ਅਕਾਲੀ ਦਲ ਦੇ ਕਾਫ਼ਲੇ ’ਤੇ ਪਥਰਾਅ, ਵਾਲ ਵਾਲ ਬਚੇ ਛੋਟੇ ਬਾਦਲ
ਚੰਡੀਗੜ੍ਹ/ਜਲਾਲਾਬਾਦ, 8 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੇ ਕਾਫ਼ਲੇ ’ਤੇ ਜਲਾਲਾਬਾਦ ਹਲਕੇ ਦੇ ਪਿੰਡ ਕੰਧਵਾਲਾ ਹਾਜ਼ਿਰ ਖ਼ਾਨ ਨੇੜੇ ਅੱਜ ਦੇਰ ਸ਼ਾਮ ਨੂੰ ਪਥਰਾਅ ਹੋਇਆ ਜਿਸ ’ਚ ਅਕਾਲੀਆਂ ਦੇ ਚਾਰ ਹਮਾਇਤੀ ਜ਼ਖ਼ਮੀ ਹੋ ਗਏ ਅਤੇ ਪੁਲੀਸ ਜਿਪਸੀ ਨੁਕਸਾਨੀ ਗਈ। ਸੁਖਬੀਰ ਬਾਦਲ ਵਾਲ ਵਾਲ ਬਚ ਗਏ।
ਐਸਪੀ (ਵਿਸ਼ੇਸ਼ ਸ਼ਾਖਾ) ਅਮਰਜੀਤ ਸਿੰਘ ਮੋਤਵਾਨੀ ਦੇ ਸਰਕਾਰੀ ਵਾਹਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਗ੍ਰਹਿ ਸਕੱਤਰ ਕੇ ਬੀ ਐਸ ਸਿੱਧੂ ਨੇ ਘਟਨਾ ਦੀ ਰਿਪੋਰਟ ਮੰਗ ਲਈ ਹੈ। ਇਸ ਘਟਨਾ ਨੇ ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ੍ਰੀ ਸਿੱਧੂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਚੋਣ ਅਮਲ ਦੌਰਾਨ ਕਿਸੇ ਨੂੰ ਵੀ ਅਮਨ ਕਾਨੂੰਨ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਫਾਜ਼ਿਲਕਾ ਦੇ ਐਸਐਸਪੀ ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਜਿਵੇਂ ਹੀ ਸੁਖਬੀਰ ਨੇ ਆਪਣਾ ਭਾਸ਼ਣ ਮੁਕੰਮਲ ਕੀਤਾ ਤਾਂ ਕੁਝ ਵਿਅਕਤੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਸਮਾਂ ਨਾ ਹੋਣ ਕਰ ਕੇ ਉਹ ਮਿਲ ਨਹੀਂ ਸਕੇ।
ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਨੇ ਕਾਫ਼ਲੇ ’ਤੇ ਪਥਰਾਅ ਕਰ ਦਿੱਤਾ ਪਰ ਪੁਲੀਸ ਨੇ ਹਾਲਾਤ ਕਾਬੂ ਹੇਠ ਕਰ ਲਏ। ਪਥਰਾਅ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਪੱਥਰਾਓ ’ਚ ਮਾਮੂਖੇੜਾ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਪਰਮਿੰਦਰ ਸਿੰਘ, ਜਿਨ੍ਹਾਂ ਦੇ ਕੁਝ ਦੰਦ ਟੁੱਟੇ ਹਨ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਜ਼ਖਮੀ ਹੋਏ ਹਨ।
ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਚਰਨ ਸਿੰਘ ਨੇ ਕਿਹਾ ਕਿ ਕੁਝ ਨਰਾਜ਼ ਨੌਜਵਾਨ ਸੁਖਬੀਰ ਬਾਦਲ ਨਾਲ ਮਿਲਣਾ ਚਾਹੁੰਦੇ ਸਨ ਪਰ ਜਦੋਂ ਉਹ ਮੌਕੇ ਤੋਂ ਚਲੇ ਗਏ ਤਾਂ ਇਨ੍ਹਾਂ ਨੌਜਵਾਨਾਂ ਨੇ ਪੱਥਰ ਚੁੱਕ ਕੇ ਕਾਫ਼ਲੇ ’ਤੇ ਸੁੱਟੇ। ਅਰਨੀਆਵਾਲਾ ਬਲਾਕ ਸੰਮਤੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਨੇ ਹਮਲੇ ਪਿੱਛੇ ‘ਆਪ’ ਵਰਕਰਾਂ ਦਾ ਹੱਥ ਦੱਸਿਆ ਹੈ। ਉਸ ਨੇ ਕਿਹਾ ਕਿ ‘ਆਪ’ ਵਰਕਰਾਂ ਨੇ ਪਹਿਲਾਂ ਹੀ ਪੱਥਰਾਓ ਦੀ ਯੋਜਨਾ ਬਣਾਈ ਹੋਈ ਸੀ।