1984 ਸਿੱਖ ਕਤਲੇਆਮ – ਜਗਦੀਸ਼ ਟਾਈਟਲਰ ਦਾ ਕੀਤਾ ਜਾ ਸਕਦਾ ‘ਲਾਈ ਡਿਟੈਕਟਸ਼ਨ ਟੈਸਟ’
ਨਵੀਂ ਦਿੱਲੀ, 9 ਫਰਵਰੀ (ਪੰਜਾਬ ਮੇਲ)- ਦਿੱਲੀ ਦੀ ਇਕ ਅਦਾਲਤ ਨੇ ਸੀਬੀਆਈ ਦੀ ਅਰਜ਼ੀ ਉਤੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਭਲਕੇ ਪੇਸ਼ ਹੋਣ ਲਈ ਕਿਹਾ ਹੈ। ਸੀਬੀਆਈ ਨੇ ਅਪੀਲ ਕੀਤੀ ਸੀ ਕਿ 1984 ਦੇ ਸਿੱਖ ਕਤਲੇਆਮ ਕੇਸ ਵਿੱਚ ਉਸ ਦੇ ‘ਲਾਈ ਡਿਟੈਕਟਸ਼ਨ ਟੈਸਟ’ ਦੀ ਇਜਾਜ਼ਤ ਦਿੱਤੀ ਜਾਵੇ। ਏਜੰਸੀ ਨੇ ਟਾਈਟਲਰ ਤੋਂ ਇਲਾਵਾ ਅਸਲਾ ਵਪਾਰੀ ਅਭਿਸ਼ੇਕ ਵਰਮਾ ਦਾ ਵੀ ਟੈਸਟ ਕਰਨ ਦੀ ਮੰਗ ਕੀਤੀ ਹੈ।
ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਨੇ ਕੱਲ੍ਹ ਟਾਈਟਲਰ ਤੇ ਵਰਮਾ ਨੂੰ ਕਿਹਾ ਕਿ ਇਸ ਅਰਜ਼ੀ ਉਤੇ ਆਪਣਾ ਪੱਖ ਰੱਖਣ ਲਈ ਉਹ ਭਲਕੇ 4 ਵਜੇ ਉਸ ਸਾਹਮਣੇ ਪੇਸ਼ ਹੋਣ। ਇਹ ਕੇਸ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਇਸ ਕੇਸ ਵਿੱਚ ਸੀਬੀਆਈ ਤਿੰਨ ਵਾਰ ਟਾਈਟਲਰ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਪਰ ਅਦਾਲਤ ਨੇ ਏਜੰਸੀ ਨੂੰ ਜਾਂਚ ਜਾਰੀ ਰੱਖਣ ਦਾ ਆਦੇਸ਼ ਦਿੱਤਾ ਸੀ। ਸੀਨੀਅਰ ਕਾਂਗਰਸ ਆਗੂ ਟਾਈਟਲਰ ਵਿਰੁੱਧ ਵਰਮਾ ਨੇ ਸੀਬੀਆਈ ਨੂੰ ਕਈ ਬਿਆਨ ਦਿੱਤੇ ਹਨ ਕਿ ਉਹ ਕੇਸ ਵਿਚਲੇ ਗਵਾਹਾਂ ਉਤੇ ਕਥਿਤ ਤੌਰ ਉਤੇ ਦਬਾਅ ਪਾ ਰਹੇ ਹਨ। ਸੀਬੀਆਈ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਅਗਲੇਰੀ ਜਾਂਚ ਲਈ ਅਭਿਸ਼ੇਕ ਵਰਮਾ ਅਤੇ ਜਗਦੀਸ਼ ਟਾਈਟਲਰ ਦਾ ਪੋਲੀਗ੍ਰਾਫ ਟੈਸਟ (ਲਾਈ ਡਿਟੈਕਟਸ਼ਨ ਟੈਸਟ) ਕਰਨ ਦੀ ਲੋੜ ਹੈ। ਅਦਾਲਤ ਨੇ 4 ਦਸੰਬਰ 2015 ਨੂੰ ਆਦੇਸ਼ ਦਿੱਤਾ ਸੀ ਕਿ ਜੇ ਲੋੜ ਹੈ ਤਾਂ ਲਾਈ ਡਿਟੈਕਟਸ਼ਨ ਟੈਸਟ ਕਰਵਾਇਆ ਜਾ ਸਕਦਾ ਹੈ। ਇਹ ਕਾਰਵਾਈ ਇਸੇ ਆਦੇਸ਼ ਦੀ ਰੌਸ਼ਨੀ ਵਿੱਚ ਹੈ।