ਹਰੀਕੇ ਝੀਲ ਵਿੱਚ ਚੱਲਣ ਵਾਲੀ ਜਲ ਬੱਸ ਨੂੰ ਲੈ ਉੱਠੇ ਸਵਾਲ
ਸੁਖਬੀਰ ਬਾਦਲ ਦੇ ‘ਡਰਾਮੇ’ ਤੋਂ ਲੋਕ ਹੈਰਾਨ
ਚੰਡੀਗੜ੍ਹ, 19 ਫਰਵਰੀ (ਪੰਜਾਬ ਮੇਲ)- ਉਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਇੱਕ ਵਾਰ ਫਿਰ ਸਵਾਲ ਉੱਠੇ ਹਨ। ਇਹ ਸਵਾਲ ਹਰੀਕੇ ਝੀਲ ਵਿੱਚ ਚੱਲਣ ਵਾਲੀ ਜਲ ਬੱਸ ਨੂੰ ਲੈ ਕੇ ਹਨ। ਦਰਅਸਲ ਹਰੀਕੇ ਝੀਲ ਵਿੱਚ ਚੱਲਣ ਵਾਲੀ ਅਸਲੀ ਜਲ ਬੱਸ ਸ਼ਨੀਵਾਰ ਨੂੰ ਪਹੁੰਚੀ ਹੈ ਪਰ ਸੁਖਬੀਰ ਬਾਦਲ ਪਹਿਲਾਂ ਹੀ ਇੱਕ ਹੋਰ ਬੱਸ ਲਿਆ ਕੇ ਇਸ ਦਾ ਉਦਘਾਟਨ ਵੀ ਕਰ ਚੁੱਕੇ ਹਨ। ਸਵਾਲ ਉੱਠ ਰਹੇ ਹਨ ਕਿ ਸੁਖਬੀਰ ਬਾਦਲ ਨੇ ਚੋਣਾਂ ਤੋਂ ਪਹਿਲਾਂ ਇਹ ‘ਡਰਾਮਾ’ ਕਿਉਂ ਕੀਤਾ।
ਹਾਸਲ ਜਾਣਕਾਰੀ ਮੁਤਾਬਕ ਹੁਣ ਹਰੀਕੇ ਛੀਲ ਵਿੱਚ ਪੁਰਾਣੀ ਪੀਲੀ ਬੱਸ ਦੀ ਥਾਂ ਹੁਣ ਨਵੀਂ ਨੀਲੇ ਰੰਗ ਦੀ ਬੱਸ ਚੱਲੇਗੀ। ਨਵੀਂ ਬੱਸ ਹਰੀਕੇ ਪਹੁੰਚ ਚੁੱਕੀ ਹੈ। ਇੱਥੇ ਪਹੁੰਚੀ ਨਵੀਂ ਬੱਸ ਪਹਿਲੀ ਨਾਲੋਂ ਖੂਬਸੁਰਤ ਹੈ। ਉਂਝ ਇਸ ਬੱਸ ਦੇ ਚੱਲਣ ਲਈ ਅਜੇ ਕਰੀਬ 15 ਦਿਨ ਹੋਰ ਇੰਤਜ਼ਾਰ ਕਰਨਾ ਪਏਗਾ। ਅਧਿਕਾਰੀਆਂ ਮੁਤਾਬਕ ਪਹਿਲਾਂ ਚਲਾਈ ਗਈ ਪੀਲੀ ਬੱਸ ਸਿਰਫ ਟਰੈਲ ਲਈ ਹੀ ਸੀ ਤੇ ਅਸਲ ਬੱਸ ਹੁਣ ਪਹੁੰਚੀ ਹੈ। ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਚੋਣਾਂ ਵਿੱਚ ਲਾਹਾ ਲੈਣ ਲਈ ਪਹਿਲਾਂ ਪੀਲੀ ਬੱਸ ਮੰਗਵਾਈ ਸੀ। ਉਹ ਸਿਰਫ ਉਦਘਾਟਨ ਲਈ ਹੀ ਹਰੀਕੇ ਝੀਲ ਵਿੱਚ ਉੱਤਰੀ ਸੀ। ਉਸ ਤੋਂ ਬਾਅਦ ਗੈਰਾਜ ਦੀ ਸ਼ਾਨ ਬਣ ਕੇ ਹੀ ਰਹਿ ਗਈ ਸੀ।
ਹੈਰਾਨੀ ਦੀ ਗੱਲ਼ ਹੈ ਕਿ ਸਰਕਾਰ ਨੇ ਇਸ ਗੱਲ਼ ਦੀ ਭਾਫ ਤੱਕ ਨਹੀਂ ਨਿਕਲਕਣ ਦਿੱਤੀ ਸੀ ਕਿ ਇਹ ਅਸਲ ਬੱਸ ਨਹੀਂ ਹੈ। ਉਂਝ ਪਹਿਲੀ ਬੱਸ ਦੀ ਲੋਕਾਂ ਨੇ ਅਲੋਚਨਾਂ ਵੀ ਬਹੁਤ ਕੀਤੀ ਸੀ। ਸੋਸ਼ਲ ਮੀਡੀਆ ਉੱਤੇ ਇਸ ਬੱਸ ਦੇ ਡਿਜ਼ਾਈਨ ਬਾਰੇ ਟਿੱਪਣੀ ਕਰਦਿਆਂ ਘੜੁੱਕਾ ਤੱਕ ਦੱਸਿਆ ਗਿਆ ਸੀ। ਇਸ ਦੇ ਬਾਵਜੂਦ ਸੁਖਬੀਰ ਬਾਦਲ ਨੇ ਅਸਲ ਗੱਲ ਨਹੀਂ ਦੱਸੀ ਸੀ। ਉਹ ਇਹੀ ਦਾਅਵਾ ਕਰਦੇ ਰਹੇ ਕਿ ਉਨ੍ਹਾਂ ਨੇ ਵਾਅਦਾ ਪੂਰਾ ਕਰ ਵਿਖਾਇਆ ਹੈ। ਹੁਣ ਸਵਾਲ ਇਹ ਵੀ ਹੈ ਕਿ ਨਵੀਂ ਬੱਸ ਹਰੀਕੇ ਝੀਲ ਵਿੱਚ ਚੱਲ ਵੀ ਸਕੇਗੀ ਕਿਉਂਕਿ ਪੀਲੀ ਬੱਸ ਦੇ ਨਾਂ ਚੱਲਣ ਦਾ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ ਪੂਰਾ ਨਾ ਹੋਣਾ ਦੱਸਿਆ ਗਿਆ ਸੀ। ਜੇਕਰ ਪਾਣੀ ਘੱਟ ਹੋਣ ਕਾਰਨ ਪੀਲੀ ਬੱਸ ਨਹੀਂ ਚੱਲੀ ਸੀ ਤਾਂ ਕੀ ਘੱਟ ਪਾਣੀ ‘ਚ ਇਹ ਨਵੀਂ ਬੱਸ ਚੱਲ ਸਕੇਗੀ ? ਦੂਜੇ ਪਾਸੇ ਜੇਕਰ ਝੀਲ ‘ਚ ਪਾਣੀ ਦਾ ਪੱਧਰ ਵਧਾਇਆ ਜਾਂਦਾ ਹੈ ਤਾਂ ਉਸ ਦੇ ਚੱਲਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਹਨ।