45 ਉਮੀਦਵਾਰ ਪਹੁੰਚੇ ਡੇਰਾ ਸੱਚਾ ਸੌਦਾ
ਸਿਰਸਾਫਾਜ਼ਿਲਕਾ, 28 ਜਨਵਰੀ (ਪੰਜਾਬ ਮੇਲ)- ਪੰਜਾਬ ਦੀ ਸਰਹੱਦ ਨਾਲ ਲੱਗਦੇ ਸਿਰਸਾ ਵਿਚ ਡੇਰਾ ਸੱਚਾ ਸੌਦਾ ਸਿੱਧੇ ਤੌਰ ‘ਤੇ ਸਿਆਸਤ ‘ਚ ਦਖਲ ਰੱਖਦਾ ਹੈ। ਇਹ ਦਖਲ ਪੰਜਾਬ ਦੀਆਂ 2007 ਵਿਚ ਹੋਈਆਂ ਚੋਣਾਂ ਤੋਂ ਸ਼ੁਰੂ ਹੋਇਆ ਸੀ। ਅਜਿਹੇ ਵਿਚ ਡੇਰੇ ਦਾ ਸਮਰਥਨ ਹਾਸਲ ਕਰਨ ਲਈ ਪੰਜਾਬ ਦੇ ਸਿਆਸੀ ਲੀਡਰਾਂ ਦਾ ਸਿਰਸਾ ਵਿਚ ਆਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ।
ਸ਼ੁੱਕਰਵਾਰ ਨੂੰ ਪੰਜਾਬ ਦੇ ਕਰੀਬ 45 ਸਿਆਸੀ ਲੀਡਰ ਡੇਰਾ ਮੁਖੀ ਨੂੰ ਮਿਲਣ ਸਿਰਸਾ ਪਹੁੰਚੇ। ਇਨ੍ਹਾਂ ਵਿਚ ਕਾਂਗਰਸ ਦੇ ਕਰੀਬ 21, ਅਕਾਲੀ ਦਲ ਦੇ ਕਰੀਬ 18 ਅਤੇ ਭਾਜਪਾ ਦੇ 2 ਉਮੀਦਵਾਰਾਂ ਸਣੇ 2 ਆਜ਼ਾਦ ਉਮੀਦਵਾਰਾਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਖਾਸ ਗੱਲ ਇਹ ਹੈ ਕਿ ਅਕਸਰ ਡੇਰਾਵਾਦ ਦੀ ਸਿਆਸਤ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਗੁਰੂ ਹਰਸਹਾਏ ਵਿਧਾਨ ਸਭਾ ਖੇਤਰ ਤੋਂ ਮਲਕੀਤ ਸਿੰਘ ਅਤੇ ਫਿਰੋਜ਼ਪੁਰ ਤੋਂ ਨਰਿੰਦਰ ਸੰਧਾ ਵੀ ਡੇਰੇ ਪਹੁੰਚੇ। ਕੁਲ ਮਿਲਾ ਕੇ ਡੇਰਾ ਮੁਖੀ ਨਾਲ 55 ਤੋਂ ਜ਼ਿਆਦਾ ਉਮੀਦਵਾਰ ਮੁਲਾਕਾਤ ਕਰ ਚੁੱਕੇ ਹਨ।
ਦਰਅਸਲ ਡੇਰਾਵਾਦ ਨਾਲ ਘਿਰੀ ਰਹਿਣ ਵਾਲੀ ਪੰਜਾਬ ਦੀ ਸਿਆਸਤ ‘ਚ ਡੇਰਾ ਸੱਚਾ ਸੌਦਾ ਦੀ ਅਹਿਮ ਭੂਮਿਕਾ ਹੈ। ਚੋਣਾਂ ਕੋਈ ਵੀ ਹੋਣ ਸਿਰਸਾ ਦੇ ਡੇਰਾ ਸੱਚਾ ਸੌਦਾ ਵਿਚ ਪੰਜਾਬ ਦੇ ਸਿਆਸੀ ਲੀਡਰਾਂ ਦਾ ਜਮਾਵੜਾ ਲੱਗਾ ਰਹਿੰਦਾ ਹੈ। ਸ਼ੁੱਕਰਵਾਰ ਨੂੰ ਮੁੱਖ ਤੌਰ ‘ਤੇ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਲਈ ਪੰਜਾਬ ਦੇ 45 ਲੀਡਰ ਸਿਰਸਾ ਪਹੁੰਚੇ। ਦੁਪਹਿਰ ਕਰੀਬ 2 ਵਜੇ ਇਨ੍ਹਾਂ ਨੇ ਡੇਰੇ ਦੇ ਸੱਚਖੰਡ ਹਾਲ ਵਿਚ ਐਂਟਰੀ ਕੀਤੀ। ਸਭ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਅੰਦਰ ਪਹੁੰਚੇ। ਇਸ ਤੋਂ ਬਾਅਦ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ। ਕਰੀਬ ਡੇਢ ਘੰਟੇ ਬਾਅਦ ਸਾਰੇ ਉਮੀਦਵਾਰ ਬਾਹਰ ਆ ਗਏ। ਅਕਾਲੀ ਦਲ ਦੇ ਉਮੀਦਵਾਰ ਜ਼ਿਆਦਾਤਰ ਮੀਡੀਆ ਤੋਂ ਬਚਦੇ ਨਜ਼ਰ ਆਏ।
ਇਨ੍ਹਾਂ ਕੀਤੀ ਡੇਰਾ ਮੁਖੀ ਨਾਲ ਮੁਲਾਕਾਤ
ਕਾਂਗਰਸ : ਲਹਿਰਾਗਾਗਾ ਤੋਂ ਉਮੀਦਵਾਰ ਰਾਜਿੰਦਰ ਕੌਰ ਭੱਠਲ, ਗਿੱਦੜਬਾਹਾ ਤੋਂ ਰਾਜਾ ਵੜਿੰਗ, ਸਰਦੂਲਗੜ੍ਹ ਤੋਂ ਅਜੀਤ ਇੰਦਰ ਸਿੰਘ ਮੋਫਰ, ਸੰਗਰੂਰ ਤੋਂ ਵਿਜੇਇੰਦਰ ਸਿੰਗਲਾ, ਬਰਨਾਲਾ ਤੋਂ ਕੇਵਲ ਢਿੱਲੋਂ, ਅਮਲੋਹ ਤੋਂ ਰਣਦੀਪ ਸਿੰਘ, ਮਲੋਟ ਤੋਂ ਅਜਾਇਬ ਸਿੰਘ, ਬਾਘਾਪੁਰਾਣਾ ਤੋਂ ਦਰਸ਼ਨ ਸਿੰਘ, ਫਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ, ਧਰਮਕੋਟ ਤੋਂ ਸਾਧੂ ਸਿੰਘ, ਸ਼੍ਰੀ ਮੁਕਤਸਰ ਸਾਹਿਬ ਤੋਂ ਕਰਨ ਕੌਰ ਬਰਾੜ, ਤਲਵੰਡੀ ਸਾਬੋ ਤੋਂ ਖੁਸ਼ਬਾਜ ਜਟਾਣਾ, ਸਨੌਰ ਤੋਂ ਮਦਨ ਲਾਲ ਅੱਜ ਡੇਰੇ ਵਿਚ ਸਮਰਥਨ ਲਈ ਪੁੱਜੇ।
ਸ਼੍ਰੋਅਦ-ਭਾਜਪਾ ਗੱਠਜੋੜ :
ਫਾਜ਼ਿਲਕਾ ਤੋਂ ਉਮੀਦਵਾਰ ਸੁਰਜੀਤ ਜਿਆਣੀ, ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਮੌੜ ਮੰਡੀ ਤੋਂ ਜਨਮੇਜਾ ਸਿੰਘ ਸੇਖੋਂ, ਗਿੱਦੜਬਾਹਾ ਤੋਂ ਡਿੰਪੀ ਢਿੱਲੋਂ, ਸਰਦੂਲਗੜ੍ਹ ਤੋਂ ਦਿਲਰਾਜ ਸਿੰਘ ਭੂੰਦੜ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ, ਭੁੱਚੋ ਤੋਂ ਹਰਪ੍ਰੀਤ ਸਿੰਘ, ਲੁਧਿਆਣਾ ਪੱਛਮੀ ਤੋਂ ਕਮਲ ਚੇਤਲੀ, ਸ਼ੁਤਰਾਣਾ ਤੋਂ ਮਨਿੰਦਰ ਕੌਰ ਵੀ ਡੇਰੇ ਵਿਚ ਪਹੁੰਚੇ।
.........................................
ਟਿੱਪਣੀ:-ਇਹ ਲੀਡਰ, ਜੋ ਪੰਜਾਬ ਦਿਆਂ ਵੋਟਰਾਂ ਨੂੰ ਡੇਰੇ ਵਾਲਿਆਂ ਦਾ ਜ਼ਰ-ਖਰੀਦ ਗੁਲਾਮ ਸਮਝਦੇ ਹਨ, ਉਹ ਸਰਕਾਰ ਵਿਚ ਆ ਕੇ, ਪੰਜਾਬ ਦੀ ਜੰਤਾ ਦਾ ਭਲਾ ਕਰਨਗੇ, ਜਾਂ ਡੇਰੇ ਵਾਲਿਆਂ ਦਾ ? ਪੰਜਾਬ ਦੇ ਵੋਟਰਾਂ ਲਈ ਸੋਚਣ ਦੀ ਗੱਲ ਹੈ। ਖਾਸ ਕਰ ਆਮ ਆਦਮੀ ਪਾਰਟੀ ਦੇ ਸਰਕਰਦਾ ਲੀਡਰਾਂ ਨੂੰ ਆਪਣੇ ਉਨ੍ਹਾਂ ਉਮੀਦਵਾਰਾਂ ਬਾਰੇ ਸੋਚਣਾ ਬਣਦਾ ਹੈ. ਜੋ ਸਰਸਾ ਡੇਰੇ ਦੀ ਹਾਜ਼ਰੀ ਭਰਨ ਗਏ ਸਨ, ਉਨ੍ਹਾਂ ਦੇ ਨਾਮ ਛੇਤੀ ਤੋਂ ਛੇਤੀ ਵਾਪਸ ਲੈਣੇ ਬਣਦੇ ਹਨ, ਨਹੀਂ ਤਾਂ ਇਹ ਡੇਰੇ ਵਾਲਿਆਂ ਦੀਆਂ ਭੇਡਾਂ ਤੁਹਾਡਾ ਨਾਮ ਵੀ ਬਦਨਾਮ ਕਰਨਗੇ ਅਤੇ ਤੁਹਾਡੀ ਹਾਰ ਦਾ ਕਾਰਨ ਵੀ ਬਣਨਗੇ । ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਇਹ ਧਾਰਮਿਕ ਭਾਵਨਾਵਾਂ ਦੀ ਵਰਤੋਂ, ਸਰਾਸਰ ਤੁਹਾਡੇ ਜ਼ਾਬਤੇ ਦੀ ਉਲੰਘਣਾ ਹੈ। ਅਮਰ ਜੀਤ ਸਿੰਘ ਚੰਦੀ