ਪੰਜਾਬੀ ਗੱਭਰੂ ਪਾਲਪ੍ਰੀਤ ਸਿੰਘ ਬਰਾੜ ਦੀ ਐਨਬੀਏ ਵਿੱਚ ਹੋਈ ਚੋਣ
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਪੰਜਾਬ ਮੇਲ)- ਮੁਕਤਸਰ ਜ਼ਿਲ੍ਹੇ ਦੇ 6 ਫੁੱਟ 9 ਇੰਚ ਕੱਦ ਵਾਲੇ ਪਾਲਪ੍ਰੀਤ ਸਿੰਘ ਬਰਾੜ (21) ਦੀ ਅਮਰੀਕਾ ਦੀ ਪੇਸ਼ੇਵਾਰਾਨਾ ਬਾਸਕਟਬਾਲ ਲੀਗ (ਐਨਬੀਏ) ਵਿੱਚ ਚੋਣ ਹੋਈ ਹੈ। ਮੁਕਤਸਰ ਲਾਗਲੇ ਪਿੰਡ ਦੋਦਾ ’ਚ ਰਹਿਣ ਵਾਲੇ ਪਾਲਪ੍ਰੀਤ ਸਿੰਘ ਦੇ ਪਿਤਾ ਫਰਜਿੰਦਰ ਸਿੰਘ, ਮਾਤਾ ਸਰਬਜੀਤ ਕੌਰ ਅਤੇ ਦਾਦੀ ਹਰਬੰਸ ਕੌਰ ਨੇ ਕਿਹਾ ਕਿ ਪਾਲਪ੍ਰੀਤ ਸਿੰਘ ਦੀ ਚੋਣ ਦੀਵਾਲੀ ਵਾਲੀ ਰਾਤ ਹੋਈ ਹੈ। ਉਸ ਦੀ ਚੋਣ ਕਰਨ ਵਾਲੀ ਟੀਮ ‘ਲਾਂਗ ਆਈਲੈਂਡ ਨੈੱਟਸ’ ਨਾਲ ਸ਼ਰਤਾਂ ਅਤੇ ਲੈਣ-ਦੇਣ 2 ਨਵੰਬਰ ਨੂੰ ਤੈਅ ਹੋ ਜਾਵੇਗਾ। ਇਸ ਟੀਮ ਵਾਸਤੇ ਚੁਣਿਆ ਜਾਣ ਵਾਲਾ ਪਾਲਪ੍ਰੀਤ ਸਿੰਘ ਪਹਿਲਾ ਭਾਰਤੀ ਖਿਡਾਰੀ ਹੈ। ਪਾਲਪ੍ਰੀਤ ਸਿੰਘ ਨੇ ਆਪਣਾ ਖੇਡ ਸਫਰ ਲੁਧਿਆਣਾ ਬਾਸਕਟਬਾਲ ਅਕੈਡਮੀ ਤੋਂ ਸ਼ੁਰੂ ਕੀਤਾ ਸੀ। ਇਸ ਦੌਰਾਨ ਉਸ ਨੂੰ ਅਮਰੀਕਾ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨਬੀਏ) ਵੱਲੋਂ ਭਾਰਤ ਵਿੱਚ ਲਾਏ ਗਏ 5 ਕੈਪਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਕੁਲ 1200 ਖਿਡਾਰੀਆਂ ’ਚੋਂ ਉਸ ਇਕੱਲੇ ਦੀ ਚੋਣ ਕੀਤੀ ਗਈ। ਪਾਲਪ੍ਰੀਤ ਸਿੰਘ ਦੇ ਸਾਰੇ ਪਰਿਵਾਰਕ ਮੈਂਬਰ 6 ਫੁੱਟ ਤੋਂ ਲੰਬੇ ਹਨ। ਉਸ ਦੇ ਪਿਤਾ ਫਰਜਿੰਦਰ ਸਿੰਘ ਅਤੇ ਭਰਾ ਮਨਿੰਦਰ ਪਾਲ ਸਿੰਘ ਦਾ ਕੱਦ 6 ਫੁੱਟ 2 ਇੰਚ ਹੈ।
ਫਰਜਿੰਦਰ ਸਿੰਘ ਨੇ ਕਿਹਾ ਕਿ ਪਾਲਪ੍ਰੀਤ ਦੀ ਖੇਡ ਨੂੰ ਨਿਖਾਰਨ ਵਿੱਚ ਉਸ ਦੇ ਕੋਚ ਸੁਬਰਾਮਨੀਅਮ ਅਤੇ ਤੇਜਾ ਸਿੰਘ ਸੈਕਟਰੀ, ਨਿੱਪੀ ਸਰਾਂ ਅਤੇ ਗਮਦੂਰ ਸਿੰਘ ਦਾ ਵੱਡਾ ਯੋਗਦਾਨ ਹੈ। 3 ਜਨਵਰੀ 1994 ਨੂੰ ਜਨਮਿਆ ਪਾਲਪ੍ਰੀਤ ਸਿੰਘ ਅਜੇ ਬੀਏ ਭਾਗ ਦੂਜਾ ਵਿੱਚ ਹੀ ਪੜ੍ਹ ਰਿਹਾ ਸੀ ਕਿ ਖੇਡ ਕੋਟੇ ਵਿੱਚ ਉਸ ਦੀ ਚੋਣ ਰੇਲਵੇ ਵਿੱਚ ਬਤੌਰ ਟੀਸੀਆਰ ਹੋ ਗਈ ਸੀ ਤੇ ਹੁਣ ਵੀ ਉਹ ਰੇਲਵੇ ਦਾ ਕਰਮਚਾਰੀ ਹੈ। ਸ੍ਰੀ ਫਰਜਿੰਦਰ ਸਿੰਘ ਨੇ ਕਿਹਾ ਕਿ ਪਾਲਪ੍ਰੀਤ ਸਿੰਘ ਦੀ ਵਿਸ਼ਵ ਪੱਧਰ ’ਤੇ ਚੋਣ ਨਾਲ ਪੰਜਾਬੀਆਂ ਦੇ ਸਿਰ ਨਸ਼ੇੜੀ ਹੋਣ ਦਾ ਲੱਗਦਾ ਦਾਗ਼ ਵੀ ਧੋਤਾ ਗਿਆ ਹੈ।