ਸਿੱਖ ਬੀਬੀਆਂ ‘ਤੇ ਨਸਲੀ ਟਿੱਪਣੀਆਂ ਕਰਨ ਵਾਲੇ ਸਾਬਕਾ ਫੌਜੀ ਨੂੰ 10 ਮਹੀਨੇ ਦੀ ਕੈਦ
ਲੰਡਨ, 18 ਸਤੰਬਰ (ਪੰਜਾਬ ਮੇਲ)- ਬਰਤਾਨੀਆ ਵਿਚ ਆਪਣੇ ਗੁਆਂਢ ਵਿਚ ਰਹਿੰਦੀਆਂ ਸਿੱਖ ਬੀਬੀਆਂ ਉੱਤੇ ਨਸਲੀ ਟਿੱਪਣੀਆਂ ਕਰਨ ਵਾਲੇ ਸਾਬਕਾ ਬਰਤਾਨਵੀ ਸੈਨਿਕ ਨੂੰ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰਬੀ ਕਾਊਨ ਅਦਾਲਤ ਨੇ ਦੋਸ਼ੀ ਸਾਬਕਾ ਫੌਜੀ ਅਧਿਕਾਰੀ ਕ੍ਰਿਸਟੋਫਰ ਬਲੁਰਟਨ ਨੂੰ ਨਸਲੀ ਟਿੱਪਣੀਆਂ ਕਰਨ, ਪ੍ਰੇਸ਼ਾਨ ਕਰਨ ਸਬੰਧੀ ਧਾਰਾਵਾਂ ਤਹਿਤ ਦੋਸ਼ੀ ਪਾਇਆ ਸੀ।
ਜਾਣਕਾਰੀ ਮੁਤਾਬਕ ਡਰਬੀ ਦੇ ਮਾਨਚੈਸਟਰ ਸਟਰੀਟ ਖੇਤਰ ਵਿਚ ਰਹਿੰਦੀਆਂ ਦੋ ਸਿੱਖ ਬੀਬੀਆਂ ਨੂੰ ਇਹ ਫਿਰਕੂ ਗੋਰਾ ਆਈ ਐਸ ਆਈ ਐਸ ਮੈਂਬਰ ਅਤੇ ਗੰਦੀਆਂ ਪਾਕੀ ਕਹਿ ਕੇ ਬੁਲਾਉਂਦਾ ਸੀ, ਜਿਸ ਤੋਂ ਸਿੱਖ ਬੀਬੀਆਂ ਪ੍ਰੇਸ਼ਾਨ ਚੱਲ ਰਹੀਆਂ ਸਨ। ਦੋਸ਼ੀ ਨੇ ਇਨ੍ਹਾਂ ਸਿੱਖ ਬੀਬੀਆਂ ਨੂੰ ਇਕ ਨੋਟ ਵੀ ਭੇਜਿਆ ਸੀ, ਜਿਸ ਵਿਚ ਉਸ ਨੇ ਲਿਖਿਆ ਸੀ ਕਿ ਉਹ ਆਈ ਐਸ ਆਈ ਐਸ ਦੀਆਂ ਮੈਂਬਰ ਹਨ। ਬਲੂਰਟਨ ਨੇ ਪਹਿਲਾਂ ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਸੀ ਪਰ ਬਾਅਦ ਵਿਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਤੁਸੀਂ ਇਨ੍ਹਾਂ ਔਰਤਾਂ ਨੂੰ ਡਰਾਇਆਂ ਹੈ। ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੇਸ਼ ਵਿਚ ਨਸਲੀ ਭੇਦਭਾਵ ਲਈ ਕੋਈ ਥਾਂ ਨਹੀਂ ਹੈ। ਅਦਾਲਤ ਨੇ ਇਹ ਵੀ ਮੰਨਿਆ ਕਿ ਪੀੜਤਾਂ ਔਰਤਾਂ ਸਾਲ 2014 ਵਿਚ ਘਰ ਆਈਆਂ ਸਨ ਪਰ ਪਿਛਲੇ ਸਾਲ ਜੂਨ ਵਿਚ ਵਿਵਾਦ ਸ਼ੁਰੂ ਹੋਇਆ। ਉਹ ਆਪਣੇ ਘਰ ਜਾਂ ਬਗੀਚੇ ਵਿਚੋਂ ਹੀ ਸਿੱਖ ਬੀਬੀਆਂ ਬਾਰੇ ਮੰਦਾ ਬੋਲਦਾ ਸੀ।