ਅਕਾਲੀ ਦਲ ਨੂੰ ਆਪਣੀ ਹੈਟ੍ਰਿਕ ਦਾ ਪੂਰਾ ਭਰੋਸਾ
ਚੰਡੀਗੜ੍ਹ, 12 ਫਰਵਰੀ (ਪੰਜਾਬ ਮੇਲ)- ਮੀਡੀਆ ਰਿਪੋਰਟਾਂ ਤੇ ਸਰਵੇ ਚਾਹੇ ਕੁਝ ਵੀ ਕਹਿਣ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਆਪਣੀ ਹੈਟ੍ਰਿਕ ਦਾ ਪੂਰਾ ਭਰੋਸਾ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਵਿੱਚ ਪਾਰਟੀ ਨੇ ਇਸ ਪ੍ਰਭਾਵ ਨੂੰ ਹੀ ਉਭਾਰਿਆ ਹੈ। ਕੋਰ ਕਮੇਟੀ ਨੇ ਵਿਧਾਨ ਸਭਾ ਚੋਣਾਂ ਲਈ ਅਮਨ-ਅਮਾਨ ਨਾਲ ਵੋਟਾਂ ਪਾਉਣ ਲਈ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਅਕਾਲੀ-ਭਾਜਪਾ ਸਰਕਾਰ ਦੀਆਂ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਤੇ ਬਹੁਪੱਖੀ ਵਿਕਾਸ ਪੱਖੀ ਨੀਤੀਆਂ ਉੱਤੇ ਮੋਹਰ ਲਾਈ ਹੈ।
ਸਵਾਲ ਹੈ ਕਿ ਵਾਕਿਆ ਹੀ ਅਕਾਲੀ ਦਲ ਨੂੰ ਲੋੜੋਂ ਵੱਧ ਭਰੋਸਾ ਹੈ ਜਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਕੇ ਪੰਜਾਬ ਫਤਹਿ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ। ਇਸ ਗੱਲ ਦੀ ਇਸ ਤੋਂ ਵੀ ਪੁਸ਼ਟੀ ਹੁੰਦੀ ਹੈ ਕੋਰ ਕਮੇਟੀ ਮੀਟਿੰਗ ਵਿੱਚ ਅਕਾਲੀ ਦਲ ਨੇ ਫਿਰ ਆਪਣੀ ‘ਪੰਥਕ’ ਦਿਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਅਕਾਲੀ ਦਲ ਨੇ ਕਿਹਾ ਹੈ ਕਿ ਖ਼ਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਨੇ ਫੁੱਟ ਪਾਉਣ ਤੇ ਭੰਬਲਭੂਸਾ ਖੜ੍ਹਾ ਕਰਨ ਦੀ ਸਾਜ਼ਿਸ਼ ਰਚੀ ਹੈ। ਇਹ ਤਾਕਤਾਂ ਨਵੀਨਤਮ ਤਕਨਾਲੋਜੀ ਤੇ ਸੰਚਾਰ ਸਾਧਨਾਂ ਰਾਹੀਂ ਗੁਮਰਾਹਕੁਨ ਪ੍ਰਚਾਰ ਕਰਕੇ ਸਿੱਖ ਭਾਈਚਾਰੇ ਨੂੰ ਕਮਜ਼ੋਰ ਕਰਨ ਤੇ ਪੰਜਾਬੀ ਏਕਤਾ ਨੂੰ ਤੋੜਨ ਦੀ ਤਾਕ ਵਿੱਚ ਹਨ।
ਦਰਅਸਲ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹਾਲਤ ਇਹ ਬਣ ਗਈ ਸੀ ਕਿ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਰਵਾਹ ਨਾ ਕਰਦੇ ਹੋਏ ਡੇਰਾ ਸਿਰਸਾ ਦੀ ਹਮਾਇਤ ਤੱਕ ਲੈ ਲਈ। ਸਿਆਸੀ ਮਾਹਿਰ ਇਸ ਨੂੰ ਅਕਾਲੀ ਦਲ ਲਈ ਆਤਮਘਾਤ ਵਾਲਾ ਫੈਸਲੇ ਦੱਸ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਲਈ ਇਹ ਮੁੱਦਾ ਵਾਕਿਆ ਹੀ ਫੰਦਾ ਬਣ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਮੁੱਦਿਆਂ ਦੀ ਹੀ ਗੂੰਝ ਹੈ। ਅਜਿਹੇ ਵਿੱਚ ਅਕਾਲੀ ਦਲ ਇਹ ਪ੍ਰਭਾਵ ਦੇ ਰਿਹਾ ਹੈ ਕਿ ਪੰਜਾਬ ਵਿੱਚ ਲੋਕ ਉਨ੍ਹਾਂ ਤੋਂ ਖੁਸ਼ ਹਨ। ਇਸ ਲਈ ਉਨ੍ਹਾਂ ਦੀ ਹੀ ਸਰਕਾਰ ਬਣਗੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਕੇ ਕਿਸੇ ਵੀ ਤਰ੍ਹਾਂ ਆਪਣੀ ਫਿਕਰਮੰਦੀ ਦਾ ਪ੍ਰਭਾਵ ਨਹੀਂ ਦੇਣਾ ਚਾਹੁੰਦਾ।