‘ਆਪ’ ‘ਤੇ ਮੋਦੀ ਸਰਕਾਰ ਫਿਰ ਆਹਮੋ-ਸਾਹਮਣੇ
ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)-ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੋਦੀ ਸਰਕਾਰ ਇੱਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੈ। ਝਗੜੇ ਦਾ ਕਾਰਨ ਕੇਜਰੀਵਾਲ ਦੀ ਸੁਰੱਖਿਆ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕੇਜਰੀਵਾਲ ਨਵੇਂ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਲਈ ਸ਼ਤਾਬਦੀ ਰੇਲ ਰਾਹੀਂ ਰਵਾਨਾ ਹੋਣ ਲੱਗੇ ਤਾਂ ਬੀਜੇਪੀ ਦੇ ਮਹਿਲਾ ਵਿੰਗ ਨੇ ਉਨ੍ਹਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਬੀਜੇਪੀ ਦੇ ਮਹਿਲਾ ਵਿੰਗ ਨੇ ਸੁਰੱਖਿਆ ਘੇਰੇ ਨੂੰ ਤੋੜਦਿਆਂ ਇੱਕ ਤਰ੍ਹਾਂ ਨਾਲ ਕੇਜਰੀਵਾਲ ਨੂੰ ਘੇਰ ਲਿਆ ਸੀ।
ਦੂਜੇ ਪਾਸੇ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਨਹੀਂ ਸਗੋਂ ਇਹ ਸਾਜ਼ਿਸ਼ ਤਹਿਤ ਕਰਵਾਇਆ ਗਿਆ ਹਮਲਾ ਹੈ। ਦਿੱਲੀ ਸਰਕਾਰ ਨੇ ਪੁਲਿਸ ਉੱਤੇ ਕੇਜਰੀਵਾਲ ਨੂੰ ਸੁਰੱਖਿਆ ਨਾ ਦੇਣ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਕੇਜਰੀਵਾਲ ਦਾ ਪ੍ਰੋਗਰਾਮ ਲੀਕ ਕਰਨ ਦਾ ਵੀ ਦਿੱਲੀ ਸਰਕਾਰ ਨੇ ਦੋਸ਼ ਲਾਇਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਸਦੀਆ ਨੇ ਇਸ ਨੂੰ ਦਿੱਲੀ ਪੁਲਿਸ ਤੇ ਬੀਜੇਪੀ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਸੋਸਦੀਆ ਨੇ ਇਸ ਨੂੰ ਦਿੱਲੀ ਪੁਲਿਸ ਤੇ ਬੇਜੀਪੀ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਮਨੀਸ਼ ਅਨੁਸਾਰ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਪ੍ਰੋਗਰਾਮ ਦਾ ਪਤਾ ਸੀ। ਇਸ ਦੇ ਬਾਵਜੂਦ ਬੀਜੇਪੀ ਦੇ ਮਹਿਲਾ ਵਿੰਗ ਨੇ ਸੁਰੱਖਿਆ ਘੇਰਾ ਤੋੜਦਿਆਂ ਮੁੱਖ ਮੰਤਰੀ ਦਾ ਘਿਰਾਓ ਕੀਤਾ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਆਖਿਆ ਕਿ ਮੋਦੀ ਦੀ ਪੁਲਿਸ ਨੇ ਪਹਿਲਾਂ ਹੀ ਬੀਜੇਪੀ ਨੂੰ ਦੱਸਿਆ ਕਿ ਸੁਰੱਖਿਆ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕੇਜਰੀਵਾਲ ਉੱਤੇ ਹਮਲਾ ਕੀਤਾ ਗਿਆ ਹੈ। ਇਹ ਵੱਡੀ ਸਾਜ਼ਿਸ਼ ਹੈ। ਦੂਜੇ ਪਾਸੇ ਦਿੱਲੀ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੁਰੱਖਿਆ ਦੇਣ ਤੋਂ ਕਦੇ ਇਨਕਾਰ ਨਹੀਂ ਕੀਤਾ।