ਗੁਰਬਾਣੀ ਰਹਿਤ ਮਰੀਯਾਦਾ
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸਿਖ ਲਈ ਜੀਵਨ ਜੁਗਤਿ { ਰਹਿਤ ਮਰੀਯਾਦਾ }
ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ ॥7॥ ਗ.ਗ.ਸ. ਪੰਨਾ 1343
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਣਵਾਦ ਦੇ ਪੈਦਾ ਕੀਤੇ ਹੋਏ ਧਰਮ ਨਾਮ ਹੇਠ ਕਰਮ ਕਾਂਡ ਦੇ ਜਾਲ ਵਿੱਚ ਫਟ ਫਟਾ ਰਹੇ ਸਮਾਜ ਨੂੰ ਦੇਖ ਕੇ, ਮਨੁੱਖਤਾ ਲਈ ਗਿਆਨ ਰਾਹੀਂ ਧਰਮ ਨੂੰ ਸਮਝ ਕੇ ਸਰਲ, ਸੁਖੀ ਅਤੇ ਵਿਗਾਸ ਭਰਿਆ ਜੀਵਨ ਜੀਉਣ ਦੀ ਇਨਕਲਾਬੀ ਲਹਿਰ ਦਾ ਆਰੰਭ ਕੀਤਾ, ਜੋ ਗੁਰੂ ਬਣ ਬੈਠੇ ਬ੍ਰਾਹਮਣ ਲਈ ਵੱਡੀ ਚੁਣੌਤੀ ਸੀ।
ਬਦਲੇ ਵਿੱਚ ਇਸ ਲਹਿਰ ਨੂੰ ਬਿਖੇਰਨ ਲਈ ਉਸੇ ਦਿਨ ਤੋਂ ਬ੍ਰਾਹਮਣੀ ਸੋਚ ਵਲੋਂ ਸਮੇਂ ਸਮੇਂ ਨਾਲ ਗੁਰੂ ਵਿਰੋਧੀ ਸੋਚ ਨਾਲ ਟਕਰਾਓ ਪੈਦਾ ਕੀਤਾ ਗਿਆ, ਇਸ ਲਈ ਗੁਰੂ ਪਰਿਵਾਰਾਂ ਦੇ ਕਈ ਜੀਆਂ ਵਲੋਂ ਭੀ ਕਈ ਵਾਰ ਸਾਥ ਮਿਲਦਾ ਰਿਹਾ, ਸ੍ਰੀ ਚੰਦ, ਪ੍ਰਿਥੀ ਚੰਦ, ਰਾਮ ਰਾਏ ਆਦਿ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਂ ਤਾਂ ਸੋਢੀਆਂ ਵਲੋਂ ਬਾਈ ਮੰਜੀਆਂ {ਆਸਣ} ਲਾਕੇ ਇਸ ਲਹਿਰ ਨੂੰ ਬਿਖੇਰਨ ਦਾ ਵੱਡਾ ਹਮਲਾ ਕੀਤਾ ਗਿਆ, ਪਰ {ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਵੇ ਲਾਲੋ॥} ਅਨੁਸਾਰ ਧੁਰ ਕੀ ਬਾਣੀ ਰੂਪ ਸ਼ਬਦ ਗੁਰੂ ਦੇ ਹੁਕਮ ਵਿੱਚ ਮਨੁੱਖੀ ਜੀਵਨ ਨੂੰ ਸੇਧ ਦੇਕੇ, ਗੁਰੂ ਜੀ ਨੇ ਦਸਾਂ ਜਾਮਿਆਂ ਵਿੱਚ ਇਸ ਲਹਿਰ ਨੂੰ ਸੁਰਖਿਯਤ ਰੱਬੀ ਪੰਥ {ਰਸਤੇ} 'ਤੇ ਚਲਦਾ ਰੱਖਿਆ, ਅਤੇ ਆਖਿਰ ਰੋਜ਼ ਦੇ ਇਸ ਖਤਰੇ ਨੂੰ ਭਾਂਪ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂ ਪ੍ਰਥਾ ਖਤਮ ਕਰਕੇ, ਇਸ ਸਿੱਖੀ ਲਹਿਰ ਨੂੰ ਸ਼ਬਦ ਗੁਰੂ {ਬਾਣੀ ਗੁਰੂ ਗੁਰੂ ਹੈ ਬਾਣੀ} ਦੀ ਅਗਵਾਈ ਵਿੱਚ ਗੁਰਬਾਣੀ ਦੇ ਦੱਸੇ ਰਾਹਾਂ 'ਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ ਦਾ ਫੈਸਲਾ ਕੀਤਾ।
ਇਹੋ ਕਾਰਣ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਹੀ ਜਦੋਂ ਖੰਡਾ, ਬਾਟਾ, ਪਾਣੀ ਅਤੇ ਪਤਾਸੇ ਆਦਿ ਦੀ ਵਰਤੋਂ ਕਰਕੇ ਕੇਵਲ "ਅੰਮ੍ਰਿਤ ਬਾਣੀ ਹਰਿ ਹਰਿ ਤੇਰੀ" ਰਾਹੀਂ ਬਾਣੀ ਅੰਮ੍ਰਿਤ ਖ਼ਾਲਸੇ ਨੂੰ ਬਖਸ਼ਿਸ਼ ਕੀਤਾ, ਉਸ ਵੱਕਤ ਇਹ ਸਮਝ ਕੇ ਕਿ ਪੌਣੇ ਦੋ ਸੌ ਸਾਲ ਵਿੱਚ ਗੁਰੂ ਜਾਮਿਆਂ ਅਤੇ ਭਗਤਾਂ ਰਾਹੀਂ ਇਕੱਤਰ ਕੀਤੀ ਇਹ ਅਕਾਲੀ ਬਾਣੀ ਹੀ ਮਨੁੱਖੀ ਜੀਵਨ ਲਈ ਅਸਲ ਰਹਿਤ ਨਾਮਾ ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਜੀਵਨ ਜੁਗਤ, ਰਹਿਤ ਨਾਮਾ, ਵਿਅਕਤੀ ਗਤਿ ਅਪਣੇ ਵਲੋਂ ਲਿਖ, ਕੇ ਨਹੀਂ ਦਿਤਾ। ਰਹਿਤ ਨਾਮਿਆਂ ਦੇ ਖੋਜੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਭੀ ਏਹੋ ਗੱਲ ਲਿਖਦੇ ਹਨ। “ਇਕ ਗੱਲ ਸਾਫ ਹੈ ਕਿ ਕੋਈ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਗੁਰੂ ਗੋਬਿੰਦ ਸਿੰਘ - ਰਚਿਤ ਨਹੀਂ।” {ਪਿਆਰਾ ਸਿੰਘ ਪਦਮ}
ਅਤੇ ਐਸੇ ਫੈਸਲੇ ਅਨੁਸਾਰ ਹੀ 1708 ਵਿੱਚ ਜੋਤੀ ਜੋਤ ਸਮਾਉਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਿੰਘਾਸਣ ਦੇ ਕੇ ਸਰਬੱਤ ਖਾਲਸੇ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਜੀਵਨ ਜੀਉਣ ਦਾ ਹੁਕਮ ਕੀਤਾ।
ਮੈਂ ਸਮਝਦਾ ਹਾਂ ਕਿ ਅਜੇ ਤੱਕ ਬ੍ਰਾਹਮਣਵਾਦ ਦੇ ਉਹ ਹਮਲੇ ਲਗਾਤਾਰ ਜਾਰੀ ਹਨ। ਨਤੀਜੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿਤੀ ਜੀਵਨ ਜੁਗਤ ਰਹਿਤ ਮਰਿਯਾਦਾ ਨੂੰ ਨਾ ਸਮਝ ਕੇ ਅਤੇ ਸ਼ਬਦ ਗੁਰੂ ਦੀ ਮਰਿਯਾਦਾ ਵਲੋਂ ਮੂੰਹ ਮੋੜ ਕੇ ਆਪਣੀ ਆਪਣੀ ਹਉਮੈ ਅਧੀਨ ਸਮੇਂ ਸਮੇਂ ਨਾਲ ਵਿਅੱਕਤੀ ਗਤ, ਸੰਪਰਦਾਈ, ਜੱਥਿਆਂ, ਟਕਸਾਲਾਂ ਅਤੇ ਵੱਖ ਵੱਖ ਤਖਤਾਂ ਦੇ ਨਾਮ ਹੇਠ ਵੱਖ ਵੱਖ ਰਹਿਤ ਮਰਿਯਾਦਾ ਬਣ ਗਈਆਂ ਅਤੇ ਬਣ ਰਹੀਆਂ ਹਨ, ਜੋ ਆਪਸ ਵਿੱਚ ਭੀ ਨਹੀਂ ਮਿਲਦੀਆਂ, ਕਿਉਂਕਿ ਇਹ ਵਿਅੱਕਤੀਆਂ ਦੇ ਵਿਚਾਰ ਹਨ, ਗੁਰੂ ਦੇ ਨਹੀਂ, ਅਤੇ ਪਿਆਰਾ ਸਿੰਘ ਪਦਮ ਇਹ ਭੀ ਲਿਖਦੇ ਹਨ ਕੇ “ਮਲੂਮ ਹੁੰਦਾ ਹੈ ਕਿ ਅਠਾਰਵੀਂ ਸਦੀ ਵਿੱਚ ਇਨ੍ਹਾਂ ਦੀ ਰਚਨਾ ਹੋਈ ਲਿਖਣ ਵਾਲੇ ਹੋਰ ਬੁੱਧੀਮਾਨ ਸਿੱਖ ਹਨ, ਪ੍ਰੰਤੂ ਇਨ੍ਹਾਂ ਨੂੰ ਪ੍ਰਮਾਣੀਕ ਬਣਾਉਣ ਲਈ ਗੁਰੂ ਦਸ਼ਮੇਸ਼ ਜੀ ਦੇ ਨਿਕਟ ਵਰਤੀ ਬਜ਼ੁਰਗ ਸਿੱਖਾਂ ਨਾਲ ਸਬੰਧਿਤ ਕੀਤਾ ਗਿਆ, ਜਿਵੇਂ ਕੇ ਭਾਈ ਨੰਦਲਾਲ ਸਿੰਘ, ਭਾਈ ਦਯਾ ਸਿੰਘ, ਭਾਈ ਚੌਪਾ ਸਿੰਘ, ਭਾਈ ਪ੍ਰਹਿਲਾਦ ਸਿੰਘ ਨਾਲ”।
ਸਿੰਘੋ ਇਹ ਸਭ ਵੱਖ ਵੱਖ ਰੂਪ ਵਿੱਚ ਬ੍ਰਾਹਮਣਵਾਦ ਦਾ ਮਾਰੂ ਹਮਲਾ ਹੈ।
ਇਸੇ ਕਰਕੇ ਸਿੱਖੀ ਵਿੱਚ ਵਿਚਾਰਾਂ ਦੇ ਰਾਹੀਂ ਵੰਡੀਆਂ ਪੈ ਰਹੀਆਂ ਹਨ, ਗੁਰੂ ਦੇ ਵਿਚਾਰ ਵੱਖ ਵੱਖ ਨਹੀਂ ਹੋ ਸਕਦੇ {ਇਕਾ ਬਾਣੀ ਇਕ ਗੁਰੂ ਇਕੋ ਸਬਦ ਵੀਚਾਰ} ਹੀ ਏਕਤਾ ਹਨ। ਮੈਂ ਪੁਰ ਜ਼ੋਰ ਹੱਥ ਜੋੜ ਬੇਨਤੀ ਕਰਨਾ ਚਾਹੁੰਦਾ ਹਾਂ, ਸਿੰਘੋ ਜੇ ਕੌਮ ਵਿੱਚ ਏਕਤਾ, ਸ਼ਕਤੀ, ਸਿੱਖ ਦਾ ਸਰਲ, ਸੁੱਚਾ, ਜੀਵਨ ਚਾਹੁੰਦੇ ਹੋ, ਤਾਂ ਆਪਣੀ ਆਪਣੀ ਧਾਰੀ ਰਹਿਤ ਮਰਿਯਾਦਾ ਦੇ ਇਸ ਮੱਕੜ ਜਾਲ ਵਿੱਚੋਂ ਨਿਕਲ ਕੇ, ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਮਿਲੀ ਸਰਲ ਅਤੇ ਸੱਚੀ ਜੀਵਨ ਰਹਿਤ ਅਪਣਾਓ।
ਸਿੱਖ ਰਹਿਤ ਮਰਿਯਾਦਾ ਸਮੇਂ ਦੇ ਵੀਰਾਂ ਦੀ ਵੱਡੀ ਘਾਲਣਾ ਹੈ, ਪਰ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਦੁਬਿਧਾ ਵਾਲੀ ਸੋਚ ਦੀਆਂ ਉਪਜ ਹਨ, ਜਿਨ੍ਹਾਂ ਵਿੱਚ ਸੋਧ ਹੋਣੀ ਜ਼ਰੂਰੀ ਹੈ। ਇਸ ਦੁਬਿਧਾ ਕਾਰਣ ਹੀ ਇਹ ਸਿੱਖ ਰਹਿਤ ਮਰਿਯਾਦਾ ਸ਼੍ਰੋਮਣੀ ਕਮੇਟੀ ਸਮੇਤ ਸੰਪੂਰਣ ਸਿੱਖਾਂ ਅਤੇ ਸਿੱਖ ਅਦਾਰਿਆਂ ਵਿੱਚ ਲਾਗੂ ਨਹੀਂ ਹੋ ਸਕੀ। ਕਿਉਂਕਿ ਸਿੱਖ ਲਈ ਜੀਵਨ ਜਾਚ {ਮਰਿਯਾਦਾ} ਗੁਰੂ ਬਖਸ਼ਦਾ ਹੈ, ਦਸਮ ਪਾਤਸ਼ਾਹ ਜੀ ਦੇ ਆਖਰੀ ਫੈਸਲੇ ਅਨੁਸਾਰ ਸਿੱਖ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਗੁਰੂ ਸ਼ਬਦ ਹੈ। ਇਸ ਲਈ ਸਿੱਖ ਨੂੰ ਜੀਵਨ ਜਾਚ {ਮਰਿਯਾਦਾ} ਗੁਰਬਾਣੀ ਨੇ ਬਖਸ਼ਣੀ ਹੈ, ਪਰ ਜਾਪਦਾ ਹੈ ਸਿੱਖ ਰਹਿਤ ਮਰਿਯਾਦਾ ਦੀ ਸੰਪਾਦਨਾ ਵੇਲੇ ਬੜੀ ਸਾਜਿਸ਼ ਨਾਲ ਬਹੁਤੀ ਥਾਈਂ ਗੁਰਬਾਣੀ ਦੀ ਅਗਵਾਈ ਨੂੰ ਅਖੋਂ ਪਰੋਖੇ ਕੀਤਾ ਗਿਆ ਜੋ ਕਿ 1932 ਤੋਂ 1945 ਵਿੱਚ ਆਪਸੀ ਟਕਰਾਓ ਦੇ ਮਾਹੌਲ ਦੀਆਂ ਹੋਈਆਂ ਮੀਟਿੰਗਾਂ ਦੀ ਦੇਣ ਹੈ।
ਜਬ ਇਨਿ ਅਪੁਨੀ ਅਪਨੀ ਧਾਰੀ॥ ਤਬ ਇਸ ਕਉ ਹੈ ਮੁਸਕਲੁ ਭਾਰੀ॥ ਗ.ਗ.ਸ. ਪੰਨਾ 235
ਅਤੇ ਆਖਰ ਆਪਣੀ ਆਪਣੀ ਧਾਰੀ ਦੇ ਟਕਰਾਓ ਦੀ ਮੁਸ਼ਕਿਲ ਵਿੱਚੋਂ ਨਿਕਲਣ ਲਈ ਸਮਝੌਤਾ-ਵਾਦੀ ਦੁਬਿਧਾ ਪ੍ਰਵਾਨ ਕਰ ਲਈ ਗਈ। ਇਸੇ ਦੇ ਨਤੀਜੇ ਵਜੋਂ ਸਿੱਖ ਦੇ ਨਿਤਨੇਮ ਅਤੇ ਅੰਮ੍ਰਿਤ ਦੀ ਤਿਆਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮਿਲਾ ਕੇ ਬਚਿੱਤਰ ਨਾਟਕ ਦੀਆਂ ਰਚਨਾਵਾਂ ਅਤੇ ਅਰਦਾਸ ਵਿੱਚ ਭਗਉਤੀ ਦੁਰਗਾ ਦੇਵੀ ਦੀ ਉਪਾਸ਼ਨਾ ਸਿੱਖੀ ਦੇ ਗਲ ਪਾ ਦਿੱਤੀਆਂ ਗਈਆਂ। ਅਤੇ ਬਾਅਦ ਵਿੱਚ ਭੀ ਕਈ ਵਾਰ ਸਿੱਖ ਦੁਸ਼ਮਣ ਸੋਚ ਦੇ ਪ੍ਰਭਾਵ ਹੇਠ ਬਹੁਤ ਕੁੱਝ ਪ੍ਰਵੇਸ਼ ਕਰ ਗਿਆ ਅਤੇ ਕਰ ਰਿਹਾ ਹੈ। ਜੇਕਰ,
ਇਕਾ ਬਾਣੀ ਇਕੁ ਗੁਰੂ ਇਕੋ ਸਬਦੁ ਵੀਚਾਰਿ ॥ ਗ.ਗ.ਸ. ਪੰਨਾ 646
ਦੀ ਅਗਵਾਈ ਵਿੱਚ ਫੈਸਲੇ ਕੀਤੇ ਜਾਂਦੇ ਤਾਂ ਕਦੀ ਦੁਬਿਧਾ ਨਾ ਪੈਂਦੀ ਅਤੇ ਕਿਸੇ ਨੂੰ ਆਪਣੀ ਆਪਣੀ ਵੱਖ ਵੱਖ ਰਹਿਤ ਮਰਿਯਾਦਾ ਬਨਾਉਣ ਦਾ ਮੌਕਾ ਨਾ ਮਿਲਦਾ। ਅੱਜ ਨਤੀਜਾ ਸਾਹਮਣੇ ਹੈ ਕਿ ਸਿੱਖੀ ਗੁਰਬਾਣੀ ਦੀ ਅਗਵਾਈ ਨਾਲੋਂ ਟੁਟ ਕੇ।
ਆਪਣੈ ਭਾਣੈ ਜੋ ਚਲੈ ਭਾਈ ਵਿੱਚੁੜਿ ਚੋਟਾ ਖਾਵੈ ॥ ਗ.ਗ.ਸ. ਪੰਨਾ 601
ਦੀ ਗੰਭੀਰ ਹਾਲਤ ਵਿੱਚ ਹੈ। ਕਿਉਂਕਿ ਇਸ ਸੰਪਾਦਨਾ ਦੇ ਬਹੁਤ ਸਾਰੇ ਫੈਸਲੇ ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ, ਗੁਰੂ ਸ਼ਬਦ ਸਿਧਾਂਤ ਦੇ ਵਿਰੁੱਧ ਹਨ। ਬਲਕਿ ਬ੍ਰਾਹਮਣਵਾਦ ਦੀ ਸੋਚ ਅਨੁਸਾਰ
“ਸਿਖਾ ਕੰਨਿ ਚੜਾਈਆ ਗੁਰੂ ਬ੍ਰਾਹਮਣੁ ਥਿਆ” (ਗ.ਗ.ਸ. ਪੰਨਾ 471)
ਦੀ ਸਾਜਿਸ਼ ਤੇ ਚਲਦਿਆਂ, ਸਿੱਖੀ ਨੂੰ ਆਪਣਾ ਗੁਲਾਮ ਰਖਣ ਲਈ ਗੁਰਬਾਣੀ ਦੇ ਅਨਰਥ ਕਰਕੇ, ਪੰਜ ਸਿੰਘ ਸਹਿਬਾਨ, ਗੁਰੂ ਪੰਥ, ਗੁਰੂ ਸੰਗਤ, ਆਦਿ ਅਨੇਕਾਂ ਲਫਜ਼ਾਂ ਵਿੱਚ ਉਲਝਾ ਕੇ, ਸ਼ਬਦ ਗੁਰੂ ਦੀ ਥਾਵੇਂ, ਦੇਹ ਧਾਰੀ ਗੁਰੂ ਦੀ ਸਥਾਪਨਾ ਕਰ ਲਈ ਗਈ ਹੈ। ਹਾਲਾਂਕਿ ਗੁਰੂ ਆਖ ਰਿਹਾ ਹੈ:
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
ਬਿਨੁਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥ ਗ.ਗ.ਸ. ਪੰਨਾ 229
ਇਹੋ ਕਾਰਣ ਹੈ ਕਿ ਸਿੱਖ ਬਾਣੀ ਗੁਰੂ ਕੋਲੋਂ ਜੀਵਨ ਦੀ ਕਿਸੇ ਉਲਝਣ ਲਈ ਅਗਵਾਈ ਲੈਣ ਦੀ ਥਾਵੇਂ, ਸਿਅਸੀ ਕੁਰਸੀਆਂ 'ਤੇ ਬੈਠੇ ਆਪੂੰ ਬਣੇ ਪੰਥ ਕੋਲੋਂ, ਦੇਹਧਾਰੀ ਸਿੰਘ ਸਹਿਬਾਨ ਜਾਂ ਗੁਰਦਵਾਰੇ ਦੇ ਹਾਲ ਵਿੱਚ ਬੈਠੀ ਇਕੱਤਰਤਾ ਕੋਲੋਂ ਫੈਸਲੇ ਦੀ ਅਗਵਾਈ ਲੈ ਰਿਹਾ ਹੈ। ਗੁਰੂ ਆਖ ਰਿਹਾ ਹੈ,
“ਸਤਿਗੁਰ ਬਾਝਹੁ ਸੰਗਤਿ ਨ ਹੋਈ ॥ ਬਿਨੁ ਸਬਦੇ ਪਾਰੁ ਨ ਪਾਏ ਕੋਈ॥”(ਗ.ਗ.ਸ. ਪੰਨਾ 1068)
ਪਰ ਸਿੱਖ ਦੇਹਧਾਰੀ ਪੰਥ ਦਾ ਗੁਲਾਮ ਬਣ ਚੁਕਾ ਹੈ। ਉਨ੍ਹਾਂ ਵੱਲੋਂ ਰਹਿਤ ਮਰਿਯਾਦਾ ਦੇ ਨਾਮ ਹੇਠ ਰਚੀ ਸਾਜਿਸ਼ ਸਫਲ ਹੋ ਰਹੀ ਹੈ। ਇਨ੍ਹਾਂ ਦੇਹਧਾਰੀ ਗੁਰੂਆਂ ਨੇ ਸਿੱਖ ਨੂੰ ਬਾਣੀ ਗੁਰੂ ਨਾਲੋਂ ਤੋੜ ਕੇ ਸਿਵਿਆਂ ਦੇ ਰਾਹ ਪਾ ਲਿਆ ਹੈ।
ਕਿਸੇ ਦੇਹ ਧਾਰੀ ਸੰਤ, ਜਾਂ ਪੰਥ ਦੀ ਆਪਣੀ ਸੋਚ ਮੱਤ ਬੁਧ ਗਿਆਨ ਸੀਮਾ ਵਿੱਚੋਂ ਜਨਮ ਲੈਣ ਵਾਲੀ ਰਹਿਤ ਮਰਿਯਾਦਾ, ਜਿਸ ਨਾਲ ਸਿੱਖੀ ਵਿੱਚ ਵੰਡੀਆਂ ਹੀ ਪਈਆਂ ਹਨ, ਐਸੀ ਕਿਸੇ ਭੀ ਰਹਿਤ ਮਰਿਯਾਦਾ ਨਾਲ ਮੇਰਾ ਕੋਈ ਜ਼ਾਤੀ ਵਿਰੋਧ ਨਹੀਂ ਹੈ, ਅਤੇ ਨਾ ਹੀ ਇਨ੍ਹਾਂ ਵੱਖ ਵੱਖ ਵੀਚਾਰਾਂ ਵਿੱਚ ਆਪਣਾ ਕੋਈ ਵੱਖਰਾ ਝੰਡਾ ਗੱਡਣ ਦੀ ਇਛਾ ਹੈ। ਨਾ ਮੈਂ ਇਹ ਸੰਪਾਦਨਾ ਆਪਣੀ ਸੋਚ ਨਾਲ ਕਰ ਰਿਹਾ ਹਾਂ।
ਮੈ ਤਾਂ ਇਹ ਇਛਾ ਰਖਦਾ ਹਾਂ ਜੇ "ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ" ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹਰ ਗੁਰਸਿੱਖ ਆਪਣੀ ਸੀਮਤ ਸੋਚ ਮੱਤ ਦਾ ਤਿਆਗ ਕਰਕੇ, ਸੰਪੂਰਣ ਗਿਆਨ ਦੇ ਸੂਰਜ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
“ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥” (ਗ.ਗ.ਸ ਪੰਨਾ 722)
ਰਾਹੀਂ ਬਖਸ਼ੀ ਹੋਈ ਸਰਲ ਜੀਵਨ ਜੁਗਤ ਵਿੱਚ ਹਰ ਤਰ੍ਹਾਂ ਦੇ ਭਿੰਨ ਭੇਦ ਮਿਟਾ ਕੇ ਜੀ ਸਕੇ। ਇਸੇ ਲਈ ਇਸ ਸੰਪਾਦਨਾ ਵਿੱਚ ਕਿਸੇ ਮਨੁੱਖ ਜਾਂ ਮਨੁੱਖਾਂ ਦੇ ਸਮੂਹ ਦੀ ਅਗਵਾਈ ਨਹੀਂ ਹੈ, ਕੇਵਲ ਗੁਰਬਾਣੀ ਦੀ ਅਗਵਾਈ ਹੈ, ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹਰ ਸਿੱਖ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਗੁਰਬਾਣੀ ਦੀ ਅਗਵਾਈ ਮੰਨਣ ਲਈ ਤਿਆਰ ਹੈ? ਤਾਂ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਜੀਵਨ ਰਹਿਤ ਬਣਾਓ।
ਉਦਾਹਰਣ ਵਜੋਂ ਗੁਰਬਾਣੀ ਰਹਿਤ ਦੇ ਸਾਗਰ ਵਿੱਚੋਂ ਕੁਝ ਕੁ ਜੀਵਨ ਜੁਗਤ ਦੇ ਵਿਸ਼ੇ ਪੇਸ਼ ਕਰ ਰਿਹਾ ਹਾਂ। ਇਸ ਸੰਪਾਦਨਾ 'ਤੇ ਮੇਰਾ ਕੋਈ ਏਕਾ ਧਿਕਾਰ ਨਹੀਂ ਹੈ, ਬਲਕਿ ਸਮੂਹ ਗੁਰੂ ਗ੍ਰੰਥ ਦੇ ਖਾਲਸੇ ਨੂੰ ਖੁੱਲਾ ਸੱਦਾ ਹੈ, ਕਿ ਕਿਸੇ ਵੀਰ ਨੂੰ ਜੀਵਨ ਦੇ ਕੋਈ ਹੋਰ ਮਸਲੇ ਯਾਦ ਜਾਂ ਸਾਹਮਣੇ