ਚੋਣ ਪ੍ਰਚਾਰ ‘ਤੇ ‘ਆਪ’ ਨੇ ਅਕਾਲੀ ਦਲ ਤੇ ਕਾਂਗਰਸ ਤੋਂ ਵੱਧ ਕੀਤਾ ਖਰਚਾ
ਬਠਿੰਡਾ, 8 ਫਰਵਰੀ (ਪੰਜਾਬ ਮੇਲ)-‘ਆਪ’ ਨੇ ਪਿਛਲੇ ਦਸ ਸਾਲ ਦੀ ਸੱਤਾਧਾਰੀ ਪਾਰਟੀ ਨਾਲੋਂ ਵੋਟਾਂ ‘ਚ ਜ਼ਿਆਦਾ ਖਰਚਾ ਕੀਤਾ ਹੈ। ਦੂਜਾ ਨੰਬਰ ਕਾਂਗਰਸ ਪਾਰਟੀ ਦਾ ਆਉਂਦਾ ਹੈ ਤੇ ਖਰਚੇ ਦੇ ਮਾਮਲੇ ‘ਚ ਅਕਾਲੀ ਦਲ ਸਭ ਤੋਂ ਪਿੱਛੇ ਹੈ। ਜੇ ਸਭ ਤੋਂ ਜ਼ਿਆਦਾ ਖਰਚੇ ਦੀ ਗੱਲ ਕਰੀਏ ਤਾਂ ਇਹ ਬਠਿੰਡਾ ਸ਼ਹਿਰੀ ਸੀਟ ‘ਤੇ ਹੋਇਆ ਹੈ ਅਤੇ ਸਭ ਤੋਂ ਘੱਟ ਖਰਚਾ ਭੁੱਚੋ ਮੰਡੀ ਹਲਕੇ ‘ਚ ਹੋਇਆ ਹੈ। ਸਭ ਤੋਂ ਵੱਧ ਖਰਚ ਕਰਨ ਵਾਲਾ ਉਮੀਦਵਾਰ ਵੀ ਬਠਿੰਡਾ ਸ਼ਹਿਰੀ ਦਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹੈ।
ਪ੍ਰਾਪਤ ਹੋਏ ਵਿਭਾਗੀ ਅੰਕੜਿਆਂ ਮੁਤਾਬਕ ਵਿਧਾਨ ਸਭਾ ਚੋਣ ਲੜ ਰਹੇ ਬਠਿੰਡਾ ਦੇ 60 ਉਮੀਦਵਾਰਾਂ ਵੱਲੋਂ ਜਮ੍ਹਾ ਕਰਵਾਈ ਰਕਮ ਮੁਤਾਬਕ 2.24 ਕਰੋੜ ਰੁਪਏ ਦਾ ਖਰਚਾ ਕੀਤਾ ਹੈ। ਜੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਚੋਣ ਪ੍ਰਚਾਰ ਦੇ ਪਹਿਲੇ ਦੌਰ ‘ਚ ਸਭ ਤੋਂ ਘੱਟ ਖਰਚਾ ਦੂਜੇ ਦੌਰ ‘ਚ ਸਭ ਤੋਂ ਜ਼ਿਆਦਾ ਖਰਚ ਅਤੇ ਵੋਟਾਂ ਦੇ ਅੰਤਲੇ ਦੌਰ ‘ਚ ਫਿਰ ਤੋਂ ਘੱਟ ਖਰਚਾ ਦਿਖਾਇਆ ਗਿਆ ਹੈ। ਜੇ ਇਸ ਖਰਚੇ ਨੂੰ ਪਾਰਟੀ ਪੱਧਰ ‘ਤੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਖਰਚਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ 55 ਲੱਖ 71 ਹਜ਼ਾਰ ਰੁਪਏ ਖਰਚਾ ਕੀਤਾ ਹੈ ਜਦੋਂ ਕਿ ਦੂਜੇ ਨੰਬਰ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 55 ਲੱਖ 15 ਹਜ਼ਾਰ ਰੁਪਏ ਦਾ ਖਰਚਾ ਕੀਤਾ ਹੈ ਅਤੇ ਤੀਜੇ ਸਥਾਨ ‘ਤੇ ਅਕਾਲੀ ਦਲ ਹੈ, ਜਿਸ ਨੇ 54
ਲੱਖ 75 ਹਜ਼ਾਰ ਰੁਪਏ ਦਾ ਖਰਚਾ ਕੀਤਾ ਹੈ।
ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਸ ਉਮੀਦਵਾਰ ਨੇ ਖਰਚਾ ਕੀਤਾ ਹੈ, ਉਹ ਹੈ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਵੱਲੋਂ ਆਪਣਾ ਚੋਣ ਖਰਚਾ 14 ਲੱਖ 13 ਹਜ਼ਾਰ 884 ਰੁਪਏ ਦੱਸਿਆ ਗਿਆ ਹੈ ਜਦੋਂ ਕਿ ਜ਼ਿਲ੍ਹੇ ‘ਚ ਸਭ ਤੋਂ ਘੱਟ ਖਰਚਾ ਭੁੱਚੋ ਸੀਟ ਦੇ ਆਜ਼ਾਦ ਉਮੀਦਵਾਰ ਗੁਰਸੇਵਕ ਸਿੰਘ ਵੱਲੋਂ ਸਿਰਫ ਪੰਜ ਹਜ਼ਾਰ ਰੁਪਏ ਕੀਤਾ ਗਿਆ ਹੈ।