ਟਰੰਪ ਨੇ ਆਸਟਰੇਲੀਆ ਨਾਲ ਹੋਏ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਬਾਰੇ ਕਰਾਰ ਨੂੰ ‘ਬੇਤੁਕਾ ਸਮਝੌਤਾ’ ਦੱਸਿਆ
ਟਰੰਪ ਤੇ ਟਰਨਬੁੱਲ ਦੀ ਫੋਨ ’ਤੇ ਗੱਲ ਵਿਗੜੀ
ਵਾਸ਼ਿੰਗਟਨ, 2 ਫਰਵਰੀ (ਪੰਜਾਬ ਮੇਲ)- ਡੋਨਲਡ ਟਰੰਪ ਅਤੇ ਆਸਟਰੇਲਿਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਵਿਚਾਲੇ ਫੋਨ ਉਤੇ ਪਹਿਲੀ ਦਫਾ ਹੋਈ ਗੱਲਬਾਤ ਕੂਟਨੀਤਕ ਸੰਕਟ ਵਿੱਚ ਬਦਲ ਗਈ। ਇਸ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਓਬਾਮਾ ਦੇ ਸਮੇਂ 1200 ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਬਾਰੇ ਆਸਟਰੇਲੀਆ ਨਾਲ ਹੋਏ ਕਰਾਰ ਨੂੰ ‘ਬੇਤੁਕਾ ਸਮਝੌਤਾ’ ਦੱਸ ਦਿੱਤਾ। ‘ਦਿ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ ਕਿ ਟਰਨਬੁੱਲ ਨਾਲ ਗੱਲਬਾਤ ਉਸ ਦਿਨ ਵਿਸ਼ਵ ਭਰ ਦੇ ਆਗੂਆਂ ਨੂੰ ਕੀਤੀਆਂ ਫੋਨ ਕਾਲਾਂ ਵਿੱਚੋਂ ਸਭ ਤੋਂ ਵੱਧ ਬਕਵਾਸ ਸੀ। ਉਨ੍ਹਾਂ 25 ਮਿੰਟਾਂ ਮਗਰੋਂ ਹੀ ਇਹ ਗੱਲਬਾਤ ਖ਼ਤਮ ਕਰ ਦਿੱਤੀ।
ਪਿਛਲੇ ਸ਼ਨਿਚਰਵਾਰ ਨੂੰ ਟਰਨਬੁੱਲ ਨਾਲ ਫੋਨ ਉਤੇ ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਬਾਰੇ ਹੋਏ ਸਮਝੌਤੇ ਉਤੇ ਇਤਰਾਜ਼ ਜਤਾਇਆ। ਦੋਵਾਂ ਆਗੂਆਂ ਵਿਚਾਲੇ ਅਣਬਣ ਉਦੋਂ ਸਾਹਮਣੇ ਆਈ, ਜਦੋਂ ਅਮਰੀਕਾ ਵੱਲੋਂ ਆਸਟਰੇਲੀਆ ਤੋਂ 1200 ਸ਼ਰਨਾਰਥੀ ਸਵੀਕਾਰ ਕਰਨ ਬਾਰੇ ਗੱਲ ਚੱਲੀ। ਓਬਾਮਾ ਪ੍ਰਸ਼ਾਸਨ ਅਧੀਨ ਸਿਰੇ ਚੜ੍ਹੇ ਇਸ ਸਮਝੌਤੇ ਤਹਿਤ ਆਸਟਰੇਲੀਆ ਦੇ ਹਿਰਾਸਤੀ ਕੇਂਦਰਾਂ ਵਿੱਚ ਰਹਿ ਰਹੇ ਸ਼ਰਨਾਰਥੀ ਅਮਰੀਕਾ ਭੇਜੇ ਜਾਣਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਜਿਹੇ ਸੱਤ ਮੁਲਕਾਂ ਦੇ ਹਨ, ਜਿਨ੍ਹਾਂ ਦੇ ਨਾਗਰਿਕਾਂ ’ਤੇ ਅਮਰੀਕਾ ਵਿੱਚ ਦਾਖ਼ਲੇ ਉਤੇ ਟਰੰਪ ਨੇ ਹੁਣੇ ਰੋਕ ਲਾਈ ਹੈ।
ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਟਰੰਪ ਨੇ ਜ਼ੋਰ ਦਿੱਤਾ ਕਿ ਦੋ ਹਜ਼ਾਰ ਸ਼ਰਨਾਰਥੀਆਂ ਨੂੰ ਆਉਣਾ ਦੇਣਾ ਬਹੁਤ ਬੁਰਾ ਸਮਝੌਤਾ ਹੈ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਬੋਸਟਨ ਵਿੱਚ ਹਮਲਾ ਕਰਨ ਵਾਲਾ ਅਗਲਾ ਅਤਿਵਾਦੀ ਬਣ ਸਕਦਾ ਹੈ। ਟਰਨਬੁੱਲ ਨੇ ਟਰੰਪ ਨੂੰ ਕਈ ਵਾਰ ਕਿਹਾ ਕਿ ਸਮਝੌਤਾ ਦੋ ਹਜ਼ਾਰ ਦੀ ਥਾਂ 1250 ਸ਼ਰਨਾਰਥੀਆਂ ਬਾਰੇ ਸੀ। ਅਮਰੀਕੀ ਰਾਸ਼ਟਰਪਤੀ ਨੇ ਚਿੰਤਾ ਪ੍ਰਗਟਾਈ ਕਿ ਜਦੋਂ ਉਨ੍ਹਾਂ ਦੇ ਪ੍ਰਸ਼ਾਸਕੀ ਆਦੇਸ਼ ਲਾਗੂ ਹਨ ਤਾਂ ਓਬਾਮਾ ਪ੍ਰਸ਼ਾਸਨ ਅਧੀਨ ਹੋਏ ਸਮਝੌਤੇ ’ਤੇ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ।