ਆਮ ਆਦਮੀ ਪਾਰਟੀ ਦੀ ਸ਼ਿਕਾਇਤ ਮਗਰੋਂ ਚੋਣ ਕਮਿਸ਼ਨ ਹਰਕਤ ‘ਚ
ਲੁਧਿਆਣਾ, 16 ਫਰਵਰੀ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵੱਖ ਹਲਕਿਆਂ ਦੇ ਵੋਟਿੰਗ ਮਸ਼ੀਨਾਂ ਸਟਰੌਂਗ ਰੂਮ ਦੀ ਚੈਕਿੰਗ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੇ ਦੋ ਮੈਂਬਰੀ ਟੀਮ ਹਿਮਾਚਲ ਪ੍ਰਦੇਸ਼ ਦੇ ਸੀ.ਈ.ਓ. ਨਰਿੰਦਰ ਚੌਹਾਨ ਤੇ ਐਨ.ਸੀ.ਟੀ. ਦਿੱਲੀ ਦੇ ਵਧੀਕ ਚੋਣ ਅਧਿਕਾਰੀ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਗਠਨ ਕੀਤੀ ਹੈ।
ਚੋਣ ਕਮਿਸ਼ਨ ਦੀ ਇਹ ਦੋ ਮੈਂਬਰੀ ਟੀਮ ਜਲੰਧਰ ਤੇ ਤਰਨਤਾਰਨ ਦਾ ਵੀ ਦੌਰਾ ਕਰ ਰਹੀ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਦੱਸਿਆ ਕਿ ਦੋ ਮੈਂਬਰੀ ਟੀਮ ਆਪਣੇ ਦੌਰੇ ਤੋਂ ਬਾਅਦ ਚੋਣ ਕਮਿਸ਼ਨ ਨੂੰ ਆਪਣੀ ਫਾਈਨਲ ਰਿਪੋਰਟ ਦੇਵੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਅਜੇ ਵੀ ਚੋਣ ਕਮਿਸ਼ਨ ਦੀ ਕਾਰਵਾਈ ਉੱਤੇ ਤਸੱਲੀ ਨਹੀਂ ਹੋ ਰਹੀ ਹੈ। ਪਾਰਟੀ ਦੀ ਪੰਜਾਬ ਇਕਾਈ ਨੇ ਇਸ ਦੌਰੇ ਨੂੰ ਰਸਮੀ ਐਲਾਨ ਦਿੱਤਾ ਹੈ। ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਸ਼ਿਕਾਇਤ ਦੇ ਬਾਵਜੂਦ ਲੁਧਿਆਣਾ ਦੇ ਗਿੱਲ ਹਲਕੇ ਦੀ ਰਿਟਰਨਿੰਗ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਯਾਦ ਰਹੇ ਕਿ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀ ਕਿ ਪਟਿਆਲਾ ਵਿੱਚ ਕੁਝ ਅਫ਼ਸਰ ਸਟਰੌਂਗ ਰੂਮ ਵਿੱਚ ਪਈਆਂ ਮਸ਼ੀਨਾਂ ਨੂੰ ਚੁੱਕ ਕੇ ਲੈ ਜਾ ਰਹੇ ਹਨ। ਇਸ ਤੋਂ ਬਾਅਦ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ। ਇਸ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਦੀ ਦੋ ਮੈਂਬਰੀ ਟੀਮ ਵੱਖ-ਵੱਖ ਥਾਵਾਂ ਦਾ ਦੌਰਾ ਕਰ ਕੇ ਹਾਲਤ ਦਾ ਜਾਇਜ਼ਾ ਲੈ ਰਹੀ ਹੈ।