ਬੀਐੱਸਐੱਫ ਨੇ ਕਿਸਾਨ ਦੇ ਗੱਡੇ ‘ਚੋਂ 25 ਕਰੋੜ ਦੀ ਹੈਰੋਇਨ ਫੜੀ
ਫਿਰੋਜ਼ਪੁਰ, 11 ਫਰਵਰੀ (ਪੰਜਾਬ ਮੇਲ)-ਹਿੰਦ-ਪਾਕਿ ਸਰਹੱਦ ‘ਤੇ ਸਥਿਤ ਬੀਐੱਸਐੱਫ ਦੀ ਚੌਕੀ ਜਗਦੀਸ਼ ਦੇ ਗੇਟ ਤੋਂ ਕੰਡਿਆਲੀ ਤਾਰ ਪਾਰ ਖੇਤੀ ਕਰਨ ਗਏ ਇਕ ਕਿਸਾਨ ਦੇ ਗੱਡੇ ਵਿੱਚੋਂ ਬੀਐੱਸਐੱਫ ਦੀ 137 ਬਟਾਲੀਅਨ ਦੇ ਜਵਾਨਾਂ ਨੇ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਗਦੀਸ਼ ਚੌਂਕੀ ਦੇ ਗੇਟ ਨੰਬਰ 193 ਸਰਹੱਦੀ ਪਿੱਲਰ ਨੰਬਰ 193/8 ਕੋਲੋਂ ਸ਼ੁੱਕਰਵਾਰ ਸਵੇਰੇ ਕਰਨੈਲ ਸਿੰਘ ਵਾਸੀ ਗੰਧੂ ਕਿਲਚਾ ਤੇ ਕਾਲਾ ਸਿੰਘ ਵਾਸੀ ਦੋਨਾ ਰਹੀਮੇ ਕੇ ਖੇਤੀ ਕਰਨ ਲਈ ਤਾਰੋਂ ਪਾਰ ਗਏ ਸਨ। ਸ਼ਾਮ ਨੂੰ ਪੌਣੇ ਪੰਜ ਵਜੇ ਜਦੋਂ ਕਰਨੈਲ ਸਿੰਘ ਗੱਡਾ ਵਾਪਸ ਲੈ ਕੇ ਆ ਰਹੇ ਸਨ ਤਾਂ ਤਲਾਸ਼ੀ ਦੌਰਾਨ ਗੱਡੇ ਵਿਚੋਂ 5 ਕਿੱਲੋ ਹੈਰੋਇਨ ਬਰਾਮਦ ਹੋਈ।
ਇਸ ਦੌਰਾਨ ਦੋਸ਼ੀ ਭੱਜਣ ਵਿਚ ਕਾਮਯਾਬ ਹੋ ਗਏ। ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਦੋਵੇਂ ਕਿਸਾਨ ਗੱਡਾ ਲੈ ਕੇ ਵਾਪਸ ਆ ਰਹੇ ਸਨ ਤਾਂ ਕੰਡਿਆਲੀ ਤਾਰ ‘ਤੇ ਜਗਦੀਸ਼ ਚੌਂਕੀ ਨੇੜੇ ਬਣੇ ਗੇਟ ਨੰਬਰ 193 ਕੋਲ ਬੀਐੱਸਐੱਫ ਮੁਲਾਜ਼ਮਾਂ ਵੱਲੋਂ ਲਈ ਜਾ ਰਹੀ ਤਲਾਸ਼ੀ ਨੂੰ ਵੇਖ ਕੇ ਗੇਟ ਤੋਂ ਕਾਫੀ ਪਹਿਲਾਂ ਹੀ ਰੁਕ ਗਏ । ਇਸ ਮੌਕੇ ਉਨ੍ਹਾਂ ਗੱਡੇ ਦਾ ਇਕ ਟਾਇਰ ਖੋਲ੍ਹਿਆ ਤੇ ਪੈਂਚਰ ਲਗਵਾਉਣ ਦੇ ਬਹਾਨੇ ਉਥੋਂ ਨਿਕਲ ਗਏ। ਕਾਫੀ ਦੇਰ ਉਨ੍ਹਾਂ ਦੇ ਵਾਪਸ ਨਾ ਆਉਣ ‘ਤੇ ਸ਼ੱਕ ਪੈਣ ‘ਤੇ ਜਦੋਂ ਬੀਐੱਸਐੱਫ ਮੁਲਾਜ਼ਮਾਂ ਵੱਲੋਂ ਗੱਡੇ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਟਾਇਰ ਵਿੱਚੋਂ 5 ਪੈਕੇਟ ਹੈਰੋਇਨ ਦੇ ਬਰਾਮਦ ਹੋਏ। ਬੀਐੱਸਐੱਫ ਮੁਲਾਜ਼ਮਾਂ ਨੇ ਦੱਸਿਆ ਕਿ ਹੋ ਸਕਦਾ ਹੈ ਦੋਸ਼ੀਆਂ ਨੇ ਸੋਚਿਆ ਹੋਵੋ ਕਿ 5 ਵਜੇ ਗੇਟ ਬੰਦ ਹੋ ਜਾਂਦਾ ਹੈ। ਗੇਟ ਬੰਦ ਹੋਣ ਤੋਂ ਪਹਿਲਾਂ ਸ਼ਾਇਦ ਬੀਐੱਸਐੱਫ ਮੁਲਾਜ਼ਮ ਗੱਡੇ ਨੂੰ ਤਾਰੋਂ ਬਾਹਰ ਰੱਖ ਦੇਣਗੇ ਅਤੇ ਉਹ ਦੇਰ ਸ਼ਾਮ ਆ ਕੇ ਲੈ ਜਾਣਗੇ। ਉਨ੍ਹਾਂ ਦੱਸਿਆ ਕਿ ਬਰਾਮਦ ਹੋਏ ਪੰਜ ਪੈਕੇਟ ਇਕ ਇਕ ਕਿੱਲੋ ਦੇ ਹਨ।