70 ਕਰੋੜ ਦੇ ਕਾਲੇ ਧਨ ਨੂੰ ਬਦਲਣ ਵਾਲਾ ਵਕੀਲ ਕਾਬੂ
ਨਵੀਂ ਦਿੱਲੀ, 29 ਦਸੰਬਰ (ਪੰਜਾਬ ਮੇਲ)- ਕਾਲੇ ਧਨ ਨੂੰ ਬਦਲਣ ਦੇ ਦੋਸ਼ਾਂ ਤਹਿਤ ਦਿੱਲੀ ਦੇ ਵਕੀਲ ਰੋਹਿਤ ਟੰਡਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕਰ ਲਿਆ ਹੈ। ਟੰਡਨ ‘ਤੇ ਫਰਜ਼ੀ ਖਾਤਿਆਂ ਰਾਹੀਂ 70 ਕਰੋੜ ਦੇ ਕਾਲੇ ਧਨ ਨੂੰ ਬਦਲਣ ਲਈ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਈ. ਡੀ. ਨੇ ਰੋਹਿਤ ਟੰਡਨ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਜਦ ਉਨ੍ਹਾਂ ਨੇ ਸਹੀ ਜਵਾਬ ਨਹੀਂ ਦਿੱਤਾ ਤਾਂ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ। ਈ. ਡੀ. ਨੂੰ ਸ਼ੱਕ ਸੀ ਕਿ ਟੰਡਨ ਦੇ ਕਈ ਨੇਤਾਵਾਂ ਤੇ ਵੱਡੇ ਲੋਕਾਂ ਨਾਲ ਸਬੰਧ ਹਨ ਤੇ ਉਹ ਮਨੀ ਲਾਂਡ੍ਰਿੰਗ ‘ਚ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਰੋਹਿਤ ਟੰਡਨ ਲਾਬਿੰਗ ਦਾ ਕੰਮ ਕਰਦਾ ਹੈ।
6 ਅਕਤੂਬਰ ਨੂੰ ਇਨਕਮ ਟੈਕਸ ਵਿਭਾਗ ਨੇ ਛਾਪੇ ਤੋਂ ਬਾਅਦ ਰੋਹਿਤ ਟੰਡਨ ਨੇ 125 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਟੰਡਨ ਦਾ ਮਾਮਲਾ ਦਿੱਲੀ ਪੁਲਿਸ ਤੇ ਇਨਕਮ ਟੈਕਸ ਵਿਭਾਗ ਵੱਲੋਂ ਇਸੇ ਮਹੀਨੇ ਕੀਤੀ ਕਾਰਵਾਈ ਨਾਲ ਸਬੰਧਤ ਹੈ। ਇਸ ਮਾਮਲੇ ‘ਚ ਏਜੰਸੀਆਂ ਨੇ ਟੰਡਨ ਨਾਲ ਜੁੜੀ ਲਾਅ ਫਰਮ ਤੋਂ 13.6 ਕਰੋੜ ਰੁਪਏ ਜ਼ਬਤ ਕੀਤੇ ਸਨ। ਗੌਰਤਲਬ ਹੈ ਕਿ ਟੰਡਨ ਦੇ ਕੋਲਕਾਤਾ ਦੇ ਕਾਰੋਬਾਰੀ ਪਾਰਸਮਲ ਲੋਡਾ ਨਾਲ ਸਬੰਧ ਹੋਣ ਦੇ ਵੀ ਦੋਸ਼ ਹਨ।