ਕੁੜੀ ਜੰਮਣ ਦੀ ਖੁਸ਼ੀ ਵਿਚ ਸੱਸ ਨੇ ਨੂੰਹ ਨੂੰ ਗਿਫ਼ਟ ਦਿੱਤੀ ਹੌਂਡਾ ਸਿਟੀ ਕਾਰ
ਹਮੀਰਪੁਰ, 4 ਨਵੰਬਰ (ਪੰਜਾਬ ਮੇਲ)- ਅੱਜ ਕਲ੍ਹ ਰੋਜ਼ਾਨਾ ਹੀ ਸਹੁਰਿਆਂ ਵਿਚ ਨੂੰਹ ਵਲੋਂ ਕੁੜੀ ਜੰਮਣ ‘ਤੇ ਬੁਰੀਆਂ ਖ਼ਬਰਾਂ ਆਉਂਦੀਆਂ ਹਨ। ਪ੍ਰੰਤੂ ਸ਼ਾਇਦ ਇਹ ਪਹਿਲਾ ਮਾਮਲਾ ਹੋਵੇਗਾ ਜਦ ਉਤਰ ਪ੍ਰਦੇਸ਼ ਦੇ ਹਮੀਰਪੁਰ ਵਿਚ ਇਕ ਸੱਸ ਨੇ ਨੂੰਹ ਵਲੋਂ ਕੁੜੀ ਜੰਮਣ ‘ਤੇ ਨਾ ਸਿਰਫ ਉਸ ਨੂੰ ਗਲ਼ ਲਾ ਕੇ ਪਿਆਰ ਦਿੱਤਾ ਬਲਕਿ ਨੂੰਹ ਨੂੰ ਇਕ ਮਹਿੰਗੀ ਹੌਂਡਾ ਸਿਟੀ ਕਾਰ ਵੀ ਗਿਫ਼ਟ ਦੇ ਤੌਰ ‘ਤੇ ਦਿੱਤੀ। ਸਿਹਤ ਵਿਭਾਗ ਵਿਚ ਤੈਨਾਤ ਰਹਿ ਚੁੱਕੀ ਪ੍ਰੇਮਾ ਦੇਵੀ ਸੇਵਾ ਮੁਕਤ ਹੋਣ ਤੋਂ ਬਾਅਦ ਅਪਣੇ ਪੁੱਤਰ ਅਤੇ ਨੂੰਹ ਖੁਸ਼ਬੂ ਦੇ ਨਾਲ ਹਮੀਰਪੁਰ ਜ਼ਿਲ੍ਹਾ ਹੈਡਕੁਆਰਟਰ ਸਥਿਤ ਪਸ਼ੂ ਹਸਪਤਾਲ ਦੇ ਕੋਲ ਰਹਿ ਰਹੀ ਹੈ। ਉਨ੍ਹਾਂ ਦਾ ਪੁੱਤਰ ਹਮੀਰਪੁਰ ਜ਼ਿਲ੍ਹਾ ਹੈਡਕੁਆਰਟਰ ਵਿਚ ਸਰਕਾਰੀ ਸੇਵਾ ਵਿਚ ਹੈ, ਜਦ ਕਿ ਨੂੰਹ ਹਾਊਸ ਵਾਈਫ ਹੈ। ਸੱਸ ਅਤੇ ਨੂੰਹ, ਮਾਂ-ਧੀ ਦੀ ਤਰ੍ਹਾਂ ਰਹਿੰਦੇ ਹਨ।
ਦੱਸਿਆ ਜਾਂਦਾ ਹੈ ਕਿ ਕੁਝ ਮਹੀਨੇ ਪਹਿਲਾਂ ਨੂੰਹ ਖੁਸ਼ਬੂ ਨੇ ਲੜਕੀ ਨੂੰ ਜਨਮ ਦਿੱਤਾ ਤਾ ਸੱਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਪ੍ਰੇਮਾ ਨੇ ਘਰ ਵਿਚ ਧੀ ਹੋਣ ‘ਤੇ ਖੁਸ਼ੀਆਂ ਮਨਾਈਆਂ। ਗੁਆਂਢੀ ਦੱਸਦੇ ਹਨ ਕਿ ਲੜਕੀ ਦਾ ਜਨਮ ਹੋਣ ‘ਤੇ ਪ੍ਰੇਮਾ ਨੇ ਘਰ ਵਿਚ ਛੋਟੀ ਜਿਹੀ ਪਾਰਟੀ ਰੱਖੀ ਸੀ। ਪਾਰਟੀ ਵਿਚ ਉਨ੍ਹਾਂ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਸੀ। ਪਾਰਟੀ ਦੇ ਦਿਨ ਹੀ ਪ੍ਰੇਮਾ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਦੀਵਾਲੀ ਤੋਂ ਪਹਿਲਾਂ ਨੂੰਹ ਨੂੰ ਕਾਰ ਗਿਫ਼ਟ ਕਰੇਗੀ। ਪਿਛਲੇ ਦਿਨੀਂ ਸੱਸ ਨੇ ਹੌਂਡਾ ਸਿਟੀ ਕਾਰ ਖਰੀਦ ਕੇ ਨੂੰਹ ਖੁਸ਼ਬੂ ਨੂੰ ਗਿਫ਼ਟ ਕਰ ਦਿੱਤੀ। ਐਨਾ ਵੱਡਾ ਗਿਫ਼ਟ ਪਾ ਕੇ ਨੂੰਹ ਦੀ ਅੱਖਾਂ ‘ਚੋਂ ਖੁਸ਼ੀ ਦੇ ਹੰਝੂ ਡਿੱਗਣ ਲੱਗੇ।
ਸੇਵਾ ਮੁਕਤ ਸਿਹਤ ਕਰਮਚਾਰੀ ਪ੍ਰੇਮਾ ਦੇਵੀ ਦਾ ਕਹਿਣਾ ਹੇ ਕਿ ਧੀ ਨੂੰ ਗਰਭ ਵਿਚ ਮਾਰਨ ਦੀ ਬੁਰਾਈ ਤਦ ਖਤਮ ਹੋਵੇਗੀ, ਜਦੋਂ ਨੂੰਹ ਨੂੰ ਅਪਣੀ ਧੀ ਮੰਨਿਆ ਜਾਵੇ। ਕਿਉਂਕਿ ਨੂੰਹ ਵੀ ਕਿਸੇ ਦੀ ਧੀ ਹੁੰਦੀ ਹੈ ਅਤੇ ਜਦ ਉਸ ਨੂੰ ਸਹੁਰਿਆਂ ਵਿਚ ਮਾਂ ਦੇ ਰੂਪ ਵਿਚ ਪਿਆਰ ਮਿਲੇਗਾ ਤਾਂ ਉਸ ਘਰ ਵਿਚ ਖੁਸ਼ੀਆਂ ਰਹਿਣਗੀਆਂ।