ਅਮਰੀਕਾ ਦੇ ਉੱਤਰ-ਪੂਰਬੀ ਇਲਾਕੇ ਵਿਚ ਸਮੁੰਦਰੀ ਤੂਫ਼ਾਨ ‘ਹਰਮਿਨ’ ਦਾ ਕਹਿਰ
ਨਿਊਯਾਰਕ, 4 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਉੱਤਰ-ਪੂਰਬੀ ਹਿੱਸਿਆਂ ਵਿਚ ਸਰਗਰਮ ਸਮੁੰਦਰ ਤੂਫ਼ਾਨ ‘ਹਰਮਿਨ’ ਨੇ ਕਹਿਰ ਵਰਾਉਣਾ ਸ਼ੁਰੂ ਕਰ ਦਿੱਤਾ ਹੈ, ਜਿਥੇ ਭਾਰੀ ਮਾਲੀ ਨੁਕਸਾਨ ਤੋਂ ਇਲਾਵਾ ਦੋ ਜਣਿਆਂ ਦੀ ਮੌਤ ਹੋ ਗਈ। ਫ਼ਲੋਰੀਡਾ ਅਤੇ ਨਿਊ ਜਰਸੀ ਸੂਬੇ ਦੇ ਤਟਵਰਤੀ ਇਲਾਕਿਆਂ ਤੋਂ ਹੁੰਦਾ ਹੋਇਆ ਇਹ ਤੂਫ਼ਾਨ ਹੁਣ ਨਿਊ ਯਾਰਕ ਵੱਲ ਜਾ ਰਿਹਾ ਹੈ। ਅਹਿਤਿਆਤ ਵਜੋਂ ਨਿਊ ਯਾਰਕ ਸ਼ਹਿਰ ਦੇ ਸਾਰੇ ਬੀਚ ਐਤਵਾਰ ਨੂੰ ਬੰਦ ਕਰ ਦਿੱਤੇ ਗਏ। ਅਮਰੀਕਾ ਦੇ ਨੈਸ਼ਨਲ ਹਰੀਕੇਨ ਸੈਂਟਰ ਵੱਲੋਂ ਜਾਰੀ ਬਿਆਨ ਮੁਤਾਬਕ ਤੂਫ਼ਾਨ ਦੌਰਾਨ ਹਵਾ ਦੀ ਰਫ਼ਤਾਰ 112 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ।
ਸਮੁੰਦਰੀ ਤੂਫ਼ਾਨ ਦੀ ਚਿਤਾਵਨੀ ਮਾਸਾਚਿਊਸੈਟਸ ਸੂਬੇ ਤੱਕ ਦਿੱਤੀ ਗਈ ਹੈ ਜਿਥੇ ਹਵਾ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਉਪਰ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਨਿਊ ਯਾਰਕ ਦੀ ਸਫ਼ੌਕ ਕਾਊਂਟੀ ਵਿਚ ਸ਼ਨਿੱਚਰਵਾਰ ਨੂੰ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਮੇਅਰ ਬਿਲ ਡੀ ਬਲਾਸੀਓ ਨੇ ਨਿਊ ਯਾਰਕ ਦੇ ਲੋਕਾਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ। ਇਸੇ ਦਰਮਿਆਨ ਨਿਊ ਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਨੇ ਸੂਬੇ ਦੇ ਦੱਖਣੀ ਹਿੱਸਿਆਂ ਵਿਚ ਐਮਰਜੰਸੀ ਦਾ ਐਲਾਨ ਕਰ ਦਿੱਤਾ। ਕ੍ਰਿਸਟੀ ਨੇ ਓਸ਼ਨ ਕਾਊਂਟੀ, ਐਟਲਾਂਟਿਕ ਕਾਊਂਟੀ, ਅਤੇ ਕੇਪ ਮੇਅ ਕਾਊਂਟੀ ਦੇ ਲੋਕਾਂ ਨੂੰ ਸੰਭਾਵਤ ਖ਼ਤਰਿਆਂ ਤੋਂ ਸੁਚੇਤ ਰਹਿਣ ਦਾ ਸੁਝਾਅ ਦਿੱਤਾ।