ਯੂਪੀ ਚੋਣਾਂ ਵਿਚ ਪਹਿਲੇ ਗੇੜ ’ਚ 64% ਵੋਟਿੰਗ
ਲਖਨਊ, 11 ਫਰਵਰੀ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ 73 ਸੀਟਾਂ ’ਤੇ 64.22 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਪੋਲਿੰਗ ਸ਼ਾਂਤਮਈ ਰਹੀ। ਮੁੱਖ ਚੋਣ ਅਧਿਕਾਰੀ ਟੀ ਵੈਂਕਟੇਸ਼ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਚੋਣ ਪਰਚੀਆਂ ਖੋਹੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਪਥਰਾਅ ਅਤੇ ਝੜਪਾਂ ਹੋਈਆਂ ਹਨ। 2012 ਦੀਆਂ ਚੋਣਾਂ ਨਾਲੋਂ ਪਹਿਲੇ ਗੇੜ ’ਚ ਇਸ ਵਾਰ ਤਿੰਨ ਫ਼ੀਸਦੀ ਵੱਧ ਵੋਟਿੰਗ ਹੋਈ ਹੈ। ਅਧਿਕਾਰੀ ਮੁਤਾਬਕ ਈਟਾ ’ਚ 73 ਫ਼ੀਸਦੀ, ਮੁਜ਼ੱਫਰਨਗਰ ’ਚ 65 ਫ਼ੀਸਦੀ, ਬੁਲੰਦਸ਼ਹਿਰ ’ਚ 64 ਫ਼ੀਸਦੀ, ਨੋਇਡਾ ’ਚ 60 ਫ਼ੀਸਦੀ ਅਤੇ ਗਾਜ਼ੀਆਬਾਦ ’ਚ 57 ਫ਼ੀਸਦੀ ਵੋਟਾਂ ਪਈਆਂ। ਪਿਛਲੀਆਂ ਚੋਣਾਂ ਦੌਰਾਨ ਇਨ੍ਹਾਂ 73 ਸੀਟਾਂ ’ਚੋਂ ਸਮਾਜਵਾਦੀ ਪਾਰਟੀ ਅਤੇ ਬਸਪਾ ਨੂੰ 24-24, ਭਾਜਪਾ ਨੂੰ 11, ਰਾਸ਼ਟਰੀ ਲੋਕ ਦਲ ਨੂੰ 9 ਅਤੇ ਕਾਂਗਰਸ ਨੂੰ ਪੰਜ ਸੀਟਾਂ ਮਿਲੀਆਂ ਸਨ। ਚੋਣਾਂ ਦਾ ਦੂਜਾ ਗੇੜ 15 ਫਰਵਰੀ ਅਤੇ ਆਖਰੀ ਗੇੜ 8 ਮਾਰਚ ਨੂੰ ਮੁਕੰਮਲ ਹੋਏਗਾ।
ਬਾਗਪੱਤ ਤੋਂ ਮਿਲੀਆਂ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਦੋ ਫਿਰਕਿਆਂ ਦੇ ਮੈਂਬਰਾਂ ਵਿਚਕਾਰ ਬਾਗੂ ਕਾਲੋਨੀ ’ਚ ਉਸ ਸਮੇਂ ਝੜਪ ਹੋ ਗਈ ਜਦੋਂ ਇਕ ਧੜੇ ਨੇ ਦੂਜੇ ਨੂੰ ਵੋਟਾਂ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਮੁਤਾਬਕ ਇਸ ਘਟਨਾ ’ਚ 10 ਵਿਅਕਤੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਅਜੀਤ ਸਿੰਘ ਦੀ ਅਗਵਾਈ ਹੇਠਲੇ ਰਾਸ਼ਟਰੀ ਲੋਕ ਦਲ ਦੇ ਵਰਕਰਾਂ ਵੱਲੋਂ ਜਦੋ ਬਡੌਤ ਇਲਾਕੇ ਦੇ ਲੂਯਾਨ ’ਚ ਦਲਿਤ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਤਾਂ ਉਥੇ ਟਕਰਾਅ ਹੋ ਗਿਆ। ਪੁਲੀਸ ਨੇ ਤਿੰਨ ਪਾਰਟੀ ਵਰਕਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।
ਮੇਰਠ ’ਚ ਭਾਜਪਾ ਦੇ ਵਿਵਾਦਤ ਆਗੂ ਸੰਗੀਤ ਸੋਮ ਦੇ ਭਰਾ ਗਗਨ ਸੋਮ ਨੂੰ ਪੋਲਿੰਗ ਬੂਥ ਅੰਦਰ ਪਿਸਤੌਲ ਲੈ ਕੇ ਜਾਣ ਦੇ ਦੋਸ਼ ਹੇਠ ਪੁਲੀਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਅਧਿਕਾਰੀਆਂ ਮੁਤਾਬਕ ਲਾਇਸੈਂਸੀ ਹਥਿਆਰ ਪੁਲੀਸ ਕੋਲ ਜਮ੍ਹਾਂ ਕਰਾਉਣੇ ਹੁੰਦੇ ਹਨ ਅਤੇ ਸਿਰਫ਼ ਵਿਸ਼ੇਸ਼ ਮਾਮਲਿਆਂ ’ਚ ਇਹ ਕੋਲ ਰੱਖਣ ਦੀ ਛੋਟ ਦਿੱਤੀ ਜਾਂਦੀ ਹੈ। ਪਹਿਲੇ ਗੇੜ ਦੀ ਵੋਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ, ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਦੀਪ ਮਾਥੁਰ, ਭਾਜਪਾ ਤਰਜਮਾਨ ਸ੍ਰੀਕਾਂਤ ਸ਼ਰਮਾ, ਭਾਜਪਾ ਸੰਸਦ ਮੈਂਬਰ ਹੁਕੁਮ ਸਿੰਘ ਦੀ ਧੀ ਮ੍ਰਿਗੰਕਾ ਸਿੰਘ, ਭਾਜਪਾ ਵਿਧਾਇਕ ਸੰਗੀਤ ਸੋਮ, ਸੁਰੇਸ਼ ਰਾਣਾ, ਲਕਸ਼ਮੀਕਾਂਤ ਬਾਜਪਾਈ, ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਜਵਾਈ ਰਾਹੁਲ ਸਿੰਘ (ਐਸਪੀ) ਅਤੇ ਕਲਿਆਣ ਸਿੰਘ ਦੇ ਪੋਤੇ ਸੰਦੀਪ ਸਿੰਘ ਦੀ ਕਿਸਮਤ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ। -ਪੀਟੀਆਈ