਆਂ ਤੱਕ ਸੀਮਤ ਹੋ ਗਿਆ ਸੀ। ਗੁਰਮਤਿ ਵਿਰੋਧੀ ਚੁੱਪ ਬੈਠਣ ਵਾਲੇ ਨਹੀਂ ਸਨ। ਉਹ ਗੁਰੂ ਤੇਗ ਬਹਾਦਰ ਸਾਹਿਬ ਵਿਰੁਧ ਸਾਜ਼ਸ਼ਾਂ ਕਰਦੇ ਰਹੇ ਜੋ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣੀਆਂ। ਇਤਹਾਸ ਵਿਚ ਗੁਰਿਆਈ ਦੇ ਚਾਹਵਾਨ ਅਤੇ ਗੁਰਮਤਿ ਦੇ ਹੋਰ ਪਰਵਾਰਕ ਵਿਰੋਧੀਆਂ ਦੀਆਂ ਸਰਗਰਮੀਆਂ ਦਾ ਬਹੁਤਾ ਜ਼ਿਕਰ ਨਹੀਂ ਮਿਲਦਾ ਕਿਊਂਕੇ ਇਤਹਾਸ ਲਿਖਣ ਵਾਲੇ ਬਹੁਤੇ ਉਹਨਾਂ ਦੇ ਹੀ ਸਬੰਧੀ ਜਾਂ ਜਾਣਕਾਰ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਉਹਨਾਂ ਦੇ ਵਿਰੋਧੀ ਦੋ ਲਾਭ ਪਰਾਪਤ ਹੋਣ ਦੀ ਆਸ ਰਖਦੇ ਸਨ। ਇਕ, ਉਹਨਾਂ ਨੂੰ ਗੁਰਿਆਈ ਹੱਥ ਲਗਣ ਦੀ ਸੰਭਾਵਨਾ ਨਜ਼ਰ ਆਉਂਦੀ ਸੀ। ਦੂਜੇ, ਉਹ ਸਮਝਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਛੋਟੀ ਹੈ ਅਤੇ ਤਜਰਬੇ ਦੀ ਘਾਟ ਕਾਰਨ ਗੁਰੂ ਸਾਹਿਬ ਉਹਨਾਂ ਦੀਆਂ ਸਾਜ਼ਸ਼ਾਂ ਨੂੰ ਠਲ੍ਹ ਨਹੀਂ ਪਾ ਸਕਣਗੇ। ਗੁਰੂ ਸਾਹਿਬ ਦੀਆਂ ਮੁਢਲੀਆਂ ਮੁਸ਼ਕਲਾਂ ਦਾ ਮੁੱਖ ਕਾਰਨ ਇਹਨਾਂ ਪਰਵਾਰਕ ਵਿਰੋਧੀਆਂ ਦੀਆਂ ਸਾਜ਼ਸ਼ਾਂ ਹੀ ਸਨ। ਇਕ ਤੇ ਗੁਰਮਤਿ ਪਰਚਾਰ ਦਾ ਕਾਰਜ ਖੇਤਰ ਸੀਮਤ ਹੋ ਗਿਆ ਸੀ, ਦੂਜੇ ਇਹਨਾਂ ਵਿਰੋਧੀਆਂ ਨੇ ਗੁਰੂ ਸਾਹਿਬ ਨੂੰ ਬੇਅਰਥ ਜੰਗਾਂ ਵਿਚ ਉਲਝਾ ਕੇ ਗੁਰਮਤਿ ਪਰਚਾਰ ਦੀ ਸੁਵਿਧਾ ਸੀਮਤ ਕਰ ਦਿੱਤੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਗੁਰਮਤਿ ਪਰਚਾਰ ਦੇ ਪਰਥਮ ਅਤੇ ਪੁਰਾਣੇ ਕੇਂਦਰਾਂ ਤੇ ਗੁਰਮਤਿ ਵਿਰੋਧੀਆਂ ਨੇ ਆਪਣੀ ਪਰੱਥਾ ਕਾਇਮ ਕਰ ਲਈ ਸੀ।
   ਬੰਦਾ ਬਹਾਦਰ ਦੇ ਸਿੱਖ ਧਰਮ ਨੂੰ ਇਤਹਾਸਕ ਯੋਗਦਾਨ ਬਾਰੇ ਕਈ ਸਵਾਲਾਂ ਦੇ ਭਰੋਸੇਯੋਗ ਜਵਾਬ ਨਹੀਂ ਮਿਲਦੇ। ਬੰਦਾ ਬਹਾਦਰ ਨਾਲ ਸਬੰਧਤ ਕੁੱਝ ਪਰਵਾਣਤ ਇਤਹਾਸਕ ਤੱਥ ਇਸ ਪਰਕਾਰ ਹਨ: ਚਮਕੌਰ ਸਾਹਿਬ ਦੀ ਜੰਗ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਇਕ ਸਾਲ ਮਾਲਵੇ ਵਿਚ ਰਹੇ ਅਤੇ ਮਾਨਵਤਾ ਦੇ ਭਲੇ ਲਈ ਦਮਦਮੀ ਬੀੜ ਵਜੋਂ ਜਾਣੇ ਜਾਂਦੇ ਪਵਿਤਰ ਗ੍ਰੰਥ ਦਾ ਸੰਕਲਨ ਕੀਤਾ। ਗੁਰੂ ਸਾਹਿਬ ਬਾਦਸ਼ਾਹ ਔਰੰਗਜ਼ੇਬ ਦੇ ਬੁਲਾਵੇ ਤੇ ਦਖਣ ਉਸ ਨਾਲ ਪੰਜਾਬ ਵਿਚ ਸ਼ਾਂਤੀ ਕਾਇਮ ਕਰਨ ਲਈ ਗਲ ਬਾਤ ਕਰਨ ਗਏ। ਔਰੰਗਜ਼ੇਬ ਦੀ ਮੌਤ ਉਪਰੰਤ ਉਸ ਦੇ ਪੁਤਰਾਂ ਵਿਚ ਛਿੜੀ ਜੰਗ ਵਿਚ ਗੁਰੂ ਸਾਹਿਬ ਨੇ ਉਸ ਦੇ ਪੁਤਰ ਬਹਾਦਰ ਸ਼ਾਹ ਦੀ ਸਹਾਇਤਾ ਕੀਤੀ ਅਤੇ ਉਹ ਦਿੱਲੀ ਦੀ ਗੱਦੀ ਪਰਾਪਤ ਕਰਨ ਵਿਚ ਸਫਲ ਹੋ ਗਿਆ। ਮੁਗਲ ਸਾਸ਼ਨ ਨਾਲ ਗੁਰੂ ਸਾਹਿਬ ਦੇ ਤੁਅਲਕਾਤ ਠੀਕ ਅਤੇ ਸ਼ਾਂਤੀਪੂਰਨ ਹੋ ਗਏ। ਬੰਦਾ ਬਹਾਦਰ ਮਰਾਰਾਸ਼ਟਰ ਵਿਚ ਰਹਿੰਦਾ ਸੀ ਅਤੇ ਸਿਵਾਜੀ ਮਰਾਠੇ ਦਾ ਪ੍ਰਸੰਸਕ ਸੀ। ਮਰਾਠੇ ਸਾਰੇ ਭਾਰਤ ਵਿਚ ਮਰਾਠਾ ਹਿੰਦੂ ਰਾਜ ਸਥਾਪਤ ਕਰਨ ਦੇ ਚਾਹਵਾਨ ਸਨ। ਗੁਰੂ ਸਾਹਿਬ ਦੀ ਬੰਦਾ ਬਹਾਦਰ ਨਾਲ ਮੁਲਾਕਾਤ ਨੰਦੇੜ ਵਿਚ ਹੋਈ। ਗੁਰੂ ਸਾਹਿਬ ਨਾਲ ਮਿਲਣ ਉਪਰੰਤ ਬੰਦਾ ਬਹਾਦਰ ਖਾਲਸਾ ਸਜ ਗਿਆ, ਅਤੇ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਉਸ ਨੂੰ ਆਗੂ ਥਾਪ ਕੇ ਪੰਜਾਬ ਜਾਣ ਦਾ ਆਦੇਸ਼ ਦਿੱਤਾ। ਬੰਦਾ ਬਹਾਦਰ ਨੇ ਪੰਜਾਬ ਪੁਜ ਕੇ ਮੁਗਲ ਸਾਸ਼ਨ ਤੋਂ ਬਦਲਾ ਲੈਣ ਦੀ ਭਾਵਨਾ ਨਾਲ ਜੰਗ ਛੇੜ ਦਿੱਤੀ ਜਿਸ ਵਿਚ ਉਹ ਆਪ ਸ਼ਹੀਦ ਹੋ ਗਿਆ ਅਤੇ ਮੁਗਲ ਸਾਸ਼ਨ ਨੇ ਸਿੱਖਾਂ ਦੀ ਨਸਲਕੁਸ਼ੀ ਕਰਨੀ ਅਰੰਭ ਕਰ ਦਿੱਤੀ। 

ਕਈ ਇਤਹਾਸਕਾਰ ਹੁਕਮਨਾਮਿਆਂ ਜਾਂ ਹੋਰ ਸਰੋਤਾਂ ਦੇ ਆਧਾਰ ਤੇ ਇਹ ਆਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ ਮੁਗਲਾਂ ਤੋਂ ਬਦਲਾ ਲੈਣ ਵਾਸਤੇ ਪੰਜਾਬ ਸਾਸ਼ਨ ਤੇ ਹਮਲਾ ਕਰਨ ਲਈ ਭੇਜਿਆ ਸੀ। ਅਜਿਹਾ ਕਥਨ ਗੁਰੂ ਸਾਹਿਬ ਦੇ ਚਰਿੱਤਰ ਤੇ ਕਈ ਅਣਸੁਖਾਵੇਂ ਸਵਾਲ ਖੜ੍ਹੇ ਕਰ ਦਿੰਦਾ ਹੈ ਅਤੇ ਉਹਨਾਂ ਦੇ ਮੰਤਵ ਨੂੰ ਸ਼ੱਕੀ ਬਣਾ ਦਿੰਦਾ ਹੈ। ਜੇਕਰ ਗੁਰੂ ਸਾਹਿਬ ਮੁਗਲ ਸਾਸ਼ਨ ਤੋਂ ਬਦਲਾ ਲੈਣਾ ਚਾਹੁੰਦੇ ਸਨ ਤਾਂ ਉਹਨਾਂ ਮਾਲਵੇ ਵਿਚ ਰਹਿੰਦੇ ਹੋਏ ਬਦਲਾ ਲੈਣ ਲਈ ਜੰਗ ਕਿਊਂ ਨਾ ਛੇੜੀ ਜਾਂ ਜੰਗ ਦੀ ਤਿਆਰੀ ਕਿਊਂ ਨਾ ਕੀਤੀ? ਉਹ ਤੇ ਜੰਗ ਛੇੜਣ ਦੀ ਬਜਾਏ ਪੰਜਾਬ ਵਿਚ ਸ਼ਾਂਤੀ ਕਾਇਮ ਕਰਨ ਲਈ ਔਰੰਗਜ਼ੇਬ ਨਾਲ ਗਲ ਬਾਤ ਕਰਨ ਦਖਣ ਵਲ ਚਲੇ ਗਏ ਅਤੇ ਬਹਾਦਰ ਸ਼ਾਹ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਤੇ ਇਹੋ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਮੁਗਲ ਸਾਸ਼ਨ ਨਾਲ ਮੇਲ ਜੋਲ ਕਰਨ ਦੇ ਚਾਹਵਾਨ ਸਨ। ਇਹ ਅਨੁਮਾਨ ਲਾਉਣਾ ਕਿ ਉਹ ਅਜੋਕੇ ਸਿਆਸਤਦਾਨਾਂ ਵਾਂਙੂੰ ਮੁਗਲ ਸਾਸ਼ਨ ਨੂੰ ਧੋਖਾ ਦੇਣ ਲਈ ਉਪਰੋਂ ਮੇਲ ਅਤੇ ਅੰਦਰੋਂ ਵੈਰ ਵਾਲੀ ਨੀਤੀ ਅਪਣਾ ਰਹੇ ਸਨ ਉਹਨਾਂ ਦੀ ਸ਼ਖਸੀਅਤ ਦਾ ਘੋਰ ਅਪਮਾਨ ਹੈ ਕਿਊਂਕੇ ਉਹ ਤੇ ਗੁਰਮਤਿ ਦੇ ਧਾਰਨੀ ਮਾਨਵਤਾ ਦੇ ਕਲਿਆਨ ਲਈ ਸਤਕਾਰਤ ਗੁਰੂ ਪਦਵੀ ਤੇ ਸੁਸ਼ੋਭਤ ਸਨ ਕੋਈ ਅਜੋਕੇ ਧੋਖੇਬਾਜ਼ ਸਿਆਸਤਦਾਨ ਨਹੀਂ ਸਨ। ਗੁਰਬਾਣੀ ਦੇ ਫੁਰਮਾਨ ਹਨ:
   “ਮਨ ਮੇਰੇ ਭੂਲੇ ਕਪਟੁ ਨ ਕੀਜੈ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥“
(ਪੰ: ੬੫੬);
   “ਦਿਲਹੁ ਮੁਹਬਤਿ ਜਿੰਨ ਸੇਈ ਸਚਿਆ॥ ਜਿਨ ਮਨਿ ਹੁਰ ਮੁਖਿ ਹੁਰ ਸਿ ਕਾਂਢੇ ਕਚਿਆ॥“
(ਪੰ: ੪੮੮)।
ਜੇਕਰ ਗੁਰੂ ਸਾਹਿਬ ਆਪ ਮੁਗਲਾਂ ਨਾਲ ਜੰਗ ਛੇੜਣ ਤੋਂ ਕਿਨਾਰਾਕਸ਼ੀ ਕਰ ਰਹੇ ਸਨ ਤਾਂ ਉਹਨਾਂ ਬੰਦਾ ਬਹਾਦਰ ਨੂੰ ਪੰਜਾਬ ਜੰਗ ਕਰਨ ਲਈ ਕਿਊਂ ਭੇਜਣਾ ਸੀ? ਜੋ ਕੰਮ ਉਹ ਆਪ ਕਰਨ ਤੋਂ ਗੁਰੇਜ਼ ਕਰ ਰਹੇ ਸਨ ਉਹ ਕੰਮ ਉਹਨਾਂ ਹੋਰ ਕਿਸੇ ਨੂੰ ਕਰਨ ਲਈ ਕਿਊਂ ਆਖਣਾ ਸੀ? ਜੋ ਲੇਖਕ ਇਹ ਕਲਪਨਾ ਕਰਦੇ ਹਨ ਕਿ ਗੁਰੂ ਸਾਹਿਬ ਬੰਦਾ ਬਹਾਦਰ ਤੋਂ ਮੁਗਲਾਂ ਨਾਲ ਜੰਗ ਕਰਵਾਉਣੀ ਚਾਹੁੰਦੇ ਸਨ ਉਹ ਤੇ ਗੁਰੂ ਸਾਹਿਬ ਨੂੰ ਬਲਹੀਣ ਅਤੇ ਬੰਦਾ ਬਹਾਦਰ ਨੂੰ ਉਹਨਾਂ ਨਾਲੋਂ ਬਲਵਾਨ ਅਤੇ ਬਹਾਦਰ ਸਿੱਧ ਕਰਨ ਦੀ ਗੁਸਤਾਖੀ ਕਰ ਰਹੇ ਹਨ। ਪੰਜਾਬ ਵਿਚ ਰਹਿੰਦੇ ਹੋਏ ਗੁਰੂ ਸਾਹਿਬ ਨੇ ਕਿਸੇ ਸਮੇਂ ਵੀ ਮੁਗਲਾਂ ਤੋਂ ਬਦਲਾ ਲੈਣ ਦੀ ਇੱਛਾ ਦਾ ਪਰਗਟਾਵਾ ਨਹੀਂ ਸੀ ਕੀਤਾ, ਉਹ ਤੇ ਸਦਾ ਹੀ ਅਮਨ ਚੈਨ ਦੇ ਸਮਰਥਕ ਰਹੇ ਸਨ। 

ਗੁਰੂ ਸਾਹਿਬ ਦੇ ਮੁਗਲਾਂ ਨਾਲ ਸਬੰਧ ਛੋਟੀ ਉਮਰ ਤੋਂ ਹੀ ਰਹੇ ਸਨ। ਉਹਨਾਂ ਨੂੰ ਮੁਗਲਾਂ ਦੀ ਸ਼ਕਤੀ ਅਤੇ ਸਮਰਥਾ ਦਾ ਠੀਕ ਅੰਦਾਜ਼ਾ ਸੀ। ਉਹ ਇਕ ਸੁਲਝੇ ਹੋਏ ਦੂਰ ਅੰਦੇਸ਼ ਕਮਾਂਡਰ ਵੀ ਸਨ ਅਤੇ ਭਲੀ ਭਾਂਤ ਜਾਣਦੇ ਸਨ ਕਿ ਮੁਗਲਾਂ ਨਾਲ ਜੰਗ ਛੇੜਣ ਦੇ ਪਰਿਨਾਮ ਬਹੁਤ ਹੀ ਭਿਆਨਕ ਹੋਣਗੇ ਕਿਊਂਕੇ ਰਾਜ ਸੱਤਾ ਆਪਣੀ ਪਰਭੁਤਾ ਨੂੰ ਕਿਸੇ ਪਰਕਾਰ ਦੀ ਚਣੌਤੀ ਸਹਿਣ ਨਹੀਂ ਕਰਦੀ ਅਤੇ ਵਿਦਰੋਹੀਆਂ ਦਾ ਬੀਜ ਨਾਸ ਕਰਨ ਤੱਕ ਜਾਂਦੀ ਹੈ। ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਸਭ ਕੁੱਝ ਜਾਣਦੇ ਹੋਏ ਉਹਨਾਂ ਬੰਦਾ ਬਹਾਦਰ ਨੂੰ ਬਦਲਾ ਲੈਣ ਲਈ ਪੰਜਾਬ ਵਿਚ ਮੁਗਲਾਂ ਵਿਰੁਧ ਜੰਗ ਛੇੜਣ ਦਾ ਆਦੇਸ਼ ਦੇ ਦਿਤਾ? ਕੀ ਉਹ ਨਹੀਂ ਸਨ ਜਾਣਦੇ ਕਿ ਐਸੀ ਜੰਗ ਉਹਨਾਂ ਦੇ ਪਿਆਰੇ ਪੰਥ ਲਈ ਘਾਤਕ ਸਿੱਧ ਹੋ ਸਕਦੀ ਹੈ।
ਇਹ ਗੱਲ ਮੰਨਣਯੋਗ ਨਹੀਂ ਹੈ ਕਿ ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਸਭ ਕੁੱਝ ਜਾਣਦੇ ਹੋਏ ਪੰਜਾਬ ਵਿਚ ਮੁਗਲਾਂ ਪਰ ਆਕਰਮਣ ਕਰਨ ਦਾ ਆਦੇਸ਼ ਦਿੱਤਾ ਹੋਵੇਗਾ। ਸੰਭਵ ਹੈ ਕਿ ਬੰਦਾ ਬਹਾਦਰ ਨੇ ਸ਼ਿਵਾਜੀ ਮਰਾਠੇ ਤੋਂ ਪਰੇਰਤ ਹੋ ਕੇ ਗੁਰੂ ਸਾਹਿਬ ਦੀ ਮਨਸ਼ਾ ਅਤੇ ਆਦੇਸ਼ ਵਿਰੁਧ ਮੁਗਲ ਸਾਸ਼ਨ ਨਾਲ ਜੰਗ ਛੇੜੀ ਹੋਵੇ। ਬੰਦਾ ਬਹਾਦਰ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਪੰਜਾਬ ਵਿਚ ਮੁਗਲ ਸਾਸ਼ਨ ਵਿਰੁਧ ਜੰਗ ਕਰਨ ਦੇ ਕੀ ਘਾਤਕ ਪਰਿਨਾਮ ਹੋ ਸਕਦੇ ਹਨ ਕਿਊਂਕੇ ਮਹਾਰਾਸ਼ਟਰ ਵਿਚ ਰਹਿੰਦੇ ਹੋਏ ਉਸ ਨੂੰ ਪੰਜਾਬ ਦੇ ਹਾਲਾਤ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਉਸ ਨੂੰ ਪੰਜਾਬ ਵਿਚ ਮੁਸਲਮਾਨਾਂ ਦੀ ਬੁਹਗਿਣਤੀ ਦੀ ਮਹਤੱਤਾ ਦਾ ਵੀ ਐਹਸਾਸ ਨਹੀਂ ਸੀ। ਉਸ ਨੂੰ ਸ਼ਾਇਦ ਇਸ ਗੱਲ ਦਾ ਵੀ ਫਿਕਰ ਨਹੀਂ ਸੀ ਕਿ ਜੰਗ ਦੇ ਪਰਿਨਾਮ ਵਜੋਂ ਸਿੱਖ ਪੰਥ ਨੂੰ ਆਪਣੀ ਹਸਤੀ ਕਾਇਮ ਰਖਣ ਲਈ ਇਕ ਭਿਆਨਕ ਦੌਰ ਵਿਚੋਂ ਗੁਜ਼ਰਨਾ ਪਵੇਗਾ ਅਤੇ ਸਿੱਖ ਧਰਮ ਦੇ ਸਾਰੇ ਸਿਖਿਆ ਅਤੇ ਪਰਚਾਰ ਕੇਂਦਰਾਂ ਤੇ ਗੁਰਮਤਿ ਵਿਰੋਧੀਆਂ ਦੇ ਕਬਜ਼ੇ ਹੋ ਜਾਣਗੇ। 

ਗੁਰਮਤਿ ਦੀ ਨਿਰਵੈਰਤਾ ਦਾ ਸਿਧਾਂਤ ਬਦਲੇ ਦੀ ਭਾਵਨਾ ਅਧੀਨ ਕੋਈ ਵੀ ਕਰਮ ਕਰਨ ਦੀ ਆਗਿਆ ਨਹੀਂ ਦਿੰਦਾ ਅਤੇ ਗੁਰੂ ਸਾਹਿਬ ਨੇ ਗੁਰਮਤਿ ਦੇ ਇਸ ਸਿਧਾਂਤ ਦੀ ਪਾਲਣਾ ਕਰਦੇ ਹੋਏ ਮੁਗਲ ਸਾਸ਼ਨ ਨਾਲ ਸ਼ਾਂਤੀ ਦੀ ਨੀਤੀ ਅਖਤਿਆਰ ਕੀਤੀ ਹੋਈ ਸੀ। ਬੰਦਾ ਬਹਾਦਰ ਦੀ ਬਦਲੇ ਦੀ ਭਾਵਨਾ ਨਾਲ ਪੰਜਾਬ ਵਿਚ ਜੰਗ ਛੇੜਣੀ ਗੁਰੂ ਸਾਹਿਬ ਦੀ ਨੀਤੀ ਅਤੇ ਗੁਰਮਤਿ ਦੇ ਮੂਲ ਸਿਧਾਂਤ ਦੇ ਵਿਪਰੀਤ ਸੀ। ਗੁਰਮਤਿ ਤਾ ਸੱਚ ਨੂੰ ਜਾਨਣ, ਸਮਝਣ ਅਤੇ ਉਸ ਤੋਂ ਸਿਖਿਆਂ ਲੈਣ ਦਾ ਰਾਹ ਹੈ।

ਹਾਕਮ ਸਿੰਘ                                                              

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.