ਅਕਾਲੀ ਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲਏ ਜਾਣ ਤੋਂ ਵਿਸ਼ਵ ਭਰ ਦੇ ਸਿੱਖਾਂ ਵਿੱਚ ਰੋਹ
ਨਵੀਂ ਦਿੱਲੀ, 3 ਫਰਵਰੀ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਹਮਾਇਤ ਲਏ ਜਾਣ ਤੋਂ ਬਾਅਦ ਅਕਾਲੀ ਦਲ ਬਾਦਲ ਖਿਲਾਫ ਵਿਸ਼ਵ ਭਰ ਦੇ ਸਿੱਖਾਂ ਵਿੱਚ ਰੋਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਖਿਲਾਫਤ ਦੀ ਲੜੀ ਤਹਿਤ ਦਿੱਲੀ ਦੇ ਜੰਤਰ ਮੰਤਰ ਵਿਖੇ ਸਿੱਖ ਭਾਈਚਾਰੇ ਵੱਲੋਂ ਪੰਥਕ ਕਹਾਉਣ ਵਾਲੀ ਸਰਕਾਰ ਦੀ ਇਸ ਹਮਾਇਤ ਖਿਲਾਫ ਤੇ ਡੇਰਾ ਸਿਰਸਾ ਮੁਖੀ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।
ਖਾਸ ਗੱਲ ਇਹ ਹੈ ਪੰਥਕ ਸੇਵਾ ਦਲ ਵੱਲੋਂ ਉਲੀਕੇ ਇਸ ਰੋਸ ਮੁਜ਼ਾਹਰੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਾਮਲ ਸਨ ਜਿਨ੍ਹਾਂ ਦੀ ਪਾਰਟੀ ਨੇ ਡੇਰਾ ਸਿਰਸਾ ਦੀ ਹਮਾਇਤ ਹਾਸਲ ਕੀਤੀ ਹੈ। ਮੁਜ਼ਾਹਰਾਕਾਰੀਆਂ ਵਿੱਚ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਕਾਹਲੋਂ, ਇੰਦਰਜੀਤ ਸਿੰਘ ਮੌਂਟੀ, ‘ਆਪ’ ਵਿਧਾਇਕ ਅਵਤਾਰ ਸਿੰਘ ਕਾਲਕਾ ਤੇ ਪੰਥਕ ਸੇਵਾ ਦੇ ਦਲ ਦੇ ਆਗੂ ਕਰਤਾਰ ਸਿੰਘ ਕੋਛੜ ਸ਼ਾਮਲ ਸਨ। ਵੱਡੀ ਗਿਣਤੀ ਵਿੱਚ ਪਹੁੰਚੇ ਸਿੱਖ ਭਾਈਚਾਰੇ ਦੇ ਲੋਕਾਂ ਸਮੇਤ ਇਹ ਮੁਜ਼ਾਹਰਾ ਗੁਰਦੁਆਰਾ ਬੰਗਲਾ ਸਾਹਿਬ ਅਰਦਾਸ ਕਰਨ ਉਪਰੰਤ ਸ਼ੁਰੂ ਕੀਤਾ ਗਿਆ। ਬੰਗਲਾ ਸਾਹਿਬ ਤੋਂ ਚੱਲ ਕੇ ਇਹ ਰੋਸ ਮਾਰਚ ਜੰਤਰ-ਮੰਤਰ ਵਿਖੇ ਪਹੁੰਚਿਆ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਪਣੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ਲਿਖਿਆ ਸੀ, ”ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ” ਤੇ ”ਬਾਦਲਕਿਓ, ਵੋਟਾਂ ਲਈ ਸੌਦਾ ਸਾਧ ਦੀ ਹਮਾਇਤ ਕਿਉਂ ?” ਜੰਤਰ-ਮੰਤਰ ਪਹੁੰਚ ਕੇ ਆਗੂਆਂ ਨੇ ਤਕਰੀਰਾਂ ਕੀਤੀਆਂ ਤੇ ਅਕਾਲੀ ਦਲ ਬਾਦਲ ਪ੍ਰਤੀ ਰੋਸ ਪ੍ਰਗਟਾਇਆ ਨਾਲ ਹੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਖਿਲਾਫ ਬੋਲਦਿਆਂ ਕਿਹਾ ਕਿ ਆਖਰ ਸਿਰਸਾ ਸਾਧ ਤੋਂ ਹਮਾਇਤ ਲੈਣ ਬਾਰੇ ਹੁਣ ਜੀ.ਕੇ ਚੁੱਪ ਕਿਉਂ ਹੈ।