ਇਸ ਬਾਰ ਪੰਜਾਬੀ ਐਨਆਰਆਈ ਬਣਾਉਣਗੇ ਸਰਕਾਰ!
ਚੰਡੀਗੜ੍ਹ, 5 ਫਰਵਰੀ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਪੰਜਾਬ ਵਾਸੀਆਂ ਨੂੰ ਬਾਹਰਲੇ ਮੁਲਕਾਂ ਤੋਂ ਆਈਆਂ ਫੋਨ ਕਾਲਾਂ ਦਾ ਰਿਕਾਰਡ ਬਣਿਆ ਹੈ। ਪਿਛਲੇ 7 ਦਿਨਾਂ ਦੌਰਾਨ ਪੰਜਾਬ ਵਿੱਚ ਕੈਨੇਡਾ, ਅਮਰੀਕਾ, ਯੂ.ਕੇ., ਇਟਲੀ ਤੇ ਆਸਟ੍ਰੇਲੀਆ ਤੋਂ ਸਭ ਤੋਂ ਵੱਧ ਫੋਨ ਆਏ। ਇਨਾਂ ਦੇਸ਼ਾਂ ‘ਚੋਂ ਸਭ ਤੋਂ ਵੱਧ ਪੰਜਾਬ ਫੋਨ ਕਰਨ ‘ਚ ਆਸਟ੍ਰੇਲੀਆ ਮੋਹਰੀ ਰਿਹਾ।
ਦੇਸ਼ ਦੀਆਂ ਮੁੱਖ ਟੈਲੀਕਮਿਊਨੀਕੇਸ਼ਨ ਕੰਪਨੀਆਂ ਵੱਲੋਂ ਜਾਰੀ ਕੀਤੇ ਅੰਕੜੇ ਮੁਤਾਬਕ ਪਿਛਲੇ 7 ਦਿਨਾਂ ‘ਚ ਵਿਦੇਸ਼ਾਂ ਤੋਂ ਪੰਜਾਬ ਵਾਸੀਆਂ ਨੂੰ 445 ਮਿਲੀਅਨ ਫੋਨ ਕਾਲਾਂ ਕੀਤੀਆਂ ਗਈਆਂ। ਫੋਨ ਕਰਨ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਸਨ ਜਿਨ੍ਹਾਂ ਬਾਰੇ ਦੇਸ਼-ਵਿਦੇਸ਼ ਬੈਠਾ ਹਰ ਪੰਜਾਬੀ ਬਹੁਤ ਉਤਸੁਕ ਸੀ। ਹਾਸਲ ਜਾਣਕਾਰੀ ਮੁਤਾਬਕ ਬਾਹਰ ਵੱਸਦੇ ਪੰਜਾਬੀਆਂ ਨੇ ਵਾਰ-ਵਾਰ ਫੋਨ ਕਰਕੇ ਆਪਣੇ ਘਰਦਿਆਂ, ਦੋਸਤਾਂ, ਮਿੱਤਰਾਂ ਤੇ ਸਕੇ ਸਬੰਧੀਆਂ ਨੂੰ ਵੋਟ ਪਾਉਣ ਲਈ ਕਿਹਾ। ਅੰਕੜਿਆਂ ਮੁਤਾਬਕ ਪੰਜਾਬ ਦੇ ਲੁਧਿਆਣਾ, ਬਠਿੰਡਾ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਵਿਦੇਸ਼ੀ ਕਾਲਾਂ ਪ੍ਰਾਪਤ ਹੋਈਆਂ। ਬਿਨਾਂ ਸ਼ੱਕ ਪੰਜਾਬ ਦੀ ਇਹ ਚੋਣ ਕਈ ਪੱਖਾਂ ਤੋਂ ਇੱਕ ਯਾਦਗਾਰ ਚੋਣ ਬਣ ਗਈ ਹਾਲਾਂਕਿ ਨਤੀਜਾ ਆਉਣਾ ਹਾਲੇ ਬਾਕੀ ਹੈ।