ਕਾਂਗਰਸੀ ਉਮੀਦਵਾਰ ਜੱਸੀ ‘ਤੇ ਕਾਤਿਲਾਨਾ ਹਮਲਾ, 3 ਮੌਤਾਂ, 15 ਜ਼ਖਮੀ
ਮੌੜ, 1 ਫਰਵਰੀ (ਪੰਜਾਬ ਮੇਲ)- ਇਥੇ ਟਰੱਕ ਯੂਨੀਅਨ ਦੇ ਨੇੜੇ ਮੌੜ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਕਥਿਤ ਕੁੱਕਰ ਬੰਬ ਧਮਾਕੇ ਵਿਚ ਇਕ ਬੱਚੇ ਸਣੇ ਤਿੰਨ ਵਿਅਕਤੀ ਮਾਰੇ ਗਏ ਤੇ 15 ਜ਼ਖ਼ਮੀ ਹੋ ਗਏ। ਮ੍ਰਿਤਕਾਂ ‘ਚ ਮੌੜ ਵਿਚ ਸ਼੍ਰੀ ਜੱਸੀ ਦੀ ਚੋਣ ਮੁਹਿੰਮ ਦੀ ਨਿਗਰਾਨੀ ਕਰ ਰਿਹਾ ਹਰਪਾਲ ਸਿੰਘ ਪਾਲੀ ਵੀ ਸ਼ਾਮਲ ਹੈ। ਉਸ ਤੋਂ ਇਲਾਵਾ ਮਰਨ ਵਾਲਿਆਂ ਵਿਚ ਇਕ ਲੜਕੀ ਸਮੇਤ ਦੋ ਭਿਖਾਰੀ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਜ਼ਖ਼ਮੀਆਂ ਵਿਚ ਤਿੰਨ ਬੱਚੇ ਸ਼ਾਮਲ ਹਨ। ਜ਼ਖ਼ਮੀਆਂ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਸ ਹਮਲੇ ਵਿਚ ਜੱਸੀ ਦੀ ਫਾਰਚੂਨਰ ਗੱਡੀ ਉਪਰ ਗੋਲੀਆਂ ਵੀ ਚਲਾਈਆਂ ਗਈਆਂ ਤੇ ਕਾਂਗਰਸੀ ਉਮੀਦਵਾਰ ਦੇ ਕੁੱਝ ਸੱਟਾਂ ਵੀ ਲੱਗੀਆਂ ਹਨ। ਵਾਰਦਾਤ ਤੋਂ ਬਾਅਦ ਲੋਕਾਂ ਨੇ ਐੱਸ.ਡੀ.ਐੱਮ. ਤੇ ਡੀ.ਐੱਸ.ਪੀ. ਨੂੰ ਘੇਰ ਲਿਆ। ਮੌਕੇ ਤੋਂ ਕੁੱਕਰ ਵੀ ਬਰਾਮਦ ਕੀਤਾ ਗਿਆ ਹੈ। ਸ਼੍ਰੀ ਜੱਸੀ ਨੇ ਰੋਡ ਸ਼ੋਅ ਕੀਤਾ ਤੇ ਉੁਸ ਮਗਰੋਂ ਜਦੋਂ ਉਹ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ, ਤਾਂ ਉਨ੍ਹਾਂ ਦੀ ਫਾਰਚੂਨਰ ਗੱਡੀ ਪੀ.ਬੀ.03 ਏਡੀ 9696 ਦੇ ਨੇੜੇ ਇਕ ਮਾਰੂਤੀ ਕਾਰ ਆ ਕੇ ਰੁੱਕੀ, ਜਿਸ ਵਿਚ ਜ਼ੋਰਦਾਰ ਧਮਾਕਾ ਹੋ ਗਿਆ।
ਮੌਕੇ ਤੋਂ ਪੁਲਿਸ ਨੂੰ ਕਾਰਤੂਸਾਂ ਦੇ ਖੋਲ੍ਹ ਵੀ ਮਿਲੇ ਹਨ। ਲੋਕਾਂ ਵਿਚ ਉਸ ਸਮੇਂ ਰੋਹ ਫੈਲ ਗਿਆ, ਜਦੋਂ ਕੁੱਝ ਪੁਲਿਸ ਮੁਲਾਜ਼ਮਾਂ ਨੇ ਗੋਲੀਆਂ ਦੇ ਖੋਲ੍ਹ ਕਥਿਤ ਤੌਰ ‘ਤੇ ਲੁਕਾਉਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਜੱਸੀ ਸਮਰਥਕਾਂ ਨੇ ਮੌਕੇ ‘ਤੇ ਪੁੱਜੇ ਐੱਸ.ਡੀ.ਐੱਮ. ਲਤੀਫ਼ ਅਹਿਮਦ ਤੇ ਡੀ.ਐੱਸ.ਪੀ. ਦਵਿੰਦਰ ਸਿੰਘ ਨੂੰ ਘੇਰ ਲਿਆ। ਹਾਲਾਤ ਦਾ ਜਾਇਜ਼ਾ ਲੈਣ ਲਈ ਐੱਸ.ਐੱਸ.ਪੀ. ਬਠਿੰਡਾ ਸਵਪਨ ਸ਼ਰਮਾ ਮੌਕੇ ‘ਤੇ ਪੁੱਜ ਚੁੱਕੇ ਸਨ। ਇਸ ਹਾਦਸੇ ਵਿਚ ਜ਼ਖਮੀ ਹੋਏ ਵਿਅਤੀਆਂ ਵਿਚ ਜਸਕਰਨ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਮੌੜ ਖੁਰਦ, ਅਮਰੀਕ ਸਿੰਘ ਪੁੱਤਰ ਰਾਜਿੰਦਰ ਸਿੰਘ, ਰੌਕੀ ਕੁਮਾਰ ਪੁੱਤਰ ਪ੍ਰੇਮ ਕੁਮਾਰ, ਲਵਲੀ ਪੁੱਤਰ ਪ੍ਰੇਮ ਕੁਮਾਰ (ਤਿੰਨੋਂ ਵਾਸੀ ਮੌੜ ਮੰਡੀ), ਰਿੰਪਕ, ਜਪੀ ਸਿੰਘ ਪੁੱਤਰ ਸੁਖਦੀਪ ਸਿੰਘ, ਅੰਕੁਸ਼ ਪੁੱਤਰ ਗਿਆਨ ਚੰਦ, ਸੌਰਭ ਸਿੰਗਲਾ ਪੁੱਤਰ ਬਿੱਟੂ, ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਅਮਰੀਕ ਸਿੰਘ ਦੇ ਨਾਂ ਸ਼ਾਮਲ ਹਨ।