ਉੱਤਰੀ ਭਾਰਤ ’ਚ ਠੰਡ ਨੇ ਫੜਿਆ ਜੋਰ, ਪਾਰਾ ਡਿਗਿਆ
ਚੰਡੀਗੜ੍ਹ, 7 ਜਨਵਰੀ (ਪੰਜਾਬ ਮੇਲ)- ਭਾਰੀ ਮੀਂਹ ਅਤੇ ਗੜ੍ਹੇਮਾਰੀ ਤੋਂ ਬਾਅਦ ਸੀਤ ਹਵਾਵਾਂ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਜ਼ੋਰ ਫੜ ਲਿਆ ਹੈ। ਉੱਤਰੀ ਭਾਰਤ ’ਚ ਭਾਰੀ ਮੀਂਹ ਕਾਰਨ ਪਾਰਾ ਇਕ ਦਮ ਡਿੱਗ ਗਿਆ ਜਿਸ ਨਾਲ ਠੰਢ ਵਧ ਗਈ। ਉਧਰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ ’ਚ ਕਈ ਥਾਵਾਂ ’ਤੇ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਨਾਲ ਵੱਧ ਤੋਂ ਵੱਧ ਤਾਪਮਾਨ ਤੇਜ਼ੀ ਨਾਲ ਡਿੱਗ ਗਿਆ ਅਤੇ ਇਹ 13 ਤੋਂ 16 ਡਿਗਰੀ ਸੈਲਸੀਅਸ ਦਰਮਿਆਨ ਪੁੱਜ ਗਿਆ। ਚੰਡੀਗੜ੍ਹ ’ਚ ਸ਼ੁੱਕਰਵਾਰ ਸ਼ਾਮ ਸਾਢੇ 5 ਵਜੇ ਤੋਂ ਲੈ ਕੇ ਹੁਣ ਤਕ 100 ਮਿਲੀਮੀਟਰ ਮੀਂਹ ਪਿਆ। ਬਰਫ਼ੀਲੀਆਂ ਹਵਾਵਾਂ ਦੇ ਘੇਰੇ ’ਚ ਆਉਣ ਕਰ ਕੇ ਚੰਡੀਗੜ੍ਹ ਦਾ ਵੱਧ ਤੋਂ ਵੱਧ ਪਾਰਾ 8 ਡਿਗਰੀ ਡਿੱਗ ਕੇ 13 ਡਿਗਰੀ ਤਕ ਪਹੁੰਚ ਗਿਆ। ਮੀਂਹ ਅਤੇ ਠੰਢ ਕਾਰਨ ਲੋਕ ਘਰਾਂ ਅੰਦਰ ਡੱਕੇ ਗਏ।
ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨਾਲ ਲਗਦੇ ਉੱਤਰੀ ਪਾਕਿਸਤਾਨ ’ਚ ਪੱਛਮੀ ਗੜਬੜੀ ਅਤੇ ਦੱਖਣੀ ਹਰਿਆਣਾ ਤੇ ਗੁਆਂਢ ’ਚ ਉਪਰੀ ਹਵਾ ਦਾ ਦਬਾਅ ਬਣਨ ਕਰ ਕੇ ਮੀਂਹ ਪੈ ਰਹੇ ਹਨ। ਉਨ੍ਹਾਂ ਪੇਸ਼ੀਨਗੋਈ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ’ਚ ਐਤਵਾਰ ਤਕ ਕਈ ਥਾਵਾਂ ’ਤੇ ਮੀਂਹ ਪੈਣਾ ਜਾਰੀ ਰਹੇਗਾ। ਲੁਧਿਆਣਾ, ਪਟਿਆਲਾ, ਮੁਹਾਲੀ, ਬਰਨਾਲਾ, ਫ਼ਤਿਹਗੜ੍ਹ ਸਾਹਿਬ, ਗੜ੍ਹਸ਼ੰਕਰ, ਮੁਕੇਰੀਆਂ, ਮਾਨਸਾ, ਪਠਾਨਕੋਟ, ਆਨੰਦਪੁਰ ਸਾਹਿਬ, ਰੋਪੜ ਅਤੇ ਸੰਗਰੂਰ ਸਮੇਤ ਹੋਰ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਅੰਬਾਲਾ, ਪੰਚਕੂਲਾ, ਹਿਸਾਰ, ਕਰਨਾਲ, ਪਾਣੀਪਤ ਆਦਿ ਥਾਵਾਂ ’ਤੇ ਵੀ ਮੀਂਹ ਨੇ ਆਪਣਾ ਜ਼ੋਰ ਦਿਖਾਇਆ। ਉਧਰ ਚੰਡੀਗੜ੍ਹ ਆਧਾਰਿਤ ਹਿਮ ਅਤੇ ਬਰਫ਼ੀਲੇ ਤੂਫ਼ਾਨ ਸਬੰਧੀ ਸਰਵੇਖਣ ਵਾਲੇ ਸੰਸਥਾਨ ਨੇ ਐਤਵਾਰ ਸ਼ਾਮ 5 ਵਜੇ ਤਕ ਜੰਮੂ-ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ, ਬਾਂਦੀਪੋਰਾ, ਕਿਸ਼ਤਵਾੜ, ਰਾਜੌਰੀ, ਡੋਡਾ, ਪੁਣਛ ਅਤੇ ਰਿਆਸੀ ਜ਼ਿਲ੍ਹਿਆਂ ’ਚ ਦਰਮਿਆਨੇ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਦਿੱਤੀ ਹੈ। ਇਸ ਵਕਫ਼ੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਚੰਬਾ, ਕਿਨੌਰ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ’ਚ ਤੂਫ਼ਾਨ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਰਫ਼ੀਲੇ ਤੂਫ਼ਾਨ ਵਾਲੇ ਇਲਾਕਿਆਂ ’ਚ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਜੰਮੂ-ਕਸ਼ਮੀਰ ਦੇ ਬਨੀਹਾਲ (26 ਸੈਂਟੀਮੀਟਰ), ਗੁਲਮਰਗ (82), ਦਰਾਸ (8) ਅਤੇ ਹਿਮਾਚਲ ਪ੍ਰਦੇਸ਼ ਦੇ ਬਹਾਂਗ (44), ਸੋਲਾਂਗ ਨਾਲਾ (61) ਅਤੇ ਢੂੰਡੀ (97 ਸੈਂਟੀਮੀਟਰ) ’ਚ ਬਰਫ਼ਬਾਰੀ ਹੋਈ ਹੈ।
ਂਜ ਸ਼ਿਮਲਾ ਅਤੇ ਕਿਨੌਰ ’ਚ ਵੀ ਬਰਫ਼ਬਾਰੀ ਹੋਈ ਹੈ। ਹਿਮਾਚਲ ਪ੍ਰਦੇਸ਼ ’ਚ ਬਰਫ਼ ਪੈਣ ਕਰ ਕੇ ਆਵਾਜਾਈ, ਸੰਚਾਰ ਅਤੇ ਬਿਜਲੀ ਤੇ ਪਾਣੀ ਸੇਵਾਵਾਂ ’ਤੇ ਅਸਰ ਪਿਆ। ਕਈ ਸੈਲਾਨੀ ਰਾਹ ’ਚ ਹੀ ਫਸ ਗਏ ਹਨ। ਕੁਫਰੀ, ਫਾਗੂ ਅਤੇ ਨਾਰਕੰਡਾ ’ਚ 45 ਤੋਂ 55 ਸੈਂਟੀਮੀਟਰ ਤਕ ਬਰਫ਼ ਪਈ ਹੈ। ਸੜਕ ਤਿਲਕਵੀਂ ਹੋਣ ਕਰ ਕੇ ਕੁੱਲੂ-ਮਨਾਲੀ ਸੜਕ ਬੰਦ ਕਰ ਦਿੱਤੀ ਗਈ ਜਿਸ ਕਾਰਨ 30 ਬੱਸਾਂ ਵੀ ਜਾਮ ’ਚ ਫਸ ਗਈਆਂ।