ਵਾਈਟ ਹਾਊਸ ਵੱਲੋਂ ਯਾਤਰਾ ਪਾਬੰਦੀਆਂ ਵਾਪਸ ਲੈਣ ਦੀ ਸੰਭਾਵਨਾ ਤੋਂ ਇਨਕਾਰ
ਵਾਸ਼ਿੰਗਟਨ, 8 ਫਰਵਰੀ (ਪੰਜਾਬ ਮੇਲ)- ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਵਸਨੀਕਾਂ ਉਤੇ ਯਾਤਰਾ ਪਾਬੰਦੀਆਂ ਲਾਉਣ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਕਿਸੇ ਵੀ ਸੰਭਾਵਨਾ ਤੋਂ ਵ੍ਹਾਈਟ ਹਾਊਸ ਨੇ ਇਨਕਾਰ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਭਰੋਸਾ ਜ਼ਾਹਰ ਕੀਤਾ ਕਿ ਉਹ ਇਹ ਮੁਕੱਦਮਾ ਜਿੱਤ ਲਵੇਗਾ। ਇਸ ਤਰ੍ਹਾਂ ਇਸ ਮਾਮਲੇ ਉਤੇ ਸ੍ਰੀ ਟਰੰਪ ਦੀ ਅਹਿਮ ਕਾਨੂੰਨੀ ਅਜ਼ਮਾਇਸ਼ ਯਕੀਨੀ ਹੋ ਗਈ ਹੈ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਕਿਹਾ, ”ਸਾਫ਼ ਤੌਰ ‘ਤੇ ਕਾਨੂੰਨ ਰਾਸ਼ਟਰਪਤੀ ਦੇ ਨਾਲ ਹੈ। ਸੰਵਿਧਾਨ ਵੀ ਰਾਸ਼ਟਰਪਤੀ ਦੇ ਪੱਖ ਵਿੱਚ ਹੈ। ਉਨ੍ਹਾਂ ਨੂੰ ਸਾਡੇ ਲੋਕਾਂ ਦੀ ਸਲਾਮਤੀ ਲਈ ਮੁਲਕ ਦੇ ਹਿੱਤ ਵਿੱਚ ਕੋਈ ਵੀ ਕਦਮ ਚੁੱਕਣ ਦਾ ਅਖ਼ਤਿਆਰ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਮਾਮਲੇ ਵਿੱਚ ਸਫਲ ਹੋ ਕੇ ਨਿਕਲਾਂਗੇ।” ਉਹ ਸ੍ਰੀ ਟਰੰਪ ਦੇ ਫਲੋਰਿਡਾ ਵਿੱਚ ਟੈਂਪਾ ਤੋਂ ਐਂਡਰਿਊਜ਼ ਏਅਰ ਬੇਸ ਤੱਕ ਹਵਾਈ ਸਫ਼ਰ ਦੌਰਾਨ ਜਹਾਜ਼ ਵਿੱਚ ਸਵਾਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਗ਼ੌਰਤਲਬ ਹੈ ਕਿ ਇਨ੍ਹਾਂ ਹੁਕਮਾਂ ਉਤੇ ਬੀਤੇ ਦਿਨੀਂ ਇਕ ਫੈਡਰਲ ਜੱਜ ਨੇ ਪਾਬੰਦੀ ਲਾ ਦਿੱਤੀ ਸੀ। ਇਸ ਖ਼ਿਲਾਫ਼ ਹਕੂਮਤ ਵੱਲੋਂ ਦਾਇਰ ਅਪੀਲ ਉਤੇ ਅਪੀਲੀ ਅਦਾਲਤ ਨੇ ਦੋਵਾਂ ਧਿਰਾਂ ਨੂੰ ਆਪੋ-ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।