ਦੁਬਈ ‘ਚ ਫਸੇ 10 ਪੰਜਾਬੀਆਂ ਦੀ ਜ਼ਿੰਦਗੀ ਲਈ 60 ਲੱਖ ਬਲੱਡ ਮਨੀ ਰਾਹੀਂ ਹੋਇਆ ਸਮਝੌਤਾ
ਹੁਸ਼ਿਆਰਪੁਰ, 9 ਫਰਵਰੀ (ਪੰਜਾਬ ਮੇਲ)- ਹੁਸ਼ਿਆਰਪੁਰ ਦੇ ਪਿੰਡ ਹਵੇਲੀ ਦੇ ਚੰਦਰ ਸ਼ੇਖਰ ਸਮੇਤ ਦਸ ਪੰਜਾਬੀ ਨੌਜਵਾਨਾਂ ਦੀ ਦੁਬਈ ਜੇਲ੍ਹ ਤੋਂ ਰਿਹਾਈ ਦੀ ਉਮੀਦ ਬਣ ਗਈ ਹੈ। ਇਨ੍ਹਾਂ ਸਾਰਿਆਂ ਨੂੰ ਪਾਕਿਸਤਾਨੀ ਨੌਜਵਾਨ ਮੁਹੰਮਦ ਇਜਾਜ ਦੇ ਕਤਲ ਵਿਚ ਅਦਾਲਤ ਫਾਂਸੀ ਦੀ ਸਜ਼ਾ ਸੁਣਾ ਚੁੱਕੀ ਹੈ। ਸਾਰੇ 26 ਅਕਤੂਬਰ 2016 ਤੋਂ ਜੇਲ੍ਹ ਵਿਚ ਬੰਦ ਹਨ। ਨੌਜਵਾਨਾਂ ਦੀ ਰਿਹਾਈ ਦੇ ਲਈ ਸਮਾਜ ਸੇਵੀ ਅਤੇ ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸਪੀ ਸਿੰਘ ਓਬਰਾਏ ਨੇ ਪਾਕਿਸਤਾਨੀ ਨੌਜਵਾਨ ਦੇ ਪਰਵਾਰ ਨੂੰ ਸਮਝੌਤੇ ਦੇ ਤਹਿਤ 60 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਬਲੱਡ ਮਨੀ ਦੇਣ ਦਾ ਵਾਅਦਾ ਕੀਤਾ ਹੈ।
ਪੰਜਾਬੀ ਨੌਜਵਾਨਾਂ ਦੇ ਪਰਵਾਰਾਂ ਨੇ ਦੱਸਿਆ ਕਿ ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 27 ਫਰਵਰੀ ਰੱਖੀ ਹੈ। ਉਨ੍ਹਾਂ ਪੂਰੀ ਆਸ ਹੈ ਕਿ ਉਸ ਦਿਨ ਉਨ੍ਹਾਂ ਦੇ ਬੇਟੇ ਰਿਹਾਅ ਹੋ ਜਾਣਗੇ। ਪਰਿਵਾਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪੰਜਾਬ ਸਰਕਾਰ ਕੋਲੋਂ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੇਕਸੂਰ ਬੱਚਿਆਂ ਨੂੰ ਛੁਡਵਾਉਣ ਦੇ ਲਈ ਛੇਤੀ ਤੋਂ ਛੇਤੀ ਕੋਈ ਠੋਸ ਕਦਮ ਚੁੱਕੇ।
ਮੰਗਲਵਾਰ ਨੂੰ ਪਿੰਡ ਹਵੇਲੀ ਵਿਚ ਚੰਦਰ ਸ਼ੇਖਰ ਦੀ ਮਾਤਾ ਰਣਜੀਤ ਕੌਰ, ਪਿਤਾ ਮਨਜੀਤ ਸਿੰਘ, ਭੈਣ ਕਮਲਜੀਤ ਕੌਰ ਅਤੇ ਤਾਇਆ ਵਿਜੇ ਲਾਲ ਨੇ ਦੱਸਿਆ, ਉਨ੍ਹਾਂ ਨੇ ਬਾਕੀ 9 ਨੌਜਵਾਨਾਂ ਦੇ ਪਰਿਵਾਰਾਂ ਨੂੰ ਇਕੱਠਾ ਕਰਕੇ ਪੁੱਤਰਾਂ ਨੂੰ ਛੁਡਾਉਣ ਦੀ ਅਪੀਲ ਐਸਪੀ ਸਿੰਘ ਓਬਰਾਏ ਨੂੰ ਕੀਤੀ ਸੀ। 10 ਮਹੀਨੇ ਤੋਂ ਉਨ੍ਹਾਂ ਦੇ ਸੰਪਰਕ ਵਿਚ ਸੀ।ਓਬਰਾਏ ਨੇ ਸਾਰੇ ਖ਼ਰਚ ਦਾ ਪ੍ਰਬੰਧ ਅਪਣੇ ਵਲੋਂ ਕੀਤਾ ਹੈ।
ਚੰਦਰ ਸ਼ੇਖਰ ਦੀ ਮਾਂ ਰਣਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ 80 ਹਜ਼ਾਰ ਰੁਪਏ ਕਰਜ਼ੇ ਲੈ ਕੇ ਬੇਟੇ ਨੂੰ 4 ਦਸੰਬਰ 2014 ਨੂੰ ਦੁਬਈ ਕੰਮ ਕਰਨ ਭੇਜਿਆ ਸੀ। ਤਾਕਿ ਉਨ੍ਹਾਂ ਦੇ ਗਰੀਬੀ ਦੂਰ ਹੋ ਸਕੇ। ਉਸ ਨੇ 11 ਮਹੀਨੇ ਵਿਚ ਦੋ ਵਾਰ 13 ਹਜ਼ਾਰ ਅਤੇ 16 ਹਜ਼ਾਰ ਰੁਪÂ ਘਰ ਭੇਜੇ ਲੇਕਿਨ ਇਸ ਤੋਂ ਬਾਅਦ ਉਸ ਦਾ ਕੋਈ ਫ਼ੋਨ ਨਹੀਂ ਆਇਆ। ਰਣਜੀਤ ਕੌਰ ਮੁਤਾਬਕ ਇਕ ਦਿਨ ਉਨ੍ਹਾਂ ਚੰਦਰ ਸ਼ੇਖਰ ਦਾ ਫ਼ੋਨ ਆਇਆ। ਉਨ੍ਹਾਂ ਕਿਹਾ ਕਿ ਦਸ ਪੰਜਾਬੀ ਨੌਜਵਾਨਾਂ ਦੇ ਨਾਲ ਕਤਲ ਕੇਸ ਵਿਚ ਦੁਬਈ ਦੀ ਆਲਾਈਨ ਸ਼ਹਿਰ ਦੀ ਜੇਲ੍ਹ ਵਿਚ ਦੋ ਮਹੀਨੇ ਤੋਂ ਬੰਦ ਹੈ। ਉਸ ਨੇ ਦੱਸਿਆ ਕਿ ਉਹ ਟਾਈਲਾਂ ਬਣਾਉਣ ਦਾ ਕੰਮ ਕਰਦੇ ਸੀ। ਕੰਮ ਖਤਮ ਕਰਕੇ ਕਮਰੇ ਵਿਚ ਪਹੁੰਚੇ ਤਾਂ ਨਾਲ ਵਾਲੇ ਕਮਰੇ ਵਿਚ ਕੁਝ ਨੌਜਵਾਨ ਲੜ ਪਏ। ਇਸ ਵਿਚ ਇਜਾਜ ਦੀ ਮੌਤ ਹੋ ਗਈ। ਲੜਾਈ ਤੋਂ ਬਾਅਦ ਕੁਝ ਨੌਜਵਾਨ ਉਨ੍ਹਾਂ ਦੇ ਕਮਰੇ ਵਿਚ ਵੜ ਗਏ। ਪੁਲਿਸ ਉਨ੍ਹਾਂ ਦੇ ਕਮਰੇ ਵਿਚ ਪਹੁੰਚੀ ਅਤੇ ਕਤਲ ਦੇ ਦੋਸ਼ ਵਿਚ ਉਸ ਨੂੰ ਅਤੇ ਦੋ ਹੋਰ ਪੰਜਾਬੀ ਨੌਜਵਾਨਾਂ ਨੂੰ ਫੜ ਲਿਆ।
ਦੁਬਈ ਦੇ ਆਲਾਈਨ ਸ਼ਹਿਰ ਵਿਚ ਕਤਲ ਹੋਇਆ ਮੁਹੰਮਦ ਇਜਾਜ ਪਾਕਿਸਤਾਨ ਦੇ ਪੇਸ਼ਾਵਰ ਦਾ ਰਹਿਣ ਵਾਲਾ ਸੀ। ਓਬਰਾਏ ਦੀ ਕੋਸ਼ਿਸ਼ਾਂ ਨਾਲ ਹੀ ਉਸ ਦਾ ਘਰ ਲੱਭਿਆ ਗਿਆ। ਇਜਾਜ ਗ਼ਰੀਬ ਪਰਿਵਾਰ ਤੋਂ ਹੈ। ਉਸ ਦੇ ਘਰ ਵਿਚ ਮਾਪੇ ਅਤੇ ਉਸ ਦੇ ਦੋ ਭਰਾ ਹਨ। ਸਰਬਤ ਦਾ ਭਲਾ ਟਰੱਸਟ ਨੇ ਕੇਸ ਅਪਣੇ ਐਡਵੋਕੇਟ ਨੂੰ ਸੌਂਪਿਆ ਹੈ। ਐਸਪੀ ਓਬਰਾਏ ਨੇ ਦੱਸਿਆ ਕਿ ਅਗਲੀ ਸੁਣਵਾਈ 27 ਫਰਵਰੀ ਨੂੰ ਹੈ। ਉਨ੍ਹਾਂ ਉਮੀਦ ਹੈ ਕਿ ਉਹ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਵਾ ਲਵੇਗਾ।