ਫਰਾਂਸ ‘ਚ ਰੇਲਵੇ ਸਟੇਸ਼ਨ ‘ਤੇ ਹਮਲੇ ਦੀ ਕੋਸ਼ਿਸ਼ ਨਾਕਾਮ
ਪੈਰਿਸ, 10 ਸਤੰਬਰ (ਪੰਜਾਬ ਮੇਲ)- ਫਰਾਂਸ ਦੀ ਪੁਲਿਸ ਨੇ ਰਾਜਧਾਨੀ ਪੈਰਿਸ ‘ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਇਹ ਔਰਤਾਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇਸ਼ਾਰੇ ‘ਤੇ ਪੈਰਿਸ ਦੇ ਇਕ ਰੇਲਵੇ ਸਟੇਸ਼ਨ ‘ਤੇ ਵੱਡੇ ਅੱਤਵਾਦੀ ਹਮਲੇ ਕਰਨ ਦੀ ਤਾਕ ‘ਚ ਸਨ। ਗ੍ਰਿਫਤਾਰ ਕੀਤੀਆਂ ਔਰਤਾਂ ਦੀ ਉਮਰ 19, 23 ਤੇ 39 ਸਾਲ ਹੈ। ਇਨ੍ਹਾਂ ਔਰਤਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਨੇ ਦੱਸਿਆ ਕਿ ਮੱਧ ਪੈਰਿਸ ‘ਚ ਸਿਲੰਡਰ ਰੱਖੀ ਕਾਰ ਛੱਡਣ ਵਾਲੇ ਅੱਤਵਾਦੀ ਨੈੱਟਵਰਕ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹਾਲਾਂਕਿ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ, ਕਿਉਂਕਿ ਇਸ ਤਰ੍ਹਾਂ ਦੇ ਹੋਰ ਵੀ ਗਰੁੱਪ ਸਰਗਰਮ ਹਨ।
ਫਰਾਂਸ ਦੇ ਗ੍ਰਹਿ ਮੰਤਰੀ ਬਰਨਾਰਡ ਕੈਜਯੁਨੇਵੇ ਨੇ ਦੱਸਿਆ ਕਿ ਗ੍ਰਿਫ਼ਤਾਰ ਔਰਤਾਂ ਰੇਲਵੇ ਸਟੇਸ਼ਨ ‘ਤੇ ਹਮਲੇ ਦੀ ਯੋਜਨਾ ਬਣਾ ਰਹੀਆਂ ਸਨ। ਗ੍ਰਿਫ਼ਤਾਰ ਕਰਨ ਪੁੱਜੀ ਪੁਲਿਸ ‘ਤੇ ਇਨ੍ਹਾਂ ਵਿਚੋਂ ਇਕ ਨੇ ਚਾਕੂ ਨਾਲ ਅਚਾਨਕ ਹਮਲਾ ਕਰ ਦਿੱਤਾ। ਪੁਲਿਸ ਨੂੰ ਗੋਲੀ ਚਲਾਉਣੀ ਪਈ ਅਤੇ ਜਿਸ ਨਾਲ ਇਕ ਔਰਤ ਜ਼ਖ਼ਮੀ ਹੋ ਗਈ। ਜ਼ਖਮੀ ਔਰਤ ਕਾਰ ਮਾਲਕ ਦੀ ਕੁੜੀ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਕਿ ਉਸ ਨੂੰ ਕਾਰ ਮਾਲਕ ਦੀਆਂ ਦੋ ਧੀਆਂ ਦੀ ਭਾਲ ਹੈ। ਇਸ ਮਾਮਲੇ ‘ਚ ਦੋ ਭਰਾ ਅਤੇ ਉਨ੍ਹਾਂ ਦੀ ਮਹਿਲਾ ਦੋਸਤ ਪਹਿਲਾਂ ਤੋਂ ਹੀ ਹਿਰਾਸਤ ‘ਚ ਹੈ। ਸ਼ੱਕੀ ਕਾਰ ਦੀ ਜਾਣਕਾਰੀ ਐਤਵਾਰ ਨੂੰ ਪੁਲਿਸ ਨੂੰ ਇਕ ਕਾਮੇ ਨੇ ਦਿੱਤੀ ਸੀ। ਬਿਨਾਂ ਨੰਬਰ ਪਲੇਟ ਦੀ ਇਹ ਕਾਰ ਜਿਸ ਇਲਾਕੇ ‘ਚ ਖੜ੍ਹਾ ਸੀ, ਇਹ ਇਲਾਕਾ ਸੈਲਾਨੀਆਂ ‘ਚ ਕਾਫੀ ਹਰਮਨ ਪਿਆਰਾ ਹੈ। ਕਾਰ ਤੋਂ ਛੇ ਸਿਲੰਡਰ ਮਿਲੇ ਸਨ। ਅਰਬੀ ‘ਚ ਲਿਖੇ ਕੁਝ ਦਸਤਾਵੇਜ਼ ਵੀ ਮਿਲੇ ਸਨ। ਚੇਤੇ ਰਹੇ ਕਿ ਕਿ ਆਈਐੱਸ ਨੇ ਪਿਛਲੇ ਸਾਲ ਨਵੰਬਰ ‘ਚ ਇਕੋ ਸਮੇਂ ਪੈਰਿਸ ਵਿਚ ਕਈ ਥਾਵਾਂ ‘ਤੇ ਹਮਲਾ ਕੀਤਾ ਸੀ। ਇਸ ‘ਚ 130 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਫਰਾਂਸ ਹਾਈ ਅਲਰਟ ‘ਤੇ ਹੈ।