3 ਲੱਖ ਨਕਦ ਲੈਣ ਵਾਲਿਆਂ ਦੀ ਸ਼ਾਮਤ ਆਈ
ਨਵੀਂ ਦਿੱਲੀ, 5 ਫਰਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਤਿੰਨ ਲੱਖ ਤੋਂ ਜ਼ਿਆਦਾ ਦੀ ਨਕਦੀ ਦੇ ਲੈਣ-ਦੇਣ ਉੱਤੇ ਪਾਬੰਦੀ ਲਾਉਣ ਲਈ ਪੂਰੀ ਤਿਆਰੀ ਕਰ ਲਈ ਹੈ। ਇੱਕ ਅਪ੍ਰੈਲ ਤੋਂ ਜੋ ਵੀ ਵਿਅਕਤੀ ਤਿੰਨ ਲੱਖ ਰੁਪਏ ਤੋਂ ਜ਼ਿਆਦਾ ਰਕਮ ਦਾ ਕੈਸ਼ ਵਿੱਚ ਲੈਣ-ਦੇਣ ਕਰੇਗਾ, ਉਸ ਨੂੰ 100 ਫ਼ੀਸਦੀ ਜੁਰਮਾਨਾ ਲੱਗੇਗਾ।
ਰੈਵਨਿਊ ਸਕੱਤਰ ਹਸਮੁੱਖ ਅੜਿਆ ਨੇ ਇੰਟਰਵਿਊ ਵਿੱਚ ਇਸ ਗੱਲ ਦਾ ਖ਼ੁਲਾਸਾ ਕੀਤਾ। ਹਸਮੁੱਖ ਅਨੁਸਾਰ ਚਾਰ ਲੱਖ ਰੁਪਏ ਦੀ ਨਕਦੀ ਦੇ ਲੈਣ ਦੇਣ ਕਰਨ ਉੱਤੇ ਚਾਰ ਲੱਖ ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ। ਇਸ ਤੋਂ ਇਲਾਵਾ 50 ਲੱਖ ਦੇ ਨਕਦ ਲੈਣ-ਦੇਣ ਉੱਤੇ ਪੰਜਾਹ ਲੱਖ ਰੁਪਏ ਦਾ ਹੀ ਜੁਰਮਾਨਾ ਦੇਣਾ ਹੋਵੇ।
ਹਸਮੁਖ ਅਨੁਸਾਰ ਜੁਰਮਾਨੇ ਦੀ ਰਕਮ ਉਸ ਨੂੰ ਦੇਣੀ ਹੋਵੇਗੀ ਜੋ ਨਕਦ ਪੈਸੇ ਵਸੂਲ ਕਰੇਗਾ। ਉਦਾਹਰਨ ਅਨੁਸਾਰ ਜੇਕਰ ਇੱਕ ਵਿਅਕਤੀ ਨੇ ਤਿੰਨ ਲੱਖ ਰੁਪਏ ਤੋਂ ਜ਼ਿਆਦਾ ਦੀ ਘੜੀ ਇੱਕ ਦੁਕਾਨਦਾਰ ਤੋਂ ਖ਼ਰੀਦੀ ਹੈ ਤਾਂ 100 ਫ਼ੀਸਦੀ ਜੁਰਮਾਨਾ ਦੁਕਾਨਦਾਰ ਨੂੰ ਹੀ ਦੇਣਾ ਹੋਵੇਗਾ।
ਯਾਦ ਰਹੇ ਕਿ 8 ਨਵੰਬਰ ਨੂੰ ਨੋਟ ਬੰਦੀ ਪੂਰੇ ਦੇਸ਼ ਵਿੱਚ ਲਾਗੂ ਕੀਤੀ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਤਿੰਨ ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਦੇ ਲੈਣ ਦੇਣ ਉੱਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ।