ਪੰਜਾਬ ‘ਚ ਚਿਕਨਗੁਨੀਆ, ਡੇਂਗੂ, ਸਵਾਇਨ ਫਲੂ ਦਾ ਪ੍ਰਕੋਪ ਜ਼ੋਰਾਂ ‘ਤੇ
ਲੁਧਿਆਣਾ, 19 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ ਇਸ ਵੇਲੇ ਡੇਂਗੂ, ਚਿਕਨਗੁਨੀਆ, ਵਾਇਰਲ ਬੁਖਾਰ ਅਤੇ ਸਵਾਇਨ ਫਲੂ ਦਾ ਪ੍ਰਕੋਪ ਇਸ ਵੇਲੇ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਇਨ੍ਹਾਂ ਬਿਮਾਰੀਆਂ ਦੇ ਪੰਜਾਬ ਭਰ ‘ਚ ਫੈਲਣ ਨਾਲ ਤਕਰੀਬਨ ਹਰ ਪਰਿਵਾਰ ਇਸ ਤੋਂ ਪੀੜਤ ਹੈ। ਹਸਪਤਾਲਾਂ ‘ਚ ਇਸ ਵੇਲੇ ਮਰੀਜ਼ ਇਲਾਜ ਕਰਵਾਉਣ ਲਈ ਵੱਡੀ ਤਦਾਦ ਵਿਚ ਪਹੁੰਚ ਰਹੇ ਹਨ। ਵਾਇਰਲ ਬੁਖਾਰ ਦੇ ਮਰੀਜ਼ਾਂ ਦੀਆਂ ਕਤਾਰਾਂ ਮੁਹੱਲੇਦਾਰ ਡਾਕਟਰਾਂ ਕੋਲ ਵੀ ਦੇਖਣ ਨੂੰ ਮਿਲਦੀਆਂ ਹਨ। ਮਰੀਜ਼ਾਂ ਨੂੰ ਚੈੱਕਅੱਪ ਕਰਵਾਉਣ ਲਈ ਕਾਫੀ ਦੇਰ ਇੰਤਜ਼ਾਰ ਕਰਨਾ ਪੈਂਦਾ ਹੈ। ਡੇਂਗੂ ਅਤੇ ਚਿਕਨਗੁਨੀਆ ਦਾ ਪ੍ਰਕੋਪ ਹੁੰਮਸ ਅਤੇ ਬਰਸਾਤ ਹੋਣ ਨਾਲ ਹੁੰਦਾ ਹੈ। ਜਦੋਂਕਿ ਸਵਾਇਨ ਫਲੂ ਚੜ੍ਹਦੀ ਸਰਦੀ ਵਿਚ ਦੇਖਣ ਨੂੰ ਮਿਲਦਾ ਹੈ। ਆਉਣ ਵਾਲੇ ਦਿਨਾਂ ਵਿਚ ਸਵਾਇਨ ਫਲੂ ਦੇ ਹੋਰ ਵੀ ਵਧਣ ਦੇ ਆਸਾਰ ਹਨ। ਇਸ ਬਿਮਾਰੀ ਦੇ ਲੱਛਣ ਵੀ ਡੇਂਗੂ ਅਤੇ ਚਿਕਨਗੁਨੀਆ ਨਾਲ ਕਾਫੀ ਹੱਦ ਤੱਕ ਰਲਦੇ-ਮਿਲਦੇ ਹਨ। ਇਸ ਬਿਮਾਰੀ ਦੌਰਾਨ ਨੱਕ ਦਾ ਵਗਣਾ, ਅੱਖਾਂ ਵਿਚ ਸੋਜ਼ਿਸ਼ ਆਉਣਾ ਅਤੇ ਪੇਟ ਖਰਾਬ ਵੀ ਹੋ ਸਕਦਾ ਹੈ। ਇਹ ਭਾਵੇਂ ਛੂਤ ਦੀ ਬਿਮਾਰੀ ਨਹੀਂ ਹੈ, ਪਰ ਮਰੀਜ਼ ਦੇ ਖੰਘਣ ਜਾਂ ਛਿੱਕਣ ਮਾਰਨ ਕਾਰਨ ਨਾਲ ਬੈਠੇ ਲੋਕ ਵੀ ਇਸ ਦੇ ਅੜਿੱਕੇ ਆ ਸਕਦੇ ਹਨ। ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀ ਖੜ੍ਹੇ ਪਾਣੀ ਤੋਂ ਫੈਲਦੀ ਹੈ। ਆਮ ਤੌਰ ‘ਤੇ ਕੂਲਰਾਂ ‘ਚ ਖੜ੍ਹੇ ਪਾਣੀ ‘ਚ ਮੱਛਰਾਂ ਦੇ ਲਾਰਵੇ ਮਿਲਦੇ ਹਨ, ਜਿਸ ਨਾਲ ਇਹ ਬਿਮਾਰੀ ਫੈਲਦੀ ਹੈ।
ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬਿਮਾਰੀਆਂ ਨਾਲ ਨਜਿੱਠਣ ਲਈ ਹਾਲੇ ਤੱਕ ਕੋਈ ਠੋਸ ਕਾਰਵਾਈ ਕਰਨ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਸਥਾਨਕ ਲੋਕ ਕਾਫੀ ਸਹਿਮੇ ਹੋਏ ਹਨ। ਇਨ੍ਹਾਂ ਦਿਨਾਂ ਵਿਚ ਪ੍ਰਵਾਸੀ ਪੰਜਾਬੀ ਵੀ ਪੰਜਾਬ ਦਾ ਦੌਰਾ ਕਰਨ ਜਾਂਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਥੇ ਜਾਣ ਤੋਂ ਪਹਿਲਾਂ ਇਸ ਸੰਬੰਧੀ ਇਥੇ ਆਪਣੇ ਨਿੱਜੀ ਡਾਕਟਰ ਤੋਂ ਸਲਾਹ ਲੈ ਲੈਣ।