ਏਸ਼ੀਅਨ ਚੈਂਪੀਅਨਜ਼ ਟਰਾਫੀ : ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ ਹਰਾ ਕੇ ਜਿੱਤਿਆ ਖ਼ਿਤਾਬ
ਸਿੰਗਾਪੁਰ, 5 ਨਵੰਬਰ (ਪੰਜਾਬ ਮੇਲ)- ਭਾਰਤੀ ਮਹਿਲਾ ਹਾਕੀ ਟੀਮ ਨੇ ਸਿੰਗਾਪੁਰ ‘ਚ ਹੋਈ ਮਹਿਲਾ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਦਾ ਖ਼ਿਤਾਬ ਜਿੱਤ ਲਿਆ ਹੈ। ਸਿੰਗਾਪੁਰ ‘ਚ ਖੇਡੇ ਗਏ ਫਾਈਨਲ ਮੈਚ ‘ਚ ਭਾਰਤ ਨੇ ਚੀਨ ਨੂੰ 2-1 ਨਾਲ ਹਰਾ ਦਿੱਤਾ। ਭਾਰਤ ਵੱਲੋਂ ਦੋਵੇਂ ਗੋਲ ਪੈਨਲਟੀ ਕਾਰਨਰ ਜਰੀਏ ਕੀਤੇ ਗਏ। ਭਾਰਤ ਵੱਲੋਂ ਦੀਪ ਗ੍ਰੇਸ ਇੱਕਾ ਨੇ ਤੀਜੇ ਮਿੰਟ ‘ਚ ਗੋਲ ਕਰ ਕੇ ਟੀਮ ਨੂੰ 1-0 ਦੀ ਬੜਤ ਦਿਵਾਈ। ਪਰ ਚੀਨ ਨੇ ਦੂਜੇ ਹਾਫ ‘ਚ 44ਵੇਂ ਮਿੰਟ ‘ਚ ਗੋਲ ਕਰ ਕੇ ਮੈਚ ਨੂੰ ਬਰਾਬਰੀ ‘ਤੇ ਲੈ ਆਉਂਦਾ। ਪਰ ਮੈਚ ਖ਼ਤਮ ਹੋਣ ਤੋਂ ਪਹਿਲਾਂ 60ਵੇਂ ਮਿੰਟ ‘ਚ ਦੀਪਿਕਾ ਨੇ ਇਕ ਹੋਰ ਗੋਲ ਕਰ ਕੇ ਭਾਰਤ ਨੂੰ ਖ਼ਿਤਾਬੀ ਜਿੱਤ ਦਿਵਾ ਦਿੱਤੀ। ਔਰਤਾਂ ਨੇ ਪਹਿਲੀ ਵਾਰ ਇਹ ਟਰਾਫੀ ਆਪਣੇ ਨਾਂਅ ਕੀਤੀ। ਕਮਾਲ ਦੀ ਗੱਲ ਇਹ ਹੈ ਕਿ ਲੀਗ ਮੈਚ ‘ਚ ਇਕ ਦਿਨ ਪਹਿਲਾਂ ਚੀਨ ਨੇ ਭਾਰਤ ਨੂੰ 3-2 ਨਾਲ ਹਰਾ ਦਿੱਤਾ ਸੀ। ਪਿਛਲੇ ਹਫਤੇ ਭਾਰਤੀ ਮਰਦ ਟੀਮ ਵੀ ਏਸ਼ੀਅਨ ਚੈਂਪੀਅਨਜ਼ ਦਾ ਖ਼ਿਤਾਬ ਜਿੱਤਣ ‘ਚ ਕਾਮਯਾਬ ਰਹੀ ਸੀ। ਸਾਬਕਾ ਭਾਰਤੀ ਕਪਤਾਨ ਮਮਤਾ ਖ਼ਰਬ ਇਸ ਨੂੰ ਭਾਰਤੀ ਹਾਕੀ ਦੀ ਵੱਡੀ ਜਿੱਤ ਮੰਨਦੀ ਹੈ। ਉਨ•ਾਂ ਦਾ ਮੰਨਣਾ ਹੈ ਕਿ ਜੇ ਇਸ ਨੂੰ ਸਹੀ ਢੰਗ ਨਾਲ ਤਰਾਸ਼ਿਆ ਗਿਆ ਤਾਂ ਇਹ ਹੋਰ ਵੀ ਵੱਡੀ ਜਿੱਤ ਹਾਸਲ ਕਰ ਸਕਦੀ ਹੈ।