ਭਾਰਤ ਅਤੇ ਪਾਕਿਸਤਾਨੀ ਫੌਜਾਂ ਵਿਚਾਲੇ ਗੋਲੀਬਾਰੀ
ਪਠਾਨਕੋਟ/ਸ੍ਰੀਨਗਰ, 27 ਅਕਤੂਬਰ (ਪੰਜਾਬ ਮੇਲ)- ਪਠਾਨਕੋਟ ਜਿਲ੍ਹਾ ਦੇ ਬਮਿਆਲ ਖੇਤਰ ਵਿਚ ਪੈਂਡੇ ਪਿੰਡ ਭੋਪਾਲਪੁਰ ਦੀ ਸਰਹੱਦ ਉੱਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਭਾਰਤੀ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ ਦਾ ਬੀ ਐਸ ਐਫ ਕਰਾਰਾ ਜਵਾਬ ਦੇ ਰਹੀ ਹੈ। ਜਾਣਕਾਰੀ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਹੋ ਰਹੀ ਇਸ ਗੋਲੀਬਾਰੀ ਕਾਰਨ ਭੋਪਾਲਪੁਰ, ਪਲਾਹ, ਟਿੰਡਾ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ਉੱਤੇ ਚਲੇ ਗਏ ਹਨ। ਉੱਧਰ ਕੌਮਾਂਤਰੀ ਸਹਰੱਦ ਅਤੇ ਕੰਟਰੋਲ ਰੇਖਾ ਉੱਤੇ ਪਾਕਿਸਤਾਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਪੁੰਛ ਦੇ ਕੇ ਜੀ ਸੈਕਟਰ ਵਿਚ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਹੈ, ਜਿਸ ਦਾ ਭਾਰਤੀ ਸੈਨਿਕ ਮੂੰਹਤੋੜ ਜਵਾਬ ਦੇ ਰਹੇ ਹਨ। ਮੇਂਡਰ ਵਿਚ ਵੀ ਦੋਵਾਂ ਪਾਸਿਓਂ ਗੋਲੀਬਾਰੀ ਹੋ ਰਹੀ ਹੈ। ਉੱਧਰ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਵਿੱਚ ਸੁੰਨ ਪੱਸਰ ਗਈ ਹੈ। ਪਾਕਿਸਤਾਨ ਵੱਲੋਂ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਦਹਿਸ਼ਤ ਦੇ ਸਾਏ ਹੇਠ ਤਿੰਨ ਰਾਤਾਂ ਕੱਟਣ ਬਾਅਦ ਇਨ੍ਹਾਂ ਪਿੰਡਾਂ ਦੇ ਵਸਨੀਕ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਗਏ ਹਨ।
ਜੇਕਰ ਕੋਈ ਸਰਹੱਦੀ ਪਿੰਡ ਦਾਖ਼ਲ ਹੋਵੇ ਤਾਂ ਉਸ ਨੂੰ ਬੂਹਿਆਂ ਨੂੰ ਜਿੰਦਰੇ ਵੱਜੇ ਦਿਸਣਗੇ ਅਤੇ ਚੁਫੇਰੇ ਸੁੰਨ ਪੱਸਰੀ ਹੋਈ ਹੈ, ਜਿਸ ਨੂੰ ਗੋਲੀਆਂ ਤੇ ਮੋਰਟਾਰ ਬੰਬਾਂ ਦੇ ਖੜਾਕ ਤੋੜਦਾ ਹੈ। ਪਿੰਡ ਕੋਰੋਟਾਣਾ ਖੁਰਦ ਦੇ ਵਾਸੀ ਭੂਸ਼ਨ ਕੁਮਾਰ ਨੇ ਕਿਹਾ, ‘ਅਸੀਂ ਪਿਛਲੀਆਂ 3 ਰਾਤਾਂ ਰੱਬ ਰੱਬ ਕਰਕੇ ਕੱਟੀਆਂ। ਪਾਕਿਸਤਾਨ ਵੱਲੋਂ ਦਾਗੇ ਜਾਂਦੇ ਗੋਲੇ ਸਾਡੇ ਮਕਾਨਾਂ ਅਤੇ ਵਿਹੜਿਆਂ ਵਿੱਚ ਡਿੱਗਦੇ ਹਨ। ਅਸੀਂ ਸੋਚਦੇ ਸੀ ਕਿ ਇਹ ਪਾਸੇ ਲੰਘ ਜਾਣਗੇ ਪਰ ਅੱਜ ਅਸੀਂ ਇਥੋਂ ਕਿਸੇ ਹੋਰ ਸੁਰੱਖਿਅਤ ਥਾਂ ਜਾਣ ਦਾ ਫ਼ੈਸਲਾ ਕੀਤਾ ਹੈ।’
.................................................
ਟਿੱਪਣੀ:- ਗੱਲ ਕਸ਼ਮੀਰ ਦੀ ਅਤੇ ਗਲ ਪੈ ਰਹੀ ਪੰਜਾਬ ਦੇ, ਜ਼ਰਾ ਸੋਚੋ ਇਸ ਬਾਰੇ ? ਇਕ ਤੀਰ ਨਾਲ ਦੋ ਸ਼ਿਕਾਰ ਕੀਤੇ ਜਾ ਰਹੇ ਹਨ।
ਪੰਜਾਬੀ ਵੀਰਾਂ ਅੱਗੇ ਜੋਦੜੀ, ਪੰਜਾਬ ਦੇ ਅੰਦਰ ਵੀ ਅੱਗ ਲਾਉਣ ਦੀ ਬਾਦਲ-ਬੀ.ਜੇ.ਪੀ. ਵਲੋਂ ਪੂਰੀ ਕੋਸ਼ਿਸ਼ ਹੋ ਰਹੀ ਹੈ, ਕਾਰਣ ਸਿਰਫ ਇਕੋ ਹੈ ਕਿ ਉਹ ਪੰਜਾਬ ਵਿਚੋਂ ਚੋਣ, ਬੁਰੀ ਤਰ੍ਹਾਂ ਹਾਰ ਰਹੇ ਹਨ, ਜੇ ਅੰਦਰੋਂ ਅਤੇ ਬਾਹਰੋਂ ਅੱਗ ਲੱਗ ਜਾਵੇ ਤਾਂ ਇਹ ਚੋਣ ਟਾਲ ਕੇ ਜਾਂ ਪੰਜਾਬ ਵਿਚ ਐਮਰਜੈਂਸੀ ਲਾ ਕੇ ਇਸ ਚੋਣ ਨੂੰ ਆਸਾਨੀ ਨਾਲ ਟਾਲਿਆ ਜਾ ਸਕਦਾ ਹੈ। ਪੰਜਾਬੀ ਵੀਰੋ ਇਨ੍ਹਾਂ ਲੋਕਾਂ ਨੂੰ ਤੁਸੀਂ ਕੋਈ ਅਜਿਹਾ ਮੌਕਾ ਨਹੀਂ ਦੇਣਾ, ਜਿਸ ਨਾਲ ਇਹ ਤੁਹਾਨੂੰ ਮਾਰ ਸਕਣ ਅਤੇ ਇਨ੍ਹਾਂ ਚੋਣਾਂ ਨੂੰ ਟਾਲ ਸਕਣ, ਭਾਵੇਂ ਤੁਹਾਡਾ ਕਿੰਨਾ ਵੀ ਨੁਕਸਾਨ ਹੋ ਜਾਵੇ, ਇਨ੍ਹਾਂ ਚੋਣਾਂ ਪਿੱਛੇ ਹੀ ਤੁਹਾਡੀ ਆਜ਼ਾਦੀ ਦਾ ਚਾਨਣ ਹੈ। ਇਹ ਚਾਰ ਮਹੀਨੇ ਸੋਚ ਸਮਝ ਕੇ ਕੱਢ ਲਵੋ, ਫਿਰ ਸਭ ਠੀਕ ਹੋ ਜਾਵੇਗਾ। ਤੁਹਾਡਾ ਆਪਣਾ ਅਮਰ ਜੀਤ ਸਿੰਘ ਚੰਦੀ