ਨਸਲਵਾਦ ਦਾ ਸ਼ਿਕਾਰ ਸਿੱਖ ਬਣਿਆ ਲੋਕਾਂ ਦਾ ਮਸੀਹਾ
ਡਾਰਵਿਨ, 3 ਨਵੰਬਰ (ਪੰਜਾਬ ਮੇਲ)-ਆਸਟਰੇਲੀਆ ਵਿੱਚ ਨਿਸ਼ਕਾਮ ਸੇਵਾ ਦੀ ਮਿਸਾਲ ਤਜਿੰਦਰ ਪਾਲ ਸਿੰਘ ਨੂੰ ਮਨੁੱਖਤਾ ਦੀ ਭਲਾਈ ਲਈ ਕੀਤੇ ਕੰਮਾਂ ਦੇ ਮਿਲੇ ਫਲ ਨੇ ਲੋਕਾਂ ਨੂੰ ਪ੍ਰਭਾਵਤ ਕਰ ਦਿੱਤਾ ਹੈ।
ਤਜਿੰਦਰ ਪਾਲ ਸਿੰਘ ਨੂੰ ਨਾਰਦਰਨ ਟੈਰੀਟਰੀ ਸੂਬੇ ਦੀ ਸਰਕਾਰ ਨੇ ‘ਲੋਕਲ ਹੀਰੋ’ ਦੇ ਐਵਾਰਡ ਦਾ ਸਨਮਾਨ ਦਿੱਤਾ ਹੈ। ਪੇਸ਼ੇ ਵਜੋਂ ਟੈਕਸੀ ਚਾਲਕ ਤਜਿੰਦਰ ਵਲੋਂ ਹਰੇ ਮਹੀਨੇ ਦੇ ਆਖਰੀ ਐਤਵਾਰ ਨੂੰ ਸ਼ਹਿਰ ਵਿੱਚ ਗਰੀਬ ਅਤੇ ਬੇਆਸਰੇ ਲੋਕਾਂ ਨੂੰ ਭੋਜਨ ਖੁਆ ਕੇ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ। ਇਸ ਬਾਰੇ ਤਜਿੰਦਰ ਨੇ ਦੱਸਿਆ ਕਿ ਐਵਾਰਡ ਮਿਲਣ ਪਿੱਛੋਂ ਉਹ ਕਾਫੀ ਖ਼ੁਸ਼ ਹੈ। ਉਸ ਨੇ ਦੱਸਿਆ ਕਿ ਸਾਲ 2006 ਵਿੱਚ ਉਹ ਪਰਿਵਾਰ ਸਮੇਤ ਆਸਟੇਰਲੀਆ ਆਏ ਸਨ। ਇੱਥੇ ਆ ਕੇ ਜਦੋਂ ਉਹ ਡਾਰਵਿਨ ਸ਼ਹਿਰ ਵਿੱਚ ਵੱਸੇ ਤਾਂ ਉਨ੍ਹਾਂ ਨੂੰ ਨਸਲੀ ਭੇਦ-ਭਾਵ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਦੇ ਸਿੱਖੀ ਸਰੂਪ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ‘ਓਸਾਮਾ ਬਿਨ ਲਾਦੇਨ’ ਵੀ ਕਿਹਾ।
ਤਜਿੰਦਰ ਨੇ ਦੱਸਿਆ ਕਿ ਇਸ ਭੇਦ-ਭਾਵ ਨੇ ਉਸ ਨੇ ਦਿਲ ਉੱਤੇ ਡੂੰਘ ਸੱਟ ਮਾਰੀ ਅਤੇ ਇਸ ਪਿੱਛੋਂ ਉਸ ਨੇ ਆਸਟਰੇਲੀਅਨ ਲੋਕਾਂ ਨੂੰ ਸਿੱਖ ਧਰਮ ਤੇ ਇਸ ਦੇ ਅਸੂਲਾਂ ਬਾਰੇ ਜਾਗਰੂਕ ਕਰਨ ਬਾਰੇ ਸੋਚਿਆ। ਉਸ ਦੇ ਮੁਤਾਬਕ ਸਿੱਖ ਧਰਮ ਸਾਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨਾ ਸਿਖਾਉਂਦਾ ਹੈ ਤੇ ਸ਼ਹਿਰ ਵਿੱਚ ਜਦੋਂ ਉਨ੍ਹਾਂ ਨੇ ਗਰੀਬ, ਬੇਆਸਰੇ ਅਤੇ ਬੇਘਰੇ ਲੋਕ ਦੇਖੇ ਤਾਂ ਦਿਮਾਗ ਵਿੱਚ ਇਨ੍ਹਾਂ ਨੂੰ ਭੋਜਨ ਖੁਆ ਕੇ ਇਨ੍ਹਾਂ ਦੀ ਸੇਵਾ ਕਰਨ ਦਾ ਖਿਆਲ ਆਇਆ। ਉੁਨ੍ਹਾਂ ਦੱਸਿਆ ਕਿ ਹਰ ਮਹੀਨੇ ਦੇ ਆਖ਼ਰੀ ਐਤਵਾਰ ਉਹ ਘਰ ਵਿੱਚ 80 ਕਿਲੋਗ੍ਰਾਮ ਕੜ੍ਹੀ ਤੇ ਚੌਲ ਬਣਾਉਂਦੇ ਹਨ ਅਤੇ ਇਸ ਕੰਮ ਵਿੱਚ ਉਨ੍ਹਾਂ ਨੂੰ ਪੰਜ ਘੰਟੇ ਦਾ ਸਮਾਂ ਲੱਗਦਾ ਹੈ। ਫਿਰ ਉਹ ਟੈਕਸੀ ਰਾਹੀਂ ਇਸ ਭੋਜਨ ਨੂੰ ਲੋੜਵੰਦਾਂ ਵਿੱਚ ਵੰਡਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਉਨ੍ਹਾਂ ਨੂੰ ਚਾਰ ਸਾਲ ਹੋ ਗਏ ਹਨ ਤੇ ਇਸ ਤੋਂ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ।
ਤਜਿੰਦਰ ਦੀ ਇਸ ਨਿਸ਼ਕਾਮ ਸੇਵਾ ਭਾਵਨਾ ਨੇ ਨਾਰਦਰਨ ਟੈਰੀਟਰੀ ਦੇ ਮੁੱਖ ਮੰਤਰੀ ਮਾਈਕਲ ਗਨਰ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਨਾਰਦਰਨ ਟੈਰੀਟਰੀ ਦੇ ਲੋਕਾਂ ਦੇ ਵਿਕਾਸ ਵਿੱਚ ਤਜਿੰਦਰ ਦੇ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ ਹੈ।