ਕਾਂਗਰਸ ‘ਚ ਵਧੀ ਮੁੱਖ ਮੰਤਰੀ ਦੀ ਕੁਰਸੀ ਲਈ ਲੜਾਈ
ਅੰਮ੍ਰਿਤਸਰ ਚ ਲੱਗੇ ਪੋਸਟਰਾਂ ‘ਤੇ ਦੱਸਿਆ ਜਾ ਰਿਹਾ ਸਿੱਧੂ ਨੂੰ ਸੀਐਮ
ਅੰਮ੍ਰਿਤਸਰ, 23 ਜਨਵਰੀ (ਪੰਜਾਬ ਮੇਲ)-ਪੰਜਾਬ ਵਿੱਚ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜ ਰਹੀ ਹੈ। ਪਾਰਟੀ ਨੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਭਾਵੇਂ ਨਹੀਂ ਕੀਤਾ ਪਰ ਕੈਪਟਨ ਅਮਰਿੰਦਰ ਖ਼ੁਦ ਨੂੰ ਮੁੱਖ ਮੰਤਰੀ ਤੋਂ ਘੱਟ ਨਹੀਂ ਸਮਝ ਰਹੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੀ ਪਿੱਚ ਉੱਤੇ ਆ ਜਾਣ ਕਾਰਨ ਕੈਪਟਨ ਅਮਰਿੰਦਰ ਦੀਆਂ ਦਿੱਕਤਾਂ ਜ਼ਰੂਰ ਵਧ ਗਈਆਂ ਹਨ। ਖਾਸ ਤੌਰ ਉਤੇ ਅੰਮ੍ਰਿਤਸਰ ਵਿੱਚ ਲੱਗੇ ਪੋਸਟਰਾਂ ਨੇ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਹੋਰ ਵਧਾ ਦਿੱਤੀ ਹੈ।
ਸ਼ਹਿਰ ਦੀਆਂ ਕਈ ਦੀਵਾਰਾਂ ਉੱਤੇ ਕਾਂਗਰਸ ਵੱਲੋਂ ਜੋ ਪੋਸਟਰ ਲਾਏ ਗਏ ਹਨ, ਉਨ੍ਹਾਂ ਵਿੱਚ ਲਿਖਿਆ ਗਿਆ ਹੈ ਕਿ ਕਾਂਗਰਸ ਨੂੰ ਵੋਟ ਪਾਓ ਤਾਂ ਜੋ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਬਣ ਸਕੇ। ਇਸ ਪੋਸਟਰ ਵਿੱਚ ਦੋ ਤਸਵੀਰਾਂ ਲੱਗੀਆਂ ਹੋਈਆਂ, ਇੱਕ ਨਵਜੋਤ ਸਿੰਘ ਸਿੱਧੂ ਦੀ ਤੇ ਦੂਜੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ।
ਇਸ ਪੋਸਟਰ ਨਾਲ ਜਿੱਥੇ ਰਾਜਨੀਤਕ ਹਲਕਿਆਂ ਵਿੱਚ ਚਰਚਾ ਹੈ ਉੱਥੇ ਹੀ ਕਾਂਗਰਸ ਦੇ ਅੰਦਰੂਨੀ ਖ਼ੇਮੇ ਵਿੱਚ ਵੀ ਖਲਬਲੀ ਮਚੀ ਹੋਈ ਹੈ। ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜੇਗੀ ਪਰ ਇਸ ਪੋਸਟਰ ਨੇ ਕਾਂਗਰਸ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਬੀਜੇਪੀ ਤੋਂ ਕਾਂਗਰਸ ਵਿੱਚ ਆਏ ਸਿੱਧੂ ਤੇ ਅਮਰਿੰਦਰ ਸਿੰਘ ਦੇ ਵਿਚਕਾਰ ਆਪਸੀ ਰਿਸ਼ਤੇ ਠੀਕ ਨਹੀਂ। ਹਾਂ ਲੋਕ ਦਿਖਾਵੇ ਲਈ ਸਿੱਧੂ ਕੈਪਟਨ ਨੂੰ ਆਪਣੇ ਬਾਪ ਸਮਾਨ ਦੱਸ ਕੇ ਉਨ੍ਹਾਂ ਦੇ ਪੈਰੀਂ ਹੱਥ ਲਾ ਰਹੇ ਹਨ। ਪਰ ਦੋਵੇਂ ਅੰਦਰੋਂ-ਅੰਦਰੀ ਇੱਕ-ਦੂਜੇ ਖ਼ਿਲਾਫ਼ ਰਣਨੀਤੀ ਉਲੀਕ ਰਹੇ ਹਨ।
ਦੋਵਾਂ ਆਗੂਆਂ ਵਿਚਾਲੇ ਛਿੜੀ ਮੁੱਖ ਮੰਤਰੀ ਦੀ ਕੁਰਸੀ ਦੀ ਜੰਗ ਉੱਤੇ ਆਮ ਆਦਮੀ ਪਾਰਟੀ ਸ਼ਬਦੀ ਕਾਟਸ ਕਰ ਰਹੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਆਖਿਆ ਹੈ ਕਿ ਚੋਣਾਂ ਦੇ ਕੁੱਝ ਹੀ ਦਿਨ ਬਾਕੀ ਬਚੇ ਹਨ ਪਰ ਕਾਂਗਰਸ ਵਿੱਚ ਕੈਪਟਨ ਤੇ ਸਿੱਧੂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।