ਅਮਨ-ਅਮਾਨ ਨਾਲ ਪੰਜਾਬ ’ਚ 78.62 ਫ਼ੀਸਦੀ ਮੱਤਦਾਨ
ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵਧ ਤੇ ਅੰਮ੍ਰਿਤਸਰ ਵਿੱਚ ਪਈਆਂ ਸਭ ਤੋਂ ਘੱਟ ਵੋਟਾਂ
ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ 66.62 ਫੀਸਦੀ ਵੋਟਾਂ
ਚੰਡੀਗੜ੍ਹ, 4 ਫਰਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਤਰਨਤਾਰਨ ਵਿੱਚ ਅਕਾਲੀ ਸਰਪੰਚ ਦੇਸਾ ਸਿੰਘ ਵੱਲੋਂ ਚਲਾਈ ਗੋਲੀ ਨਾਲ ਇੱਕ ਕਾਂਗਰਸੀ ਵਰਕਰ ਦੇ ਜ਼ਖ਼ਮੀ ਹੋਣ ਸਮੇਤ ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਕਾਰ ਹਿੰਸਾ ਦੀਆਂ ਮਾਮੂਲੀ ਘਟਨਾਵਾਂ ਤਾਂ ਵਾਪਰੀਆਂ ਪਰ ਇਸ ਵਾਰ ਆਮ ਤੌਰ ’ਤੇ ਵੋਟਾਂ ਪੈਣ ਦੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀ ਮੰਨੀ ਜਾ ਰਹੀ ਹੈ। ਪਾਰਟੀ ਆਗੂਆਂ ਨੇ ਚੋਣ ਪ੍ਰਚਾਰ ਨੂੰ ਭਖਾਉਂਦਿਆਂ ਸੂਬੇ ਦੀ ਰਾਜਸੀ ਫਿਜ਼ਾ ਅੰਦਰ ਸ਼ਬਦੀ ਜ਼ਹਿਰ ਤਾਂ ਘੋਲਿਆ ਪਰ ਲੋਕਾਂ ਨੇ ਵੋਟਾਂ ਦੌਰਾਨ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ। ਚੋਣ
ਕਮਿਸ਼ਨ ਅਨੁਸਾਰ ਸੂਬੇ ਵਿੱਚ 78.6 ਫੀਸਦੀ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਬਸਪਾ ਹੋਰਨਾਂ ਸਿਆਸੀ ਪਾਰਟੀਆਂ ਤੇ 304 ਆਜ਼ਾਦ ਉਮੀਦਵਾਰਾਂ ਸਣੇ 1145 ਉਮੀਦਵਾਰਾਂ ਦੀ ਸਿਆਸੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ। ਵੋਟਾਂ ਦਾ ਅਮਲ ਸ਼ੁਰੂ ਹੋਣ ਸਮੇਂ ਮਜੀਠਾ, ਮੁਕਤਸਰ, ਬਠਿੰਡਾ ਅਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਦੇ ਕੁੱਝ ਪੋਲਿੰਗ ਬੂਥਾਂ ਉੱਤੇ ਇਲੈਕਟ੍ਰਾਨਿਕਸ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਖ਼ਰਾਬੀ ਦੀਆਂ ਰਿਪੋਰਟਾਂ ਮਿਲੀਆਂ ਜਿੱਥੇ ਵੋਟਾਂ ਪੈਣ ਦਾ ਕੰਮ ਕੁੱਝ ਦੇਰੀ ਨਾਲ ਆਰੰਭ ਹੋ ਸਕਿਆ। ਪੰਜਾਬ ਦੇ ਦਿਹਾਤੀ ਖੇਤਰ ਦੇ ਲੋਕਾਂ ਨੇ ਕਈ ਥਾਈਂ 90 ਫੀਸਦੀ ਤੱਕ ਵੋਟਾਂ ਪਾਈਆਂ। ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸ਼ਹਿਰਾਂ ਦੇ ਕਈ ਹਲਕਿਆਂ ਵਿੱਚ ਵੋਟਾਂ ਦਾ ਭੁਗਤਾਨ 60 ਫੀਸਦੀ ਦੇ ਨਜ਼ਦੀਕ ਹੀ ਰਿਹਾ। ਮਾਲਵਾ ਅਤੇ ਸਰਹੱਦੀ ਖੇਤਰ ਦੇ ਜ਼ਿਲ੍ਹਿਆਂ ਵਿਚਲੇ ਵਿਧਾਨ ਸਭਾ ਹਲਕਿਆਂ ਵਿੱਚ ਵੋਟ ਪ੍ਰਤੀਸ਼ਤ 80 ਫੀਸਦੀ ਤੋਂ ਵੀ ਟੱਪ ਗਈ ਹੈ। ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਬੀ ਵਿੱਚ 78 ਫੀਸਦੀ ਵੋਟਾਂ ਪਈਆਂ ਜਦੋਂ ਕਿ ਜਲਾਲਾਬਾਦ ਵਿੱਚ 86 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਪਟਿਆਲਾ ਵਿਧਾਨ ਸਭਾ ਹਲਕੇ ਵਿੱਚ 67 ਫੀਸਦੀ ਲੋਕਾਂ ਨੇ ਹੀ ਵੋਟਾਂ ਪਾਈਆਂ। ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ ਹਲਕੇ ਵਿੱਚ ਜਿੱਥੇ ਚੋਣ ਪ੍ਰਚਾਰ ਦੌਰਾਨ ਬੰਬ ਧਮਾਕਾ ਹੋ ਗਿਆ ਸੀ ਵਿੱਚ ਵੀ ਵੋਟਰਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ। ਇਸ ਹਲਕੇ ਦੇ 85 ਫੀਸਦੀ ਵੋਟਰਾਂ ਨੇ ਜਮਹੂਰੀ ਹੱਕ ਦਾ ਪ੍ਰਯੋਗ ਕੀਤਾ। ਮਜੀਠਾ ਹਲਕੇ ਵਿੱਚ 68 ਫੀਸਦੀ ਵੋਟਾਂ ਪਈਆਂ। ਅੰਮ੍ਰਿਤਸਰ ਦੱਖਣੀ ਹਲਕੇ ਵਿੱਚ ਸਭ ਤੋਂ ਘੱਟ 58 ਫੀਸਦੀ ਵੋਟਾਂ ਪਈਆਂ। ਸੰਗਰੂਰ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ 80 ਫੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 85 ਫੀਸਦੀ ਵੋਟਾਂ ਪਈਆਂ ਜਦੋਂ ਕਿ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 67 ਫੀਸਦੀ ਮਤਦਾਨ ਹੋਇਆ। ਸਾਰੇ 117 ਵਿਧਾਨ ਸਭਾ ਹਲਕਿਆਂ ਅਤੇ ਅੰਮ੍ਰਿਤਸਰ ਸੰਸਦੀ ਹਲਕੇ ਦੀ ਉਪ ਚੋਣ ਲਈ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਪੋਲਿੰਗ ਬੂਥਾਂ ’ਤੇ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਦੁਪਹਿਰ ਤੱਕ 40 ਫੀਸਦੀ ਤੋਂ ਜ਼ਿਆਦਾ ਵੋਟਾਂ ਭੁਗਤ ਚੁੱਕੀਆਂ ਸਨ। ਵੋਟਾਂ ਪੈਣ ਦਾ ਸਮਾਂ 5 ਵਜੇ ਤੱਕ ਸੀ ਪਰ ਕਈ ਥਾਈਂ ਸ਼ਾਮੀ 7 ਵਜੇ ਤੋਂ ਬਾਅਦ ਵੀ ਲਾਈਨਾਂ ਲੱਗੀਆਂ ਹੋਈਆਂ ਸਨ।
ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ 33 ਵਿਧਾਨ ਸਭਾ ਹਲਕਿਆਂ ਵਿੱਚ ਵੀਵੀਪੀਏਟੀ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੇ ਤਜਰਬੇ ਨੂੰ ਸਫਲ ਦੱਸਦਿਆਂ ਵੀ.ਕੇ.ਸਿੰਘ ਨੇ ਦੱਸਿਆ ਕਿ ਇਨ੍ਹਾਂ ਹਲਕਿਆਂ ਵਿੱਚ 6668 ਵੀਵੀਪੀਏਟੀ ਮਸ਼ੀਨਾਂ ਰਾਹੀਂ ਵੋਟਾਂ ਪਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਏ ‘ਮੌਕ ਪੋਲ’ 538 ਵੀਵੀਪੀਏਟੀ ਮਸ਼ੀਨਾਂ ਬਦਲੀਆਂ ਗਈਆਂ। ਮਜੀਠਾ, ਸੰਗਰੂਰ ਤੇ ਮੁਕਤਸਰ ਵਿੱਚ 187 ਮਸ਼ੀਨਾਂ ਨੂੰ ਵੋਟਾਂ ਪੈਂਦੀਆਂ ਦੌਰਾਨ ਬਦਲਿਆ ਗਿਆ। ਮਜੀਠਾ ਹਲਕੇ ਵਿੱਚ 25, ਮੁਕਤਸਰ ਤੇ ਸੰਗਰੂਰ ਵਿੱਚ 10-10 ਪੋਲਿੰਗ ਬੂਥਾਂ ਉੱਤੇ ਵੋਟਾਂ ਪਾਉਣ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਉਨ੍ਹਾਂ ਦੱਸਿਆ ਕਿ 195 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ‘ਮੌਕ ਪੋਲ’ ਦੌਰਾਨ ਬਦਲਿਆ ਗਿਆ ਜਦੋਂ ਕਿ 47 ਨੂੰ ਬਾਅਦ ਵਿੱਚ ਬਦਲਿਆ ਗਿਆ।
ਸਮੁੱਚੇ ਪੰਜਾਬ ਵਿੱਚ ਵੋਟਾਂ ਦਾ ਭੁਗਤਾਨ ਦੇਖਿਆ ਜਾਵੇ ਤਾਂ ਸੰਗਰੂਰ ਵਿੱਚ 83 ਫੀਸਦੀ, ਫਾਜ਼ਿਲਕਾ ਵਿੱਚ 81 ਫੀਸਦੀ, ਫਿਰੋਜ਼ਪੁਰ ਵਿੱਚ 80 ਫੀਸਦੀ, ਫ਼ਰੀਦਕੋਟ ਵਿੱਚ 80 ਫੀਸਦੀ, ਬਰਨਾਲਾ ਵਿੱਚ 80 ਫੀਸਦੀ, ਬਠਿੰਡਾ ਵਿੱਚ 82 ਫੀਸਦੀ, ਮਾਨਸਾ ਵਿੱਚ 85 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 80 ਫੀਸਦੀ, ਮੁਹਾਲੀ ਵਿੱਚ 69 ਫੀਸਦੀ, ਪਟਿਆਲਾ ਵਿੱਚ 77 ਫੀਸਦੀ, ਮੁਕਤਸਰ ਵਿੱਚ 81 ਫੀਸਦੀ, ਲੁਧਿਆਣਾ ਵਿੱਚ ਫੀਸਦੀ 73, ਜਲੰਧਰ ਵਿੱਚ 72 ਫੀਸਦੀ, ਅੰਮ੍ਰਿਤਸਰ ਵਿੱਚ 67 ਫੀਸਦੀ, ਗੁਰਦਾਸਪੁਰ ਵਿੱਚ 72 ਫੀਸਦੀ, ਪਠਾਨਕੋਟ ਵਿੱਚ 77 ਫੀਸਦੀ, ਤਰਨਤਾਰਨ ਵਿੱਚ 74 ਫੀਸਦੀ, ਕਪੂਰਥਲਾ ਵਿੱਚ 74 ਫੀਸਦੀ, ਹੁਸ਼ਿਆਰਪੁਰ 72 ਫੀਸਦੀ, ਰੋਪੜ ਵਿੱਚ 75, ਮੋਗਾ ਵਿੱਚ 75 ਅਤੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ 77 ਫੀਸਦੀ ਵੋਟਾਂ ਪਈਆਂ।
ਵਿਧਾਨ ਸਭਾ ਦੇ ਚੋਣ ਮੈਦਾਨ ਵਿੱਚ ਉੱਤਰੇ ਪ੍ਰਮੁੱਖ ਉਮੀਦਵਾਰਾਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਭਗਵੰਤ ਸਿੰਘ ਮਾਨ, ਨਵਜੋਤ ਸਿੱਧੂ, ਜਨਰਲ (ਸੇਵਾ ਮੁਕਤ) ਜੇ.ਜੇ. ਸਿੰਘ, ਮਨਪ੍ਰੀਤ ਸਿੰਘ ਬਾਦਲ, ਰਾਜਿੰਦਰ ਕੌਰ ਭੱਠਲ, ਸੁਨੀਲ ਕੁਮਾਰ ਜਾਖੜ, ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਰਵਨੀਤ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਘੁੱਗੀ, ਹਿੰਮਤ ਸਿੰਘ ਸ਼ੇਰਗਿੱਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਮੁਹੰਮਦ ਸਦੀਕ, ਜਰਨੈਲ ਸਿੰਘ ਆਦਿ ਸ਼ਾਮਲ ਹਨ।
ਕਿੱਲਿਆਂਵਾਲੀ ਵਿੱਚ ਝਗੜਾ, ਅਕਾਲੀ ਵਰਕਰ ਜ਼ਖ਼ਮੀ
ਲੰਬੀ – ਤਿਕੋਣੇ ਫਸਵੇਂ ਮੁਕਾਬਲੇ ਵਿੱਚ ਲੰਬੀ ਹਲਕੇ ਵਿੱਚ ਵੋਟ ਫ਼ੀਸਦੀ 85.06 ਰਿਹਾ, ਜਦੋਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟ ਫ਼ੀਸਦ 86 ਰਿਹਾ ਸੀ। ਪਿੰਡ ਘੁਮਿਆਰਾ ਦੇ ਬੂਥ ’ਤੇ ਵੀਵੀਪੈਟ ਈਵੀਐਮ ਮਸ਼ੀਨ ਖ਼ਰਾਬ ਹੋਣ ਕਰ ਕੇ ਕੁਝ ਸਮੇਂ ਲਈ ਵੋਟਾਂ ਦਾ ਕੰਮ ਪ੍ਰਭਾਵਤ ਹੋਇਆ।ਹਲਕੇ ਦੇ ਪਿੰਡ ਕਿੱਲਿਆਂਵਾਲੀ ਵਿੱਚ ਚੋਣ ਬੂਥ ’ਤੇ ਕਤਾਰ ਵਿੱਚ ਖੜ੍ਹੇ ਲੋਕਾਂ ਨੂੰ ਵੋਟ ਪਾਉਣ ਦਾ ਨਿਸ਼ਾਨ ਵਿਖਾਉਣ ਦੇ ਵਿਵਾਦ ਵਿੱਚ ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਵਿੱਚ ਅਕਾਲੀ ਵਰਕਰ ਕੁਲਵਿੰਦਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਹਲਕੇ ਦੇ ਚਰਚਿਤ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਪਿੰਡ ਵਿੱਚ ਚੋਣ ਅਮਲੇ ਨੇ ਪੂਰੀ ਸਖ਼ਤੀ ਰੱਖੀ।
ਕੁੱਝ ਥਾਵਾਂ ’ਤੇ ਮਸ਼ੀਨਾਂ ਵਿੱਚ ਆਈ ਤਕਨੀਕੀ ਖ਼ਰਾਬੀ
ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਰਤੀਆਂ ਗਈਆਂ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰਾਇਲ (ਵੀਵੀਪੀਏਟੀ) ਮਸ਼ੀਨਾਂ ਵਿੱਚ ਵੱਡੇ ਪੱਧਰ ’ਤੇ ਤਕਨੀਕੀ ਖ਼ਰਾਬੀ ਆਉਣ ਕਾਰਨ ਅੱਜ ਕਈ ਥਾਈਂ ਵੋਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀਕੇ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ, ਮੁਕਤਸਰ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਇਨ੍ਹਾਂ ਮਸ਼ੀਨਾਂ ਵਿੱਚ ਤਕਨੀਕੀ ਖ਼ਰਾਬੀ ਆਉਣ ਦੀਆਂ ਰਿਪੋਰਟਾਂ ਹਨ। ਇਸ ਕਾਰਨ ਕਈ ਵਾਰ ਵੋਟਾਂ ਪਾਉਣ ਦਾ ਕੰਮ ਰੋਕਣਾ ਪਿਆ। ਬਾਅਦ ’ਚ ਖ਼ਰਾਬੀ ਵਾਲੀਆਂ ਮਸ਼ੀਨਾਂ ਦੀ ਜਗ੍ਹਾ ਹੋਰ ਮਸ਼ੀਨਾਂ ਲਾਈਆਂ ਗਈਆਂ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਪੰਜਾਬ ਦੇ ਕੁੱਲ੍ਹ 117 ਵਿਧਾਨ ਸਭਾ ਹਲਕਿਆਂ ਵਿੱਚੋਂ 33 ਵਿੱਚ ਵੀਵੀਪੀਏਟੀ ਮਸ਼ੀਨਾਂ ਲਾਈਆਂ ਸਨ। ਇਸ ਮਸ਼ੀਨ ਵਿੱਚੋਂ ਪਰਚੀ ਨਿਕਲਦੀ ਹੈ, ਜਿਸ ਨਾਲ ਵੋਟਰ ਨੂੰ ਉਸ ਵੱਲੋਂ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪੈਣ ਦਾ ਪਤਾ ਲੱਗਦਾ ਹੈ।
ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਸ਼ਿਕਾਇਤ ਕੀਤੀ
ਅੰਮ੍ਰਿਤਸਰ – ਇੱਥੇ ਪੋਲਿੰਗ ਬੂਥ ਵਿੱਚ ਆਪਣਾ ਨਿੱਜੀ ਵਾਹਨ ਲੈ ਜਾਣ ਦੇ ਦੋਸ਼ ਹੇਠ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੋਣ ਅਧਿਕਾਰੀ ਕੋਲ ਸ਼ਿਕਾਇਤ ਕੀਤੀ ਗਈ ਹੈ। ਸ੍ਰੀ ਸਿੱਧੂ, ਉਨ੍ਹਾਂ ਦੀ ਪਤਨੀ ਅਤੇ ਬੇਟਾ ਅੱਜ ਦੁਪਹਿਰ ਸਮੇਂ ਉੱਤਰੀ ਵਿਧਾਨ ਸਭਾ ਹਲਕੇ ਦੇ ਸਰੂਪ ਰਾਣੀ ਸਰਕਾਰੀ ਕਾਲਜ ਵਿੱਚ ਬਣੇ ਪੋਲਿੰਗ ਬੂਥ ਵਿੱਚ ਵੋਟ ਪਾਉਣ ਗਏ ਸਨ। ਇਸ ਦੌਰਾਨ ਉਹ ਆਪਣੇ ਤਿੰਨ ਵਾਹਨ ਵੀ ਪੋਲਿੰਗ ਬੂਥ ਵਿੱਚ ਲੈ ਗਏ। ਪੋਲਿੰਗ ਬੂਥ ਦੇ ਗੇਟ ਉਤੇ ਉਨ੍ਹਾਂ ਨੂੰ ਰੋਕਿਆ ਵੀ ਗਿਆ ਸੀ ਪਰ ਉਹ ਅੰਦਰ ਚਲੇ ਗਏ। ਜ਼ਿਲ੍ਹਾ ਚੋਣ ਅਧਿਕਾਰੀ ਬਸੰਤ ਗਰਗ ਨੇ ਇਸ ਸਬੰਧੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ ਅਤੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਹੋਵੇਗੀ।