ਮੀਡੀਆ ‘ਤੇ ਭੜਕੇ ਟਰੰਪ
ਵਾਸ਼ਿੰਗਟਨ, 17 ਫਰਵਰੀ (ਪੰਜਾਬ ਮੇਲ)- ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਦੂਜੀ ਵਾਰ ਮੀਡੀਆ ‘ਤੇ ਭੜਕੇ ਹਨ। ਵਾਈਟ ਹਾਊਟ ਵਿੱਚ ਬੁਲਾਈ ਗਈ ਮੀਟਿੰਗ ਤਕਰਬੀਨ ਇੱਕ ਘੰਟਾ ਚੱਲੀ ਜਿਸ ਦੌਰਾਨ ਟਰੰਪ ਨੇ ਕਿਹਾ ਕਿ ਮੀਡੀਆ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਹੈ।
ਟਰੰਪ ਨੇ ਕਿਹਾ, ”ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਅਮਰੀਕਾ ਤੇ ਵਿਦੇਸ਼ ਵਿੱਚ ਉਨ੍ਹਾਂ ਨੂੰ ਵਿਰਾਸਤੀ ਗੜਬੜੀਆਂ ਮਿਲੀਆਂ ਹਲ ਪਰ ਮੀਡੀਆ ਨੇ ਮੇਰੀਆਂ ਉਪਲਬਧੀਆਂ ਨੂੰ ਘਟਾ ਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਉਹ ਵਾਈਟ ਹਾਊਸ ਇਸ ਕਰਕੇ ਆਏ ਹਨ ਤਾਂ ਕਿ ਦੇਸ਼ ਦੀ ਜਨਤਾ ਤੱਕ ਉਨ੍ਹਾਂ ਦੀ ਗੱਲ ਸਿੱਧੇ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਅੱਜ ਪ੍ਰੈੱਸ ਇੰਨੀ ਬੇਈਮਾਨ ਹੋ ਚੁੱਕੀ ਹੈ ਕਿ ਜੇ ਮੈਂ ਇਸ ਬਾਰੇ ਕੁਝ ਨਾ ਬੋਲਿਆ ਤਾਂ ਅਮਰੀਕੀ ਲੋਕਾਂ ਨੂੰ ਪ੍ਰੈੱਸ ਦੇ ਇਸ ਗੈਰਜ਼ਿੰਮੇਦਾਰਾਨਾ ਰਵੱਈਏ ਕਰਕੇ ਬਹੁਤ ਨੁਕਸਾਨ ਝੱਲਣਾ ਪਏਗਾ।”
ਟਰੰਪ ਨੇ ਇਸ ਮੌਕੇ ਆਪਣੀ ਕੈਬਨਿਟ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਤੇ ਕਿਹਾ ਕਿ ਨਵਾਂ ਪ੍ਰਸ਼ਾਸਨ ਇੱਕ ਫਾਈਨ ਟਿਊਨ ਮਸ਼ੀਨ ਵਾਂਗ ਕੰਮ ਕਰ ਰਿਹਾ ਹੈ। ਟਰੰਪ ਨੇ ਕਿਹਾ ਕਿ ਰੂਸ ਨਾਲ ਚੰਗੇ ਸਬੰਧਾਂ ਬਾਰੇ ਵੀ ਮੀਡੀਆ ਉਨ੍ਹਾਂ ਦੇ ਰੁਖ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਰਿਹਾ।