ਸਿਮਰਜੀਤ ਬੈਂਸ ਦੀ ਪ੍ਰਚਾਰ ਗੱਡੀ ‘ਤੇ ਹਮਲਾ
ਲੁਧਿਆਣਾ, 1 ਫਰਵਰੀ (ਪੰਜਾਬ ਮੇਲ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਪ੍ਰਚਾਰ ਗੱਡੀ ‘ਤੇ ਨਿਊ ਜਨਤਾ ਨਗਰ ਇਲਾਕੇ ਵਿਚ ਮੰਗਲਵਾਰ ਦੁਪਹਿਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਗੱਡੀ ਦੀ ਭੰਨਤੋੜ ਕੀਤੀ। ਗੱਡੀ ਚਾਲਕ ਨੇ ਉਥੋਂ ਗੱਡੀ ਭਜਾ ਕੇ ਖ਼ੁਦ ਨੂੰ ਬਚਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵੀਡੀਓ ਵੈਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿਚ ਪ੍ਰਚਾਰ ਕਰ ਰਹੀ ਸੀ। ਜਦੋਂ ਵੈਨ ਜਨਤਾ ਨਗਰ ਚੌਕ ਕੋਲ ਪੁੱਜੀ, ਤਾਂ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਗੱਡੀ ‘ਤੇ ਹਮਲਾ ਕਰ ਦਿੱਤਾ ਤੇ ਗੱਡੀ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਗੱਡੀ ਚਾਲਕ ਨੇ ਉੱਥੋਂ ਗੱਡੀ ਭਜਾ ਲਈ ਤੇ ਸ਼੍ਰੀ ਬੈਂਸ ਨੂੰ ਜਾਣਕਾਰੀ ਦਿੱਤੀ। ਇਸ ਵਾਰਦਾਤ ਨੂੰ ਇੱਕ ਫੋਟੋਗ੍ਰਾਫ਼ਰ ਨੇ ਆਪਣੇ ਕੈਮਰੇ ‘ਚ ਕੈਦ ਕਰ ਲਿਆ। ਹਮਲਾਵਰਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਕੈਮਰੇ ਵਾਲਾ ਬੈਗ਼ ਖੋਹ ਕੇ ਫ਼ਰਾਰ ਹੋ ਗਏ। ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਹਮਲਾ ਕਰਨ ਵਾਲੇ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਕੁਲਾਰ ਦੇ ਸਮਰਥਕ ਸਨ।
ਦੂਜੇ ਪਾਸੇ ਗੁਰਮੀਤ ਸਿੰਘ ਕੁਲਾਰ ਨੇ ਬੈਂਸ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ ਹੈ। ਚੋਣ ਕਮਿਸ਼ਨਰ ਨੂੰ ਪੁਲਿਸ ਕਮਿਸ਼ਨਰ ਦੀ ਕੀਤੀ ਸ਼ਿਕਾਇਤ: ਵੀਡੀਓ ਵੈਨ ‘ਤੇ ਪ੍ਰਚਾਰ ਦੌਰਾਨ ਹਮਲੇ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਾ ਹੋਣ ਤੋਂ ਖ਼ਫ਼ਾ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਚੋਣ ਕਮਿਸ਼ਨ ਨੂੰ ਪੁਲਿਸ ਕਮਿਸ਼ਨਰ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੁਲਿਸ ਕਮਿਸ਼ਨਰ ਨੂੰ ਹੁਕਮ ਦੇ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਇਸ ਡਰ ਨੂੰ ਸ਼ਹਿਰ ਵਾਸੀਆਂ ਦੇ ਦਿਲਾਂ ਵਿਚੋਂ ਕੱਢਣ ਦੀ ਲੋੜ ਹੈ।