ਕੰਧ ਮਾਮਲਾ – ਨਾਰਾਜ਼ ਮੈਕਸਿਕੋ ਦੇ ਰਾਸ਼ਟਰਪਤੀ ਨੇ ਅਮਰੀਕਾ ਦੌਰਾ ਕੀਤਾ ਰੱਦ
ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)- ਮੈਕਸਿਕੋ ਦੇ ਰਾਸ਼ਟਰਪਤੀ ਐਨਰਿਕ ਨੇ ਅਮਰੀਕਾ ਦਾ ਅਪਣਾ ਦੌਰਾ ਰੱਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਕ ਟਵੀਟ ਤੋਂ ਬੇਹੱਦ ਖਫ਼ਾ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਹੈ। ਦਰਅਸਲ, ਟਰੰਪ ਨੇ ਟਵੀਟ ਵਿਚ ਲਿਖਿਆ ਸੀ ਕਿ ਜੇਕਰ ਮੈਕਸਿਕੋ ਦੋਵੇਂ ਦੇਸ਼ਾਂ ਦੀ ਸਰਹੱਦ ‘ਤੇ ਕੰਧ ਦੇ ਨਿਰਮਾਣ ਦੇ ਲਈ ਪੈਸੇ ਦੇਣਾ ਨਹੀਂ ਚਾਹੁੰਦਾ ਤਾਂ ਉਨ੍ਹਾਂ ਵਾਸ਼ਿੰਗਟਨ ਦੀ ਅਪਣੀ ਯਾਤਰਾ ਰੱਦ ਕਰ ਦੇਣੀ ਚਾਹੀਦੀ। ਇਸ ਤੋ ਬਾਅਦ ਐਨਰਿਕ ਨੇ ਟਵੀਟ ਕੀਤਾ : ਅਸੀਂ ਵਾਈਟ ਹਾਊਸ ਨੂੰ ਸੂਚਿਤ ਕਰ ਦਿੱਤਾ ਕਿ ਮੈਂ ਅਗਲੇ ਮੰਗਲਵਾਰ ਨੂੰ ਵਾਸ਼ਿੰਗਟਨ ਵਿਚ ਟਰੰਪ ਦੇ ਨਾਲ ਬੈਠਕ ਵਿਚ ਸ਼ਾਮਲ ਨਹੀਂ ਹੋਵਾਂਗਾ। ਨੀਟੋ ਦੇ ਫ਼ੈਸਲੇ ਤੋਂ ਕੁਝ ਹੀ ਘੰਟੇ ਪਹਿਲਾਂ ਟਰੰਪ ਨੇ ਟਵੀਟ ਕੀਤਾ ਸੀ ਕਿ ਜੇਕਰ ਮੈਕਸਿਕੋ ਇਸ ਬੇਹੰਦ ਜ਼ਰੂਰੀ ਕੰਧ ਦੇ ਨਿਰਮਾਣ ਦੇ ਲਈ ਪੈਸੇ ਨਹੀਂ ਦੇਣਾ ਚਾਹੁੰਦਾ ਤਾਂ ਚੰਗਾ ਹੋਵੇਗਾ ਕਿ ਅਗਾਮੀ ਬੈਠਕ ਰੱਦ ਕਰ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸਿਕੋ ਅਤੇ ਅਮਰੀਕਾ ਦੀ ਸਰਹੱਦ ‘ਤੇ ਕੰਧ ਬਣਾਉਣ ਦੇ ਕਾਰਜਕਾਰੀ ਹੁਕਮ ‘ਤੇ ਦਸਤਖਤ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੁਰੰਤ ਇਸ ਯੋਜਨਾ ‘ਤੇ ਅਮਲ ਸ਼ੁਰੂ ਕਰ ਦੇਵੇਗੀ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਬੈਰੀਅਰ ਬਣਾਉਣ ਅਤੇ ਨਾਜਾਇਜ਼ ਪਰਵਾਸੀਆਂ ਅਤੇ ਨਸ਼ੀਲੀਆਂ ਦਵਾਈਆਂ ਦੇ ਤਸਕਰਾਂ ਨੂੰ ਰੋਕਿਆ ਜਾ ਸਕੇਗਾ। ਰਾਸ਼ਟਰਪਤੀ ਟਰੰਪ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਮੈਕਸਿਕੋ ਨੂੰ ਕੰਧ ਬਣਾਉਣ ਦਾ ਸੌ ਫ਼ੀਸਦੀ ਖ਼ਰਚਾ ਮੋੜਨਾ ਹੋਵੇਗਾ। ਹਾਲਾਂਕਿ ਮੈਕਸਿਕੋ ਸਰਕਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਰਬਾਂ ਡਾਲਰਾਂ ਦੇ ਖ਼ਰਚ ਵਾਲੇ ਇਸ ਕੰਮ ਦੇ ਲਈ ਟਰੰਪ ਨੂੰ ਸੰਸਦ ਦੀ ਮਨਜ਼ੂਰੀ ਵੀ ਲੈਣੀ ਹੋਵੇਗੀ।