ਹਵਾਰਾ, ਗ੍ਰੰਥੀ ਕਤਲ ਮਾਮਲੇ ‘ਚੋਂ ਬਰੀ
ਰੂਪਨਗਰ, 23 ਜਨਵਰੀ (ਪੰਜਾਬ ਮੇਲ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਸੁਨੀਤਾ ਕੁਮਾਰੀ ਦੀ ਅਦਾਲਤ ਨੇ ਅੱਜ ਜਗਤਾਰ ਸਿੰਘ ਹਵਾਰਾ ਨੂੰ 29 ਸਾਲ ਪਹਿਲਾਂ ਹੋਏ ਇੱਕ ਕਤਲ ਦੇ ਮੁਕੱਦਮੇ ‘ਚੋਂ ਬਰੀ ਕਰ ਦਿੱਤਾ। ਇਸ ਮਾਮਲੇ ‘ਚ 14 ਅਗਸਤ 1988 ਨੂੰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਦੇ ਇੱਕ ਗ੍ਰੰਥੀ ਗੁਰਦਿਆਲ ਸਿੰਘ ਦਾ ਕਤਲ ਹੋ ਗਿਆ ਸੀ ਜਿਸ ਲਈ ਅਣਪਛਾਤੇ ਵਿਅਕਤੀਆਂ ‘ਤੇ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਮਾਮਲੇ ‘ਚ ਪੁਲਿਸ ਨੇ ਜਸਵੰਤ ਸਿੰਘ ਅਤੇ ਭੁਪਿੰਦਰ ਸਿੰਘ ਸਮੇਤ ਜਗਤਾਰ ਸਿੰਘ ਹਵਾਰਾ ਨੂੰ ਇਸ ਕੇਸ ਵਿਚ ਸ਼ਾਮਿਲ ਕਰ ਲਿਆ।
ਮੁਕੱਦਮੇ ਦੇ ਚਲਦਿਆਂ ਜਸਵੰਤ ਸਿੰਘ ਅਤੇ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਜਗਤਾਰ ਸਿੰਘ ਹਵਾਰਾ ‘ਤੇ ਇਹ ਮੁਕੱਦਮਾ ਅਦਾਲਤ ‘ਚ ਚੱਲਦਾ ਸੀ। ਹਵਾਰਾ ਤੇ ਤਿਹਾੜ ਜੇਲ੍ਹ ਦਿੱਲੀ ਤੋਂ ਵੀਡੀਓ ਕਾਨਫਰੰਸ ਰਾਹੀਂ ਚਲਾਏ ਮੁਕੱਦਮੇ ‘ਤੇ ਅੱਜ ਜੱਜ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਦਿਆਂ ਜਗਤਾਰ ਸਿੰਘ ਹਵਾਰਾ ਨੂੰ ਕਤਲ ਕੇਸ ‘ਚੋਂ ਬਰੀ ਕਰ ਦਿੱਤਾ। ਅੱਜ ਵੀ ਅਦਾਲਤ ਦੀ ਕਾਰਵਾਈ ਵੀਡੀਓ ਕਾਨਫਰੰਸ ਜ਼ਰੀਏ ਮੁਕੰਮਲ ਹੋਈ।