ਮੁਸਲਮਾਨਾਂ ‘ਤੇ ਫ਼ੈਸਲੇ ਵਿਰੁੱਧ ਟਰੰਪ ਖਿਲਾਫ ਜ਼ੋਰਦਾਰ ਪ੍ਰਦਰਸ਼ਨ
ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ਵਿਚ ਦਾਖਲ ਹੋਣ ‘ਤੇ ਲਾਈ ਪਾਬੰਦੀ ਵਿਰੁੱਧ ਅੱਜ ਦੂਸਰੇ ਦਿਨ ਵੀ ਸਮੁੱਚੇ ਅਮਰੀਕਾ ਵਿਚ ਰੋਸ ਪ੍ਰਦਰਸ਼ਨ ਜਾਰੀ ਰਹੇ ਜਦਕਿ ਇਨ੍ਹਾਂ ਪ੍ਰਦਰਸ਼ਨਾਂ ਤੋਂ ਬੇਫਿਕਰ ਟਰੰਪ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੁਸਲਮਾਨਾਂ ‘ਤੇ ਪਾਬੰਦੀ ਨਹੀਂ ਅਤੇ ਅਜਿਹਾ ਯੂਰਪ ਦੇ ਕੁਝ ਹਿੱਸਿਆਂ ਵਿਚ ਪੈਦਾ ਹੋਈ ਸਥਿਤੀ ਤੋਂ ਬਚਣ ਲਈ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਇਕ ਮੁਸਲਮਾਨਾਂ ‘ਤੇ ਪਾਬੰਦੀ ਨਹੀਂ, ਮੀਡੀਆ ਗਲਤ ਪ੍ਰਚਾਰ ਕਰ ਰਿਹਾ ਹੈ। ਇਹ ਧਰਮ ਦਾ ਮਾਮਲਾ ਨਹੀਂ ਸਗੋਂ ਅੱਤਵਾਦ ਦਾ ਮਾਮਲਾ ਹੈ ਅਤੇ ਅਸੀਂ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣਾ ਹੈ। ਆਪਣੀ ਦਲੀਲ ‘ਤੇ ਜ਼ੋਰ ਦਿੰਦਿਆਂ ਟਰੰਪ ਨੇ ਅੱਗੇ ਕਿਹਾ ਕਿ ਵਿਸ਼ਵ ਭਰ ਵਿਚ 40 ਤੋਂ ਵੀ ਵੱਧ ਦੇਸ਼ ਹਨ ਜਿਥੇ ਮੁਸਲਮਾਨਾਂ ਦੀ ਜ਼ਿਆਦਾ ਆਬਾਦੀ ਹੈ ਅਤੇ ਉਹ ਇਸ ਹੁਕਮ ਤੋਂ ਪ੍ਰਭਾਵਤ ਨਹੀਂ। ਸ਼ੁਕਰਵਾਰ ਟਰੰਪ ਨੇ ਇਕ ਹੁਕਮ ਰਾਹੀਂ 7 ਮੁਸਲਿਮ ਦੇਸ਼ਾਂ ਦੇ ਅਮਰੀਕਾ ਵਿਚ ਦਾਖਲ ਹੋਣ ‘ਤੇ ਪਾਬੰਦੀ ਲਾ ਦਿੱਤੀ ਸੀ। ਉਧਰ ਅਮਰੀਕਾ ਵਿਚ ਦੂਸਰੇ ਦਿਨ ਵੀ ਟਰੰਪ ਨੂੰ ਪ੍ਰਦਰਸ਼ਨਕਾਰੀਆਂ ਦੇ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਵਾਈਟ ਹਾਊਸ ਅਤੇ ਹਵਾਈ ਅੱਡਿਆਂ ‘ਤੇ ਇਕੱਤਰ ਹੋ ਗਏ ਅਤੇ ਉਨ੍ਹਾਂ ਨੇ ਟਰੰਪ ਦੇ ਹੁਕਮ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਨਾਲ ਇਕਜੁਟਤਾ ਜ਼ਾਹਿਰ ਕੀਤੀ ਹੈ।