ਆਮ ਆਦਮੀ ਪਾਰਟੀ ਨੂੰ ਯੂਬਾ ਸਿਟੀ ਨਗਰ ਕੀਰਤਨ ‘ਤੇ ਮਿਲਿਆ ਬੇਮਿਸਾਲ ਹੁੰਗਾਰਾ
ਯੂਬਾ ਸਿਟੀ, 9 ਨਵੰਬਰ (ਨੀਟਾ/ਕੁਲਵੰਤ/ਪੰਜਾਬ ਮੇਲ) – ਸਥਾਨਕ 37ਵੇਂ ਮਹਾਨ ਨਗਰ ਕੀਰਤਨ ‘ਤੇ ”ਆਪ” ਪਾਰਟੀ ਓਵਰਸੀਜ਼ ਵਲੰਟੀਅਰਜ਼ ਟੀਮ ਵਲੋਂ ਪਾਰਟੀ ਨੀਤੀਆਂ ਤੋਂ ਪ੍ਰਵਾਸੀ ਪੰਜਾਬੀਆਂ ਨੂੰ ਜਾਣੂ ਕਰਵਾਉਣ ਲਈ ਇਕ ਜ਼ਬਰਦਸਤ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਵਿਚ ਪੂਰੇ ਅਮਰੀਕਾ ਤੋਂ ਵਲੰਟੀਅਰਾਂ ਨੇ ਸ਼ਿਰਕਤ ਕਰਕੇ ਕੈਲੀਫੋਰਨੀਆ ਦੀ ਧਰਤੀ ‘ਤੇ ਇੱਕ ਨਵਾਂ ਮੀਲ ਪੱਥਰ ਗੱਡਿਆ। ”ਆਪ” ਵਲੰਟੀਅਰ ਡਾ. ਇਕਵਿੰਦਰ ਸਿੰਘ ਗਿੱਲ (ਬੇ ਏਰੀਆ) ਅਤੇ ਗੁਰਪਾਲ ਸਿੰਘ ਯੂਬਾ ਸਿਟੀ ਦੀ ਅਗਵਾਈ ‘ਚ ਇਸ ਮਹਾਨ ਇਕੱਤਰਤਾ ਦੀ ਸ਼ੁਰੂਆਤ 3 ਨੰਬਵਰ ਦਿਨ ਵੀਰਵਾਰ ਨੂੰ ਹੋਈ ਅਤੇ 6 ਨੰਬਵਰ ਦਿਨ ਐਤਵਾਰ ਨੂੰ ਨਗਰ ਕੀਰਤਨ ਦੀ ਵਾਪਸੀ ਉਪਰੰਤ ਗੁਰਦਵਾਰਾ ਸਹਿਬ ਦੇ ਬਾਹਰ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਮਾਪਤੀ ਹੋਈ। ਪੂਰੇ ਚਾਰ ਦਿਨ ਚੱਲੇ ਇਸ ਆਮ ਆਦਮੀ ਪਾਰਟੀ ਦੇ ਬੂਥ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸੈਕਰਾਮੈਂਟੋ, ਯੂਬਾ ਸਿਟੀ, ਸਟਾਕਟਨ ਅਤੇ ਮੁਡੈਸਟੋ ਦੇ ਸਮੂਹ ਵਲੰਟੀਅਰਾਂ ਸਿਰ ਜਾਂਦਾ ਹੈ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਪੂਰੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਫਰਿਜ਼ਨੋ ਟੀਮ ਦੇ ਮੋਢੀ ਮੈਂਬਰ ਗੁਰਨੇਕ ਸਿੰਘ ਬਾਗੜੀ ਸਟਾਕਟਨ ਟੀਮ ਦੇ ਬਲ ਬਹਾਦਰ ਅਤੇ ਬੇਕਰਸਫੀਲਡ ਚੈਪਟਰ ਦੇ ਅਜੀਤ ਸਿੰਘ ਭੱਠਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਨਗਰ ਕੀਰਤਨ ਵਿਚ ਉਚੇਚੇ ਤੌਰ ‘ਤੇ ਲਾਸ ਏਂਜਲਸ ਤੋਂ ਸ਼੍ਰੀਕਾਂਤ ਅਤੇ ਸਿਆਟਲ ਤੋਂ ਰਾਜ ਤੂਰ ਨੇ ਪਹੁੰਚਕੇ ਨਵੀਂ ਰੂਹ ਫੂਕੀ। ਇਸ ਤੋਂ ਇਲਾਵਾ ਨਿਊਜਰਸੀ ਤੋਂ ਸਤਵੀਰ ਬਰਾੜ ਅਤੇ ਬਲਜਿੰਦਰ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ।