ਸਰਹੱਦੀ ਪਿੰਡਾਂ ਦੇ ਬਹੁਤੇ ਲੋਕ ਘਰਾਂ ਨੂੰ ਪਰਤੇ
ਸਕੂਲਾਂ ’ਚ ਵਿਦਿਆਰਥੀਆਂ ਦੀ ਆਮਦ ਵਧੀ;
ਕੰਡਿਆਲੀ ਤਾਰ ਤੋਂ ਪਾਰ ਫ਼ਸਲ ਦੀ ਵਾਢੀ ਸ਼ੁਰੂ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਮੇਲ)- ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਅਨਿਸ਼ਚਿਤਤਾ ਭਾਵੇਂ ਬਰਕਰਾਰ ਹੈ ਪਰ ਸਰਹੱਦੀ ਪਿੰਡਾਂ ਵਿੱਚ ਜ਼ਿੰਦਗੀ ਲੀਹ ’ਤੇ ਆਉਣ ਲੱਗੀ ਹੈ। ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਗਏ ਬਹੁਤੇ ਲੋਕ ਆਪਣੇ ਟਿਕਾਣਿਆਂ ’ਤੇ ਪਰਤ ਆਏ ਹਨ। ਸਰਹੱਦੀ ਖੇਤਰ ਦੇ ਸਕੂਲ ਵੀ ਖੁੱਲ੍ਹ ਗਏ ਹਨ ਤੇ ਕੰਡਿਆਲੀ ਤਾਰ ਤੋਂ ਪਾਰ ਫ਼ਸਲ ਦੀ ਵਾਢੀ ਸ਼ੁਰੂ ਹੋ ਗਈ ਹੈ।
ਦੱਸਣਯੋਗ ਹੈ ਕਿ ਭਾਰਤੀ ਫ਼ੌਜ ਵੱਲੋਂ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਕੀਤੀ ਸਰਜੀਕਲ ਕਾਰਵਾਈ ਤੋਂ ਬਾਅਦ 29 ਸਤੰਬਰ ਨੂੰ ਸਰਹੱਦ ਤੋਂ ਦਸ ਕਿਲੋਮੀਟਰ ਤੱਕ ਦੇ ਇਲਾਕੇ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਕਾਰਨ ਲੋਕਾਂ ਨੂੰ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਸੀ। ਕੁਝ ਲੋਕ ਮਾਲ ਡੰਗਰ ਦੀ ਸਾਂਭ-ਸੰਭਾਲ ਅਤੇ ਫ਼ਸਲ ਦੀ ਰਾਖੀ ਲਈ ਰਹਿ ਗਏ ਸਨ। ਕੰਡਿਆਲੀ ਤਾਰ ਤੋਂ ਪਾਰ ਫ਼ਸਲ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ ਤੇ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਵੀ ਲੋਕਾਂ ਲਈ ਬੰਦ ਸੀ, ਜੋ ਅਜੇ ਵੀ ਬੰਦ ਹੈ।
ਹੁਣ ਲਗਪਗ ਇੱਕ ਹਫ਼ਤੇ ਮਗਰੋਂ ਸਰਹੱਦੀ ਖੇਤਰ ’ਚ ਜ਼ਿੰਦਗੀ ਲੀਹ ’ਤੇ ਆਉਣ ਲੱਗੀ ਹੈ। ਜੰਗ ਬਾਰੇ ਸ਼ੰਕੇ ਭਾਵੇਂ ਬਰਕਰਾਰ ਹਨ ਪਰ ਸਰਹੱਦ ’ਤੇ ਅਜਿਹੇ ਹਾਲਾਤ ਨਾ ਹੋਣ ਕਾਰਨ ਲੋਕਾਂ ਨੂੰ ਅਜਿਹੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਲਈ ਉਹ ਘਰਾਂ ਨੂੰ ਪਰਤ ਆਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਜਿਹੀ ਹੰਗਾਮੀ ਸਥਿਤੀ ਆਈ ਤਾਂ ਉਹ ਤੁਰੰਤ ਆਪਣੇ ਵਾਹਨਾਂ ਰਾਹੀਂ ਪਰਿਵਾਰ ਦੇ ਜੀਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣਗੇ ਪਰ ਇਸ ਤਰ੍ਹਾਂ ਪਹਿਲਾਂ ਹੀ ਘਰ-ਬਾਰ, ਮਾਲ ਡੰਗਰ ਤੇ ਪੱਕੀਆਂ ਫ਼ਸਲਾਂ ਸੁੰਨੀਆਂ ਛੱਡਣੀਆਂ ਜਾਇਜ਼ ਨਹੀਂ ਹਨ। ਉਜਾੜੇ ਦੀ ਮਾਰ ਝੱਲ ਚੁੱਕੇ ਸਰਹੱਦੀ ਪਿੰਡ ਰਾਣੀਏ ਦੇ ਸਰਪੰਚ ਕੇਹਰ ਸਿੰਘ ਨੇ ਦੱਸਿਆ ਕਿ ਪਿੰਡ ਦੇ 80 ਫ਼ੀਸਦੀ ਲੋਕ ਘਰ-ਬਾਰ ਛੱਡ ਗਏ ਸਨ। ਉਹ ਹੁਣ ਪਰਤ ਆਏ ਹਨ। ਇਹ ਪਿੰਡ ਕੰਡਿਆਲੀ ਤਾਰ ਤੋਂ ਸਿਰਫ 700 ਮੀਟਰ ਪਿੱਛੇ ਹੈ। ਇਸੇ ਤਰ੍ਹਾਂ ਹੋਰ ਪਿੰਡਾਂ ਦੇ ਲੋਕ ਵੀ ਆਉਣੇ ਸ਼ੁਰੂ ਹੋ ਗਏ ਹਨ ਅਤੇ ਵਧੇਰੇ ਘਰਾਂ ਨੂੰ ਪਰਤ ਆਏ ਹਨ। ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਦਸ ਕਿਲੋਮੀਟਰ ਘੇਰੇ ਵਿੱਚ ’ਚ ਲਗਪਗ 200 ਸਰਕਾਰੀ ਸਕੂਲ ਹਨ। ਇਨ੍ਹਾਂ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਆਉਣੇ ਸ਼ੁਰੂ ਹੋ ਗਏ ਹਨ। ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਲਗਪਗ 11300 ਬੱਚੇ ਪੜ੍ਹਦੇ ਹਨ। ਕੱਲ੍ਹ ਸਕੂਲ ਸ਼ੁਰੂ ਹੋਣ ’ਤੇ 30 ਫ਼ੀਸਦ ਬੱਚੇ ਸਕੂਲਾਂ ਵਿੱਚ ਆਏ।
ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਅਧਿਆਪਕ ਵੀ ਸੌ ਫ਼ੀਸਦੀ ਸਕੂਲਾਂ ਵਿੱਚ ਆ ਰਹੇ ਹਨ। ਇੱਕ-ਦੋ ਦਿਨਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਸੌ ਫ਼ੀਸਦ ਹੋ ਜਾਵੇਗੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰੂਣ ਰੂਜਮ ਨੇ ਦੱਸਿਆ ਕਿ ਸਰਕਾਰ ਵੱਲੋਂ ਬਣਾਏ ਰਾਹਤ ਕੈਂਪਾਂ ਵਿੱਚ ਲੋਕ ਨਹੀਂ ਆਏ ਸਨ। ਵਧੇਰੇ ਲੋਕ ਆਪਣੇ ਰਿਸ਼ਤੇਦਾਰਾਂ ਆਦਿ ਕੋਲ ਚਲੇ ਗਏ ਸਨ ਪਰ ਹੁਣ ਉਹ ਘਰਾਂ ਨੂੰ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਜੰਗ ਬਾਰੇ ਅਨਿਸ਼ਚਿਤਤਾ ਬਣੀ ਹੋਣ ਕਾਰਨ ਹੰਗਾਮੀ ਸਥਿਤੀ ਲਈ ਰਾਹਤ ਕੈਂਪ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਪਿੰਡ ਕੱਕੜ ਦੇ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਕੱਕੜ ਵਿੱਚ ਦਰਿਆ ’ਚੋਂ ਬਰਾਮਦ ਹੋਈ ਪਾਕਿਸਤਾਨੀ ਬੇੜੀ ਕਾਰਨ ਇੱਥੇ ਭਾਵੇਂ ਮੁੜ ਤਣਾਅ ਬਣ ਗਿਆ ਸੀ ਪਰ ਬੀਐਸਐਫ ਵੱਲੋਂ ਕੀਤੀ ਜਾਂਚ ਤੋਂ ਲੋਕ ਸੰਤੁਸ਼ਟ ਹਨ ਅਤੇ ਘਰਾਂ ਨੂੰ ਪਰਤ ਆਏ ਹਨ। ਲੋਕਾਂ ਨੇ ਫ਼ਸਲ ਦੀ ਵਾਢੀ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਨੇ ਸਰਹੱਦ ਉੱਤੇ ਕੰਡਿਆਲੀ ਤਾਰ ਤੋਂ ਪਾਰ ਜਾਣ ਵਾਸਤੇ ਪਹਿਲਾਂ ਵਾਂਗ ਗੇਟ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਦਾ ਸਮਾਂ ਵੀ 10 ਤੋਂ 12 ਦੀ ਥਾਂ 10 ਤੋਂ 3 ਵਜੇ ਤਕ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਤਿਆਰ ਕਰਕੇ ਲੋਕਾਂ ਨੂੰ ਛਕਾਉਣ ਦੀ ਸੇਵਾ ਜਾਰੀ ਹੈ।