ਪੰਜਾਬ ਸਰਕਾਰ ਸਰਬੱਤ ਖ਼ਾਲਸਾ ਰੋਕਣ ਲਈ ਡਟੀ
ਪੁਲੀਸ ਨੇ ਸਰਬੱਤ ਖਾਲਸਾ ਵਾਲੀ ਥਾਂ ਤੋਂ ਟੈਂਟ ਪੁੱਟਿਆ
ਬਠਿੰਡਾ, 6 ਨਵੰਬਰ (ਪੰਜਾਬ ਮੇਲ)- ਬਠਿੰਡਾ ਪ੍ਰਸ਼ਾਸਨ ਨੇ ਦਮਦਮਾ ਸਾਹਿਬ ਵਿੱਚ 10 ਨਵੰਬਰ ਨੂੰ ਕਰਾਏ ਜਾ ਰਹੇ ਦੂਜੇ ਸਰਬੱਤ ਖਾਲਸਾ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਨੇ ਮਾਲਵੇ ਦੇ ਸੱਤ ਜ਼ਿਲ੍ਹਿਆਂ ’ਚੋਂ ਤਕਰੀਬਨ 80 ਪੰਥਕ ਆਗੂ ਤੇ ਵਰਕਰ ਗ੍ਰਿਫ਼ਤਾਰ ਕੀਤੇ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਪਿੰਡ ਭਾਗੀਵਾਂਦਰ ਦੀ ਜੂਹ ਵਿੱਚ ਸਰਬੱਤ ਖਾਲਸਾ ਦਾ ਲੱਗ ਰਿਹਾ ਟੈਂਟ ਵੀ ਪੁਲੀਸ ਨੇ ਪੁਟਵਾ ਦਿੱਤਾ ਹੈ। ਪੁਲੀਸ ਡਰੋਂ ਟੈਂਟ ਮਾਲਕ ਨੇ ਟੈਂਟ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਬੀਤੀ ਰਾਤ ਅਚਾਨਕ ਸਖ਼ਤੀ ਦਿਖਾਉਣੀ ਸ਼ੁਰੂ ਕੀਤੀ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਸਰਬੱਤ ਖਾਲਸਾ ਨਹੀਂ ਹੋਣ ਦੇਵੇਗੀ। ਦੂਜੇ ਪਾਸੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਦੀ ਟੇਕ ਹੁਣ ਹਾਈ ਕੋਰਟ ਵਿੱਚ ਪਾਈ ਪਟੀਸ਼ਨ ’ਤੇ ਹੈ, ਜਿਸ ’ਤੇ 7 ਨਵੰਬਰ ਨੂੰ ਸੁਣਵਾਈ ਹੋਣੀ ਹੈ।
ਬਠਿੰਡਾ ਪੁਲੀਸ ਦੇ ਮਿਸ਼ਨ ’ਚ ਕੱਲ੍ਹ ਰਾਤ ਬਰਨਾਲਾ ਪੁਲੀਸ ਦੇ ਇਕ ਡੀਐਸਪੀ ਨੇ ਭੰਗ ਪਾ ਦਿੱਤੀ। ਇਸ ਕਾਰਨ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਪੰਜਾਬ ਪੁਲੀਸ ਦੇ ਹੱਥੋਂ ਨਿਕਲ ਗਏ। ਸੂਤਰਾਂ ਮੁਤਾਬਕ ਸਰਬੱਤ ਖਾਲਸਾ ਦੇ ਖਾਸ ਪ੍ਰਬੰਧਕ ਹਰਿਆਣਾ ’ਚ ਰੂਪੋਸ਼ ਹੋ ਗਏ ਹਨ। ਦੱਸਣਯੋਗ ਹੈ ਕਿ ਬਠਿੰਡਾ ਪੁਲੀਸ ਨੇ ਕੱਲ੍ਹ ਰਾਤ ਥਾਣਾ ਥਰਮਲ ਦੇ ਐਸਐਚਓ ਜਗਜੀਤ ਸਿੰਘ ਨੂੰ ਮਿਸ਼ਨ ਤਹਿਤ ਬਰਨਾਲਾ ਜ਼ਿਲ੍ਹੇ ’ਚ ਭੇਜਿਆ ਸੀ, ਜਿਸ ਨੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕਾਂ ਨੂੰ ਹਿਰਾਸਤ ਵਿੱਚ ਲੈਣਾ ਸੀ। ਐਸਐਚਓ ਨੇ ਕੱਲ੍ਹ ਰਾਤ ਪਿੰਡ ਘੁੰਨਸ ਨੇੜੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਜਸਕਰਨ ਸਿੰਘ ਦੀ ਗੱਡੀ ਰੋਕ ਲਈ ਸੀ। ਜ਼ਿਲ੍ਹਾ ਪੁਲੀਸ ਦਾ ਮੁੱਖ ਨਿਸ਼ਾਨਾ ਭਾਈ ਗੁਰਦੀਪ ਸਿੰਘ ਦੀ ਗ੍ਰਿਫ਼ਤਾਰੀ ਸੀ। ਇਸ ਦੌਰਾਨ ਤਪਾ ਦਾ ਡੀਐਸਪੀ ਪੁੱਜ ਗਿਆ, ਜਿਸ ਦੇ ਦਖ਼ਲ ਮਗਰੋਂ ਪੰਥਕ ਆਗੂ ਮੌਕੇ ਤੋਂ ਜਾਣ ’ਚ ਸਫ਼ਲ ਹੋ ਗਏ। ਅੱਜ ਪੰਜਾਬ ਸਰਕਾਰ ਨੇ ਬਰਨਾਲਾ ਪੁਲੀਸ ਦੀ ਇਸ ਮਾਮਲੇ ’ਤੇ ਖਿਚਾਈ ਵੀ ਕੀਤੀ ਹੈ, ਜਿਸ ਕਾਰਨ ਬਰਨਾਲਾ ਪੁਲੀਸ ਅੱਜ ਪੂਰਾ ਦਿਨ ਪਿੰਡ ਘੁੰਨਸ ਲਾਗਿਓਂ ਰੂਪੋਸ਼ ਹੋਏ ਆਗੂਆਂ ਦੀ ਪੈੜ ਨੱਪਦੀ ਰਹੀ।
ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਡਾ. ਬਸੰਤ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਪੁਲੀਸ ਦੀ ਰਿਪੋਰਟ ਪ੍ਰਾਪਤਹੋਈ ਸੀ, ਜਿਸ ਦੇ ਆਧਾਰ ’ਤੇ ਸਰਬੱਤ ਖਾਲਸਾ ਲਈ ਪ੍ਰਵਾਨਗੀ ਵਾਲੀ ਅਰਜ਼ੀ ਰੱਦ ਕਰ ਦਿੱਤੀ ਹੈ ਕਿਉਂਕਿ ਇਸ ਨਾਲ ਅਮਨ ਕਾਨੂੰਨ ਵਿਗੜਨ ਦਾ ਡਰ ਸੀ। ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਅੱਜ ਦੋਸ਼ ਲਾਇਆ ਕਿ ਸਰਬੱਤ ਖਾਲਸਾ ਦੇ ਪੰਡਾਲ ਵਿੱਚ ਤਕਰੀਬਨ 25 ਫ਼ੀਸਦ ਟੈਂਟ ਲੱਗ ਗਿਆ ਸੀ, ਜਿਸ ਨੂੰ ਪੁਲੀਸ ਨੇ ਅੱਜ ਪੁਟਵਾ ਦਿੱਤਾ ਹੈ ਅਤੇ ਟੈਂਟ ਮਾਲਕ ਨੂੰ ਧਮਕਾਇਆ ਹੈ।
ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਾਦਲ ਸਰਕਾਰ ਸਿੱਖਾਂ ਦੇ ਧਾਰਮਿਕ ਸਮਾਗਮਾਂ ’ਤੇ ਪਾਬੰਦੀ ਲਗਾ ਰਹੀ ਹੈ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਸਰਕਾਰ ਧੱਕੇਸ਼ਾਹੀ ’ਤੇ ਉੱਤਰੀ ਹੈ ਅਤੇ ਪੰਜਾਬ ਭਰ ’ਚੋਂ 1500 ਦੇ ਕਰੀਬ ਆਗੂ ਅਤੇ ਵਰਕਰ ਗ੍ਰਿਫ਼ਤਾਰ ਕਰ ਲਏ ਹਨ। ਸਰਬੱਤ ਖਾਲਸਾ ਦੇ ਸਾਰੇ ਪ੍ਰਬੰਧਕ ਹੁਣ ਇਕੱਠੇ ਹੋ ਕੇ ਮੀਟਿੰਗ ਕਰਨਗੇ, ਜਿਸ ਵਿੱਚ ਅਗਲਾ ਫੈਸਲਾ ਲਿਆ ਜਾਵੇਗਾ। ਬਠਿੰਡਾ ਜ਼ੋਨ ਦੇ ਆਈਜੀ ਐਸ.ਕੇ. ਅਸਥਾਨਾ ਨੇ ਕਿਹਾ ਕਿ ਟੈਂਟ ਮਾਲਕ ਨੇ ਸਰਬੱਤ ਖਾਲਸਾ ਦੇ ਪੰਡਾਲ ਦਾ ਟੈਂਟ ਆਪ ਪੁੱਟਿਆ ਹੈ, ਜਿਸ ਨਾਲ ਪੁਲੀਸ ਦਾ ਕੋਈ ਲੈਣਾ ਦੇਣਾ ਨਹੀਂ ਹੈ।