ਬੈਂਸ ਭਰਾਵਾਂ ਨੂੰ ਮਾਰਸ਼ਲਾਂ ਨੇ ਚੁੱਕ ਕੇ ਪੰਜਾਬ ਵਿਧਾਨ ਸਭਾ ਚੋਂ ਕੱਢਿਆ ਬਾਹਰ
ਚੰਡੀਗੜ੍ਹ, 9 ਸਤੰਬਰ (ਪੰਜਾਬ ਮੇਲ)- ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਮਾਰਸ਼ਲਾਂ ਨੇ ਚੁੱਕ ਕੇ ਪੰਜਾਬ ਵਿਧਾਨ ਸਭਾ ’ਚੋਂ ਬਾਹਰ ਕੱਢ ਦਿੱਤਾ। ਸਦਨ ਵਿੱਚ ਜਦੋਂ ਡਾ. ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ਸਬੰਧੀ ਲਿਆਂਦੇ ਮਤੇ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੋਲਣ ਲਈ ਖੜ੍ਹੇ ਹੋਏ ਤਾਂ ਸਿਮਰਜੀਤ ਸਿੰਘ ਬੈਂਸ ਨੇ ਰਾਜਸਥਾਨ ਨੂੰ ਪੰਜਾਬ ਤੋਂ ਜਾਂਦੇ ਪਾਣੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਮੰਗੀ ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਜ਼ਾਦ ਵਿਧਾਇਕ ਨੂੰ ਬੋਲਣ ਦੀ ਆਗਿਆ ਨਾ ਦਿੱਤੀ। ਸ੍ਰੀ ਬੈਂਸ ਨੇ ਜਦੋਂ ਬੋਲਣਾ ਜਾਰੀ ਰੱਖਿਆ ਤਾਂ ਸਪੀਕਰ ਨੇ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਜਾਣ ਦਾ ਹੁਕਮ ਦਿੱਤਾ। ਸ੍ਰੀ ਬੈਂਸ ਸਪੀਕਰ ਦੇ ਹੁਕਮਾਂ ਤੋਂ ਬਾਅਦ ਵੀ ਆਪਣੀ ਗੱਲ ਕਹਿਣ ’ਤੇ ਅੜੇ ਰਹੇ ਤਾਂ ਸ੍ਰੀ ਅਟਵਾਲ ਦੇ ਨਿਰਦੇਸ਼ਾਂ ’ਤੇ ਮਾਰਸ਼ਲਾਂ ਨੇ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ, ਜੋ ਰੋਸ ਪ੍ਰਗਟਾਉਣ ਲਈ ਸਪੀਕਰ ਦੇ ਆਸਣ ਸਾਹਮਣੇ ਬੈਠੇ ਸਨ, ਨੂੰ ਚੁੱਕ ਕੇ ਬਾਹਰ ਕੱਢ ਦਿੱਤਾ।
ਸਿਫ਼ਰ ਕਾਲ ਦੌਰਾਨ ਕਾਂਗਰਸ ਦੇ ਸੀਨੀਅਰ ਮੈਂਬਰ ਸੁਨੀਲ ਕੁਮਾਰ ਜਾਖੜ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਸ਼ਹਿਰੀ ਵਿਕਾਸ ਦੇ ਮੁੱਦੇ ਉਤੇ ਝੂਠ ਬੋਲਣ ਦੇ ਦੋਸ਼ ਲਾਇਆ। ਜਦੋਂ ਉਨ੍ਹਾਂ ਦੀ ਵਿਧਾਨ ਸਭਾ ’ਚ ਤੱਥ ਰੱਖਣ ਦੀ ਮੰਗ ਸਪੀਕਰ ਨੇ ਪ੍ਰਵਾਨ ਨਾ ਕੀਤੀ ਤਾਂ ਕਾਂਗਰਸੀ ਵਿਧਾਇਕਾਂ ਨੇ ਸ਼ੋਰ ਸ਼ਰਾਬਾ ਕੀਤਾ। ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਦਨ ਦੇ ਮੁੜ ਜੁੜਨ ਬਾਅਦ ਆਜ਼ਾਦ ਵਿਧਾਇਕਾਂ ਨੂੰ ਕੱਢਿਆ ਗਿਆ। ਸਿਮਰਜੀਤ ਸਿੰਘ ਬੈਂਸ ਸਦਨ ਵਿੱਚ ਤਕਰੀਬਨ 18 ਮਿੰਟ ਬੋਲਦੇ ਰਹੇ। ਆਜ਼ਾਦ ਵਿਧਾਇਕ ਨੇ ਬਾਦਲ ਸਰਕਾਰ ’ਤੇ ਤਿੱਖੇ ਹਮਲੇ ਕੀਤੇ।
ਕਾਂਗਰਸ ਦੇ ਕੁੱਝ ਮੈਂਬਰਾਂ ਨੇ ਬੈਂਸ ਭਰਾਵਾਂ ਨੂੰ ਸਦਨ ’ਚ ਹਮਾਇਤ ਦਿੱਤੀ ਤੇ ਸਲਾਹ ਮਸ਼ਵਰਾ ਵੀ ਦਿੰਦੇ ਰਹੇ। ਮੁੱਖ ਮੰਤਰੀ ਬਾਦਲ ਨੇ ਕਈ ਵਾਰ ਬੋਲਣ ਦਾ ਯਤਨ ਕੀਤਾ ਪਰ ਆਜ਼ਾਦ ਵਿਧਾਇਕ ਦੇ ਵਿਘਨ ਕਾਰਨ ਉਹ ਬੋਲ ਨਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਧਾਨ ਸਭਾ ਦਾ ਇਹ ਅੰਤਿਮ ਸੈਸ਼ਨ ਹੈ। ਇਸ ਲਈ ਡਾ. ਅੰਬੇਦਕਰ ਦੇ ਜਨਮ ਦਿਨ ’ਤੇ ਬੋਲਣ ਤੋਂ ਬਾਅਦ ਜੋ ਵੀ ਬੋਲਣਾ ਹੈ ਬੋਲ ਲਿਆ ਜਾਵੇ। ਆਜ਼ਾਦ ਵਿਧਾਇਕ ਨੇ ਦੋਸ਼ ਲਾਇਆ ਕਿ ਉਸ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਸ੍ਰੀ ਬੈਂਸ ਜਦੋਂ ਬੋਲਦੇ ਹੀ ਰਹੇ ਤਾਂ ਸ੍ਰੀ ਅਟਵਾਲ ਨੇ ਚਿਤਾਵਨੀ ਦਿੱਤੀ, ‘ਆਪਣੀ ਸੀਟ ’ਤੇ ਬੈਠ ਜਾਓ ਨਹੀਂ ਤਾਂ ਮੈਂ ਬਾਹਰ ਕੱਢ ਦਿਆਂਗਾ।’
ਇਸ ਬਾਅਦ ਸਪੀਕਰ ਨੇ ਹੁਕਮ ਦਿੱਤਾ, ‘ਹੁਣ ਤੁਸੀਂ ਆਪਣੀ ਸੀਟ ਛੱਡ ਕੇ ਬਾਹਰ ਚਲੇ ਜਾਓ’। ਵਿਧਾਇਕ ’ਤੇ ਸਪੀਕਰ ਦੇ ਹੁਕਮਾਂ ਦਾ ਕੋਈ ਅਸਰ ਨਾ ਹੋਇਆ ਤਾਂ ਸਪੀਕਰ ਨੇ ਮਾਰਸ਼ਲਾਂ ਨੂੰ ਹੁਕਮ ਦਿੱਤੇ ਕਿ ਸਿਮਰਜੀਤ ਸਿੰਘ ਬੈਂਸ ਨੂੰ ਸਦਨ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਜਦੋਂ ਮਾਰਸ਼ਲ ਸ੍ਰੀ ਬੈਂਸ ਨੂੰ ਫੜਨ ਲਈ ਉਨ੍ਹਾਂ ਦੀ ਸੀਟ ਨੇੜੇ ਆਏ ਤਾਂ ਦੋਹੇਂ ਬੈਂਸ ਭਰਾ ਸਪੀਕਰ ਦੇ ਆਸਣ ਦੇ ਸਾਹਮਣੇ ਆ ਕੇ ਬੈਠ ਗਏ।
ਸਦਨ ਦੇ ਵਿਚਕਾਰ ਬੈਠੇ ਬੈਂਸ ਭਰਾਵਾਂ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕੱਢ ਦਿੱਤਾ। ਕਾਂਗਰਸੀ ਮੈਂਬਰਾਂ ਨੇ ਹਮਾਇਤ ਤਾਂ ਕੀਤੀ ਪਰ ਜ਼ਿਆਦਾ ਖੁੱਲ੍ਹ ਕੇ ਆਜ਼ਾਦ ਵਿਧਾਇਕਾਂ ਦੇ ਪੱਖ ’ਚ ਨਾ ਆਏ। ਇਸ ਦੌਰਾਨ ਕਾਂਗਰਸੀ ਮੈਂਬਰਾਂ ਨੇ ਸਿਫ਼ਰ ਕਾਲ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸ੍ਰੀ ਜਾਖੜ ਨੇ ਸ਼ਹਿਰੀ ਵਿਕਾਸ ਦੇ ਮੁੱਦੇ ’ਤੇ ਪੇਸ਼ ਕੀਤੇ ਤੱਥਾਂ ਬਾਰੇ ਬੋਲਣ ਦੀ ਇਜਾਜ਼ਤ ਮੰਗੀ। ਸ੍ਰੀ ਜਾਖੜ ਨੇ ਕਿਹਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਹਿਰੀ ਵਿਕਾਸ ਦੇ ਮਾਮਲੇ ’ਤੇ ਗਲਤ ਤੱਥ ਪੇਸ਼ ਕਰ ਰਹੇ ਹਨ। ਝੂਠ ਬੋਲਣ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਤਹਿਤ ਸਦਨ ਵਿੱਚ ਮਰਿਆਦਾ ਮਤਾ ਲਿਆਂਦਾ ਗਿਆ ਸੀ। ਸਪੀਕਰ ਨੇ ਕਿਹਾ ਕਿ ਮਰਿਆਦਾ ਮਤਾ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਇਸ ਮੁੱਦੇ ’ਤੇ ਬੋਲਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਕਾਂਗਰਸ ਦੇ ਸਾਰੇ ਮੈਂਬਰ ਸਦਨ ਦੇ ਵਿਚਕਾਰ ਸਪੀਕਰ ਦੇ ਆਸਣ ਸਾਹਮਣੇ ਆ ਗਏ ਅਤੇ ਮਾਰਸ਼ਲਾਂ ਦਾ ਘੇਰਾ ਤੋੜ ਕੇ ਸਪੀਕਰ ਵੱਲ ਵਧਣ ਦਾ ਯਤਨ ਵੀ ਕੀਤਾ ਪਰ ਕਾਮਯਾਬੀ ਨਾ ਮਿਲੀ। ਸਪੀਕਰ ਨੇ ਸਦਨ ਦੀ ਕਾਰਵਾਈ ਕੁੱਝ ਮਿੰਟਾਂ ਲਈ ਮੁਲਤਵੀ ਕਰ ਦਿੱਤੀ।