ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਮੁਲਾਇਮ ਦੀ ਸਾਈਕਲ ‘ਤੇ ਅਖਿਲੇਸ਼ ਦਾ ਕਬਜਾ
ਮੁਲਾਇਮ ਦੀ ਸਾਈਕਲ ‘ਤੇ ਅਖਿਲੇਸ਼ ਦਾ ਕਬਜਾ
Page Visitors: 2632

ਮੁਲਾਇਮ ਦੀ ਸਾਈਕਲ ‘ਤੇ ਅਖਿਲੇਸ਼ ਦਾ ਕਬਜਾ

Posted On 16 Jan 2017
akhilesh 1

ਲਖਨਊ, 16 ਜਨਵਰੀ (ਪੰਜਾਬ ਮੇਲ)- ਉਤਰ ਪ੍ਰਦੇਸ਼ ਵਿੱਚ ਹਾਕਮ ਸਮਾਜਵਾਦੀ ਪਾਰਟੀ ਦੇ ਦੋ ਧੜਿਆਂ ਦੀ ਲੜਾਈ ਦੌਰਾਨ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਧੜੇ ਨੂੰ ਅੱਜ ਉਦੋਂ ਹੁਲਾਰਾ ਮਿਲਿਆ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਧੜੇ ਨੂੰ ‘ਅਸਲੀ ਸਮਾਜਵਾਦੀ ਪਾਰਟੀ’ ਕਰਾਰ ਦਿੰਦਿਆਂ ਪਾਰਟੀ ਦਾ ਚੋਣ ਨਿਸ਼ਾਨ ‘ਸਾਈਕਲ’ ਉਨ੍ਹਾਂ ਨੂੰ ਸੌਂਪ ਦਿੱਤਾ। ਦੂਜੇ ਪਾਸੇ ਉਨ੍ਹਾਂ ਦੇ ਪਿਤਾ ਤੇ ਦੂਜੇ ਧੜੇ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਐਲਾਨ ਕੀਤਾ ਕਿ ਜੇ ਅਖਿਲੇਸ਼ ਮੁਸਲਮਾਨਾਂ ਪ੍ਰਤੀ ਆਪਣਾ ‘ਨਾਂਹਪੱਖੀ ਰਵੱਈਆ’ ਨਹੀਂ ਬਦਲਦੇ ਤਾਂ ਉਹ ਉਨ੍ਹਾਂ (ਅਖਿਲੇਸ਼) ਖ਼ਿਲਾਫ਼ ਚੋਣ ਲੜਨਗੇ।
ਚੋਣ ਕਮਿਸ਼ਨ ਦੇ ਫ਼ੈਸਲੇ ਸਦਕਾ ਹੁਣ ਅਖਿਲੇਸ਼ ਦਾ ਧੜਾ ਸਾਈਕਲ ਚੋਣ ਨਿਸ਼ਾਨ ’ਤੇ ਯੂਪੀ ਵਿਧਾਨ ਸਭਾ ਚੋਣਾਂ ਲੜ ਸਕੇਗਾ। ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਦੀ ਅਗਵਾਈ ਵਾਲੇ ਤਿੰਨ-ਮੈਂਬਰੀ ਚੋਣ ਕਮਿਸ਼ਨ ਨੇ ਕਿਹਾ ਕਿ ਅਖਿਲੇਸ਼ ਦੀ ਅਗਵਾਈ ਵਾਲਾ ਗਰੁੱਪ ਹੀ ਪਾਰਟੀ ਦਾ ਚੋਣ ਨਿਸ਼ਾਨ ‘ਸਾਈਕਲ’ ਵਰਤਣ ਦਾ ਹੱਕਦਾਰ ਹੈ। ਕਮਿਸ਼ਨ ਨੇ ਇਹ ਫ਼ੈਸਲਾ ਯੂਪੀ ਦੀਆਂ ਸੱਤ ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਗੇੜ ਲਈ ਨਾਮਜ਼ਦਗੀਆਂ ਦੇ ਅਮਲ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਸੁਣਾਇਆ ਹੈ। ਅਖਿਲੇਸ਼ ਦੇ ਚਾਚਾ ਰਾਮਗੋਪਾਲ ਯਾਦਵ ਨੇ ਇਸ ਨੂੰ ਚੋਣ ਕਮਿਸ਼ਨ ਦਾ ਸਹੀ ਫ਼ੈਸਲਾ ਕਰਾਰ ਦਿੱਤਾ। ਇਹ ਖ਼ਬਰ ਮਿਲਦਿਆਂ ਹੀ ਅਖਿਲੇਸ਼ ਆਪਣੇ ਪਿਤਾ ਦਾ ਆਸ਼ੀਰਵਾਦ ਲੈਣ ਉਨ੍ਹਾਂ ਨੂੰ ਮਿਲਣ ਚਲੇ ਗਏ। ਕਾਂਗਰਸ ਦੇ ਤਰਜਮਾਨ ਆਰ.ਪੀ.ਐਨ. ਸਿੰਘ ਨੇ ਵੀ ਚੋਣ ਕਮਿਸ਼ਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।
ਇਸ ਤੋਂ ਪਹਿਲਾਂ ਇਥੇ ਪਾਰਟੀ ਹੈੱਡਕੁਆਰਟਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਵੱਡੇ ਯਾਦਵ ਨੇ ਅਖਿਲੇਸ਼ ’ਤੇ ਮੁਸਲਮਾਨਾਂ ਖ਼ਿਲਾਫ਼ ਚੱਲਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਜਦੋਂ ਮੈਂ ਯੂਪੀ ਦਾ ਪੁਲੀਸ ਮੁਖੀ ਇਕ ਮੁਸਲਮਾਨ ਨੂੰ ਲਗਵਾਇਆ ਤਾਂ ਅਖਿਲੇਸ਼ 15 ਦਿਨ ਮੇਰੇ ਨਾਲ ਨਹੀਂ ਬੋਲਿਆ ਕਿਉਂਕਿ ਉਹ ਅਜਿਹਾ ਨਹੀਂ ਸੀ ਚਾਹੁੰਦਾ।’’ ਉਨ੍ਹਾਂ ਕਿਹਾ ਕਿ ਜੇ ਅਖਿਲੇਸ਼ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਉਹ ਉਸ ਖ਼ਿਲਾਫ਼ ਚੋਣ ਲੜਨਗੇ ਤੇ ਚੋਣ ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਅਦਾਲਤ ਦਾ ਬੂਹਾ ਖੜਕਾਉਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.