ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਲੋਹਗੜ
(ਮਿੰਨੀ ਕਹਾਣੀ) ਇਸੇ ਕਰਕੇ ਹੀ.......
(ਮਿੰਨੀ ਕਹਾਣੀ) ਇਸੇ ਕਰਕੇ ਹੀ.......
Page Visitors: 2935

(ਮਿੰਨੀ ਕਹਾਣੀ) ਇਸੇ ਕਰਕੇ ਹੀ.......
ਜਿਉਂ ਹੀ ਹਰਜੀਤ ਆਪਣੇ ਪਿੰਡ ਵਾਲੀ ਬੱਸ ਚੋਂ ਸ਼ਹਿਰ ਦੇ ਬੱਸ ਸਟੈਂਡ ਉਤਰੀ ਤਾਂ ਆਪਣੇ ਸਰਟੀਫਿਕੇਟ ਵਾਲੇ ਲਿਫਾਫੇ ਚੋਂ ਮੋਬਾਇਲ ਕੱਢ ਕੇ ਵਾਰ-ਵਾਰ ਕੋਈ ਨੰਬਰ ਲਗਾਉਣ ਲੱਗੀ, ਪਰ ਅੱਗੋਂ ਉਸ ਦੇ ਫੋਨ ਦਾ ਕੋਈ ਜਵਾਬ ਨਹੀ ਸੀ ਆ ਰਿਹਾ। ਤਕਰੀਬਨ ਵੀਹ ਮਿੰਟ ਬਾਅਦ ਗੁਰਜੰਟ ਆਇਆ ਤੇ ਮੋਟਰਸਾਇਕਲ ਦੀ ਟੈਂਕੀ ਤੇ ਰੱਖੀ ਆਪਣੀ ਸਰਟੀਫਿਕੇਟਸ ਵਾਲੀ ਫਾਇਲ ਹਰਜੀਤ ਨੂੰ ਫੜਾਂਉਂਦੇ ਹੋਏ ਪੁੱਛਣ ਲੱਗਾ ਕਿ ਉਹ ਆਪਣੇ ਸਾਰੇ ਸਰਟੀਫਿਕੇਟ ਲੇ ਆਈ ਜਾਂ ਨਹੀਂ। 
 ਹਰਜੀਤ ਨੇ ਹਾਂ ਵਿਚ ਸਿਰ ਹਲਾਂਉਂਦੇ ਹੋਏ ਫਾਇਲ ਫੜੀ ਤੇ ਮੋਟਰਸਾਇਕਲ ਤੇ ਬੈਠ ਗਈ ਹਰਜੀਤ ਦੇ ਮਨ ਵਿਚ ਜਿੱਥੇ ਇਕ ਪਾਸੇ ਨਵੇਂ ਪੂੰਗਰਦੇ ਫੁੱਲ ਵਰਗੀ ਖੁਸ਼ੀ ਸੀ ਉਥੇ ਦੂਜੇ ਪਾਸੇ ਕਣਕ ਦੀ ਪੱਕੀ ਹੋਈ ਫਸਲ ਉਤੇ ਮੰਡਰਾਅ ਰਹੇ ਕਾਲੇ ਬੱਦਲਾਂ ਵਰਗਾ ਡਰ ਵੀ ਝਲਕ ਰਿਹਾ ਸੀ। ਇਕ ਪਾਸੇ ਮਾਂ ਪਿਉ ਦੀਆਂ ਨਸੀਹਤਾਂ ਤੇ ਦੂਜੇ ਪਾਸੇ ਗੁਰਜੰਟ ਦਾ ਮੋਹ ਉਸ ਦੇ ਦਿਮਾਗ ਰੂਪੀ ਮੈਦਾਨ ਵਿਚ ਇਸ ਤਰਾਂ ਲੜ ਰਹੇ ਸਨ ਜਿਵੇਂ ਇਕ ਕਰਜਾਈ ਕਿਸਾਨ ਅਤੇ ਕੁਰਕੀ ਕਰਨ ਆਏ ਅਧਿਕਾਰੀ ਆਪਸ ਵਿਚ ਲੜ ਰਹੇ ਹੋਣ। ਅਣਜਾਣ ਦੁਕਾਨਦਾਰ ਦੀ ਤੱਕੜੀ ਵਾਂਗੂ ਕਦੇ ਮਾਪਿਆਂ ਵਾਲਾ ਪਲੜਾ ਭਾਰੀ ਹੋ ਜਾਂਦਾ ਤੇ ਕਦੇ ਗੁਰਜੰਟ ਵਾਲਾ। ਗੁਰਜੰਟ ਇਕ ਨੰਬਰ ਦਾ ਨਸ਼ੇੜੀ ਤੇ ਵਿਹਲਾ ਫਿਰਨ ਵਾਲਾ ਮੁੰਡਾ, ਜਿਸ ਬਾਰੇ ਹਰਜੀਤ ਦੇ ਘਰ ਵਾਲੇ ਬਹੁਤ ਚੰਗੀ ਤਰ੍ਹਾਂ ਜਾਣ ਚੁਕੇ ਸੀ ਪਰ ਹਰਜੀਤ ਕਾਲਜ ਦੇ ਤਿੰਨ ਸਾਲ ਉਹਦੇ ਨਾਲ ਰਹਿਣ ਤੋਂ ਬਅਦ ਇਹ ਸਭ ਕੁਝ ਜਾਣਦੇ ਹੋਏ ਵੀ ਉਸ ਨੂੰ ਛੱਡਣ ਲਈ, ਉਸ ਤੋਂ ਵੱਖ ਹੋਣ ਲਈ ਤਿਆਰ ਨਹੀਂ ਸੀ। ਸ਼ਾਇਦ ਇਹ ਉਸਦੀ ਮਜਬੂਰੀ ਹੋ ਚੁੱਕੀ ਸੀ। ਆਪਣੇ ਜਨਮ ਵੇਲੇ ਮਾਂ ਵਲੌ ਝੱਲੀ ਗਈ ਅਸਹਿ ਪੀੜ , ਜਨਮ ਤੌ ਲੈ ਕੇ ਕਿੰਨੇ ਹੀ ਸਾਲ ਗਿੱਲੇ ਤੇ ਗੰਦੇ ਕੀਤੇ ਕੱਪੜਿਆਂ ਦੀ ਮਾਂ ਵਲੋਂ ਕੀਤੀ ਸਫਾਈ, ਬਚਪਨ ਵਿਚ ਮਿਲਿਆ ਪਿਆਰ, ਉਸ ਨੂੰ ਆਤਮ ਨਿਰਭਰ ਬਣਾਉਣ ਅਤੇ ਉੱਚੇ ਅਹੁਦੇ ਤੇ ਪਹੁੰਚਾਉਣ ਲਈ ਬਾਪੂ ਦੀ ਖੂਨ ਪਸੀਨੇ ਦੀ ਕਮਾਈ ਚੋਂ ਭਰੀਆਂ ਗਈਆਂ ਫੀਸਾਂ ਆਦਿ ਸਭ ਕੁਝ ਉਹ ਇਸ ਤਰਾਂ ਭੁੱਲ ਗਈ ਜਿਵੇਂ ਪਾਣੀ ਵਿਚ ਡੁੱਬੇ ਕਿਸੇ ਜਹਾਜ ਨੂੰ ਲੋਕ ਹੋਲੀ ਹੋਲੀ ਭੁੱਲ ਚੁੱਕੇ ਹੋਣ। ਦੋਨੋ ਕੋਰਟ ਪਹੁੰਚ ਗਏ ਅਤੇ ਆਪਣੇ ਵਾਕਿਫ ਵਕੀਲ ਨੂੰ ਕੋਰਟ ਮੇਰਿਜ ਕਰਾਉਣ ਲਈ ਸਬੰਧਿਤ ਸਰਟੀਫੀਕੇਟ ਦੇ ਦਿੱਤੇ। ਤਕਰੀਬਨ ਅੱਧੇ ਘੰਟੇ ਦੀ ਕਰਵਾਈ ਬਾਅਦ ਸਾਰੇ ਕਾਗਜ ਤਿਆਰ ਕਰਕੇ ਵਕੀਲ ਸਾਹਬ ਦੋਨਾਂ ਨੂੰ ਮਾਣਯੋਗ ਜੱਜ ਸਾਹਿਬ ਕੋਲ ਲੈ ਗਏ। ਸਾਰੀ ਸਥਿਤੀ ਜਾਨਣ ਤੋ ਬਾਅਦ ਜੱਜ ਸਾਹਬ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਅਸਰ ਨਾ ਹੋਇਆ। ਅਖੀਰ ਜੱਜ ਦੇ ਪੁੱਛਣ ਤੇ ਦੋਨਾਂ ਨੇ ਆਪਸੀ ਸਹਿਮਤੀ ਪ੍ਰਗਟਾਈ ਤੇ ਜੱਜ ਸਾਹਬ ਵਲੋਂ ਮੋਹਰ ਅਤੇ ਦਸਤਖਤ ਕਰਕੇ ਕੋਰਟ ਮੈਰਿਜ ਪ੍ਰਵਾਨਗੀੇ ਦੇ ਕਾਗਜ ਹਰਜੀਤ ਨੂੰ ਦੇ ਦਿੱਤੇ ਗਏ। ਜਦੋਂ ਦੋਨੋਂ ਜਾਣੇ ਕਮਰੇ ਚੋਂ ਬਾਹਰ ਨਿਕਲਣ ਲਈ ਦਰਵਾਜੇ ਵੱਲ ਘੁੰਮ ਕੇ ਤੁਰਨ ਲੱਗੇ ਤਾਂ ਹਰਜੀਤ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ, ਸਰੀਰ ਸੁੰਨ ਹੋ ਗਿਆ ਉੱਚੀ ਉੱਚੀ ਰੋਂਣ ਲੱਗੀ, ਹੱਥ ਵਿਚ ਫੜੇ ਹੋਏ ਕੋਰਟ ਮੈਰਿਜ ਦੀ ਪ੍ਰਵਾਨਗੀ ਵਾਲੇ ਕਾਗਜ ਪਾੜ ਕੇ ਚਕਨਾਚੂਰ ਕਰ ਦਿੱਤੇ ਤੇ ਗੁਰਜੰਟ ਨੂੰ ਹਮੇਸ਼ਾ ਲਈ ਛੱਡ ਦਿੱਤਾ ਕਿਉਂ ਕਿ,,,,
ਜੱਜ ਸਾਹਬ ਦੇ ਸਾਹਮਣੇ ਵਾਲੀ ਦੀਵਾਰ ਤੇ ਲਿਖਿਆ ਹੋਈਆ ਸੀ, 'ਇਸੇ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਨੇਂ।'
Kulwant Singh ‪#‎lohgarh‬
ਕੁਲਵੰਤ ਸਿੰਘ 'ਲੋਹਗੜ੍ਹ'
98146 24320
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.